ਤਾਮਿਲਨਾਡੂ ਦੇ ਧਰਮਪੁਰੀ 'ਚ ਇਕ ਵਿਅਕਤੀ 6 ਲੱਖ ਦੀ ਕਾਰ ਲੈਣ ਲਈ 10-10 ਰੁਪਏ ਦੇ ਸਿੱਕੇ ਲੈ ਕੇ ਸ਼ੋਅਰੂਮ 'ਚ ਪਹੁੰਚ ਗਿਆ। ਉਸ ਨੇ ਦੱਸਿਆ ਕਿ ਅਜਿਹਾ ਕਰਕੇ ਉਹ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਹਨ। ਇਸ ਅਨੋਖੇ ਖਰੀਦਦਾਰ ਦਾ ਨਾਂਅ ਵੇਤ੍ਰਿਵੇਲ ਹੈ ਅਤੇ ਉਹ ਅਰੂੜ ਦਾ ਰਹਿਣ ਵਾਲਾ ਹੈ।


ਵੇਤ੍ਰਿਵੇਲ ਨੇ ਦੱਸਿਆ ਕਿ ਉਹ ਇੱਕ ਪ੍ਰਾਇਮਰੀ ਸਕੂਲ ਅਤੇ ਇੱਕ ਟ੍ਰੈਡੀਸ਼ਨਲ ਮੈਡੀਸਿਨ ਸੈਂਟਰ ਚਲਾਉਂਦੇ ਹਨ। ਉਨ੍ਹਾਂ ਦੀ ਮਾਂ ਦੁਕਾਨ ਚਲਾਉਂਦੀ ਹੈ। ਉਨ੍ਹਾਂ ਦੀ ਦੁਕਾਨ 'ਤੇ ਆਉਣ ਵਾਲਾ ਕੋਈ ਵੀ ਗਾਹਕ 10 ਰੁਪਏ ਦੇ ਸਿੱਕੇ ਬਕਾਇਆ ਲੈਣ ਤੋਂ ਇਨਕਾਰ ਕਰ ਦਿੰਦਾ ਹੈ, ਜਿਸ ਕਾਰਨ ਉਨ੍ਹਾਂ ਕੋਲ 10-10 ਰੁਪਏ ਦੇ ਕਾਫੀ ਸਿੱਕੇ ਜਮ੍ਹਾ ਹੋ ਗਏ ਸਨ।


ਵੇਤ੍ਰਿਵੇਲ ਨੇ ਦੱਸਿਆ ਕਿ ਉਹ ਆਪਣੀ ਦੁਕਾਨ 'ਤੇ ਜਮ੍ਹਾ ਸਿੱਕਿਆਂ ਨੂੰ ਬਦਲਵਾਉਣ ਲਈ ਬੈਂਕ ਵੀ ਗਏ ਸਨ। ਪਰ ਬੈਂਕ ਵਾਲਿਆਂ ਨੇ ਇਹ ਸਿੱਕੇ ਲੈਣ ਤੋਂ ਇਨਕਾਰ ਕਰ ਦਿੱਤੇ। ਉਨ੍ਹਾਂ ਕਿਹਾ ਕਿ ਬੈਂਕ 'ਚ ਇੰਨੇ ਸਿੱਕੇ ਗਿਣਨ ਲਈ ਲੋਕ ਨਹੀਂ ਹਨ। ਵੇਤ੍ਰਿਵੇਲ ਨੇ ਪੁੱਛਿਆ, "ਬੈਂਕ ਇਨ੍ਹਾਂ ਸਿੱਕਿਆਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਿਉਂ ਕਰ ਰਹੇ ਹਨ ਜਦੋਂ ਕਿ ਆਰਬੀਆਈ ਨੇ ਇਨ੍ਹਾਂ ਨੂੰ ਬੇਕਾਰ ਘੋਸ਼ਿਤ ਨਹੀਂ ਕੀਤਾ ਹੈ?"


ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਆਂਢ-ਗੁਆਂਢ 'ਚ ਕਈ ਅਜਿਹੇ ਬੱਚੇ ਹਨ ਜੋ 10 ਰੁਪਏ ਦੇ ਸਿੱਕਿਆਂ ਨਾਲ ਖੇਡਦੇ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਅਜਿਹਾ ਕਿਉਂ ਕਰਦੇ ਹਨ? ਤਾਂ ਬੱਚਿਆਂ ਦਾ ਕਹਿਣਾ ਹੈ ਕਿ ਇਹ ਸਿੱਕੇ ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਦਿੱਤੇ ਹਨ, ਕਿਉਂਕਿ ਇਨ੍ਹਾਂ ਦਾ ਕੋਈ ਫ਼ਾਇਦਾ ਨਹੀਂ ਹੈ।


ਇਸ ਤੋਂ ਬਾਅਦ ਵੇਤ੍ਰਿਵੇਲ ਪ੍ਰੇਸ਼ਾਨ ਹੋ ਗਏ ਅਤੇ ਇੱਕ ਮਹੀਨੇ ਤਕ ਢੇਰ ਸਾਰੇ 10-10 ਦੇ ਸਿੱਕੇ ਜੋੜੇ। 6 ਲੱਖ ਰੁਪਏ ਦੇ ਸਿੱਕੇ ਜੋੜਨ ਤੋਂ ਬਾਅਦ ਉਹ ਉਨ੍ਹਾਂ ਸਿੱਕਿਆਂ ਨੂੰ ਲੈ ਕੇ ਕਾਰ ਦੇ ਸ਼ੋਅਰੂਮ 'ਚ ਚਲੇ ਗਏ। ਉਨ੍ਹਾਂ ਨੂੰ ਕਾਰ ਪਸੰਦ ਆਈ ਅਤੇ ਉਨ੍ਹਾਂ ਨੇ ਸ਼ੋਅਰੂਮ ਮਾਲਕ ਨੂੰ ਸਿੱਕਿਆਂ 'ਚ ਪੇਮੈਂਟ ਦੇਣ ਲਈ ਕਿਹਾ। ਪਹਿਲਾਂ ਕਾਰ ਦੇ ਸ਼ੋਅਰੂਮ ਮਾਲਕ ਨੇ ਇਨਕਾਰ ਕਰ ਦਿੱਤਾ, ਪਰ ਬਾਅਦ 'ਚ ਉਹ ਮੰਨ ਗਿਆ।


ਵੇਤ੍ਰਿਵੇਲ ਨੇ ਦੱਸਿਆ ਕਿ ਉਹ ਗੱਡੀ 'ਚ ਲੱਦ ਕੇ ਸਿੱਕੇ ਲੈ ਕੇ ਸ਼ੋਅਰੂਮ ਗਿਆ ਸੀ। ਜਿਵੇਂ ਹੀ ਪੇਮੈਂਟ ਲਈ ਸਿੱਕਿਆਂ ਦੀਆਂ ਬੋਰੀਆਂ ਖੋਲ੍ਹੀਆਂ ਗਈਆਂ ਤਾਂ ਹਰ ਕੋਈ ਹੈਰਾਨ ਰਹਿ ਗਿਆ। ਉਨ੍ਹਾਂ ਦੱਸਿਆ ਕਿ ਅਜਿਹਾ ਕਰਕੇ ਉਹ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਹਨ ਕਿ 10 ਰੁਪਏ ਦੇ ਸਿੱਕੇ ਬੇਕਾਰ ਨਹੀਂ ਹਨ।