ਹਿਮਾਚਲ ਦੇ ਬਿਲਾਸਪੁਰ ਜਿਲ੍ਹੇ 'ਚ ਪੈਂਦੇ ਲਹਿਰੀ ਥਾਣਾ ਖੇਤਰ ਦੇ ਇੱਕ ਇਲਾਕੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ ਪਤੀ ਨੇ ਨਾ ਸਿਰਫ ਆਪਣੀ ਪਤਨੀ ਨੂੰ ਵੇਸਵਾਗਮਨੀ ਲਈ ਮਜਬੂਰ ਕੀਤਾ ਸਗੋਂ ਇਸ ਲਈ ਉਸ ਨੂੰ ਤਸੀਹੇ ਵੀ ਦਿੱਤੇ। ਹੋਟਲ ਵੀ ਉਹ ਖੁਦ ਬੁੱਕ ਕਰਦਾ ਸੀ।
ਜਿਸ ਦਿਨ ਪਤਨੀ ਨੇ ਹੋਟਲ ਜਾਣ ਤੋਂ ਇਨਕਾਰ ਕੀਤਾ ਤਾਂ ਪਤੀ ਨੇ ਉਸ 'ਤੇ ਉਬਲਦਾ ਪਾਣੀ ਸੁੱਟ ਕੇ ਉਸ ਨੂੰ ਸਾੜ ਦਿੱਤਾ। ਮਹਿਲਾ ਨੇ ਆਪਣੇ ਪਤੀ 'ਤੇ ਇਹ ਗੰਭੀਰ ਦੋਸ਼ ਲਗਾਏ ਹਨ।
ਗਰਮ ਪਾਣੀ ਨਾਲ ਝੁਲਸਣ ਤੋਂ ਬਾਅਦ ਔਰਤ ਨੇ ਖੁਦ ਪੁਲਸ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਜ਼ਖਮੀ ਔਰਤ ਨੂੰ ਇਲਾਜ ਲਈ ਸਦਰ ਹਸਪਤਾਲ 'ਚ ਦਾਖਲ ਕਰਵਾਇਆ। ਸਾਰੀ ਘਟਨਾ ਦਾ ਉਦੋਂ ਪਤਾ ਲੱਗਾ ਜਦੋਂ ਜ਼ਖਮੀ ਔਰਤ ਨੂੰ ਇਲਾਜ ਲਈ ਸਦਰ ਹਸਪਤਾਲ ਲਿਆਂਦਾ ਗਿਆ। ਮਹਿਲਾ ਨੇ ਖੁਦ ਆਪਣੇ ਪਤੀ 'ਤੇ ਗੰਭੀਰ ਦੋਸ਼ ਲਗਾਏ ਹਨ ਅਤੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਹੈ। ਮਹਿਲਾ ਛੇ ਸਾਲਾਂ ਤੋਂ ਲਹਿਰੀ ਥਾਣਾ ਖੇਤਰ ਦੇ ਇੱਕ ਇਲਾਕੇ ਵਿੱਚ ਕਿਰਾਏ ਦੇ ਮਕਾਨ ਵਿੱਚ ਆਪਣੇ ਪਤੀ ਨਾਲ ਰਹਿ ਰਹੀ ਸੀ।
ਹੋਟਲ ਜਾਣ ਤੋਂ ਇਨਕਾਰ ਕਰਨ 'ਤੇ ਵਿਵਾਦ
ਜ਼ਖਮੀ ਔਰਤ ਦਾ ਕਹਿਣਾ ਹੈ ਕਿ ਉਸ ਦਾ ਪਤੀ ਉਸ ਨੂੰ ਹੋਟਲ 'ਚ ਭੇਜ ਕੇ ਦੇਹ ਵਪਾਰ ਕਰਵਾਉਂਦਾ ਸੀ। ਉਸ ਦਾ ਪਤੀ ਇਸ ਕਾਰੋਬਾਰ ਤੋਂ ਰੋਜ਼ਾਨਾ 5000 ਰੁਪਏ ਕਮਾ ਲੈਂਦਾ ਸੀ। ਔਰਤ ਇਸ ਧੰਦੇ ਤੋਂ ਬਾਹਰ ਨਿਕਲਣਾ ਚਾਹੁੰਦੀ ਸੀ ਪਰ ਉਸ ਦਾ ਪਤੀ ਜ਼ਬਰਦਸਤੀ ਕਰਦਾ ਸੀ, ਬਸ ਫੇਰ ਕੀ, ਗ੍ਰਹਸਤੀ ਬਚਾਉਣ ਦੇ ਚੱਕਰ ਵਿਚ ਉਹ ਚਲੇ ਜਾਂਦੀ ਸੀ। ਔਰਤ ਨੇ ਇਹ ਵੀ ਦੋਸ਼ ਲਾਇਆ ਕਿ ਐਤਵਾਰ ਨੂੰ ਉਸ ਦੇ ਪਤੀ ਨੇ ਉਸ ਨੂੰ ਹੋਟਲ ਜਾਣ ਲਈ ਕਿਹਾ ਸੀ ਪਰ ਉਹ ਨਹੀਂ ਜਾਣਾ ਚਾਹੁੰਦੀ ਸੀ। ਇਸ ਝਗੜੇ ਦੌਰਾਨ ਪਤੀ ਨੇ ਗੁੱਸੇ 'ਚ ਆ ਕੇ ਉਸ 'ਤੇ ਗਰਮ ਪਾਣੀ ਸੁੱਟ ਦਿੱਤਾ, ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਈ। ਪਤਨੀ ਨੇ ਦੱਸਿਆ ਕਿ ਉਸ ਦਾ ਪਤੀ ਛੇ ਮਹੀਨਿਆਂ ਤੋਂ ਉਸ ਨੂੰ ਹੋਟਲ ਵਿਚ ਭੇਜ ਰਿਹਾ ਸੀ। ਹੋਟਲ ਨਾ ਜਾਣ 'ਤੇ ਉਹ ਕਈ ਵਾਰ ਮੇਰੀ ਕੁੱਟਮਾਰ ਕਰਦਾ ਸੀ।
ਪੁਲਸ ਨੇ ਪਤੀ ਨੂੰ ਥਾਣੇ ਲਿਆ ਕੇ ਕੀਤੀ ਪੁੱਛਗਿੱਛ
ਮਹਿਲਾ ਦੀ ਸ਼ਿਕਾਇਤ ਤੋਂ ਬਾਅਦ ਥਾਣਾ ਲਹਿਰੀ ਦੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਹਿਰੀ ਥਾਣਾ ਇੰਚਾਰਜ ਦੀਪਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਮਾਮਲੇ ਦੀ ਜਾਣਕਾਰੀ ਹੈ। ਫਿਲਹਾਲ ਜ਼ਖਮੀ ਔਰਤ ਦੇ ਪਤੀ ਨੂੰ ਥਾਣੇ ਲਿਆ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਧਰ, ਸਟੇਸ਼ਨ ਇੰਚਾਰਜ ਦਾ ਕਹਿਣਾ ਹੈ ਕਿ ਜ਼ਖ਼ਮੀ ਔਰਤ ਬਿਨਾਂ ਦੱਸੇ ਪਿਛਲੇ ਪੰਜ ਦਿਨਾਂ ਤੋਂ ਘਰ ਨਹੀਂ ਸੀ। ਇਸ ਤੋਂ ਪਤੀ ਨਾਰਾਜ਼ ਸੀ। ਅੱਜ ਪਤਨੀ ਘਰ ਆਈ। ਇਸ ਦੌਰਾਨ ਪਤੀ ਨੇ ਗੁੱਸੇ 'ਚ ਇਹ ਕਦਮ ਚੁੱਕਿਆ। ਮਾਮਲਾ ਜੋ ਵੀ ਹੋਵੇ, ਜਾਂਚ ਕੀਤੀ ਜਾ ਰਹੀ ਹੈ।