ਨਿਊਯਾਰਕ: ਅਮਰੀਕਾ ਦੇ ਨਿਊਯਾਰਕ ‘ਚ ਬ੍ਰੋਂਕਸ ਚਿੜੀਆਘਰ ‘ਚ ਇੱਕ ਔਰਤ ਜਾਣ ਬੁੱਝਕੇ ਸ਼ੇਰ ਦੇ ਵਾੜੇ ‘ਚ ਚਲੀ ਗਈ। ਉਸ ਸਮੇਂ ਇੱਕ ਅਫਰੀਕਨ ਸ਼ੇਰ ਮੌਜੂਦ ਸੀ। ਇਸ ‘ਤੇ ਚਿੜੀਆਘਰ ਪ੍ਰਸਾਸ਼ਨ ਨੇ ਕਿਹਾ ਕਿ ਮਹਿਲਾ ਨੇ ਇਸ ਹਰਕਤ ਨਾਲ ਖੁਦ ਦੀ ਜਾਨ ਖ਼ਤਰੇ ‘ਚ ਪਾਈ ਤੇ ਇਹ ਨਿਯਮਾਂ ਦਾ ਉਲੰਘਣ ਹੈ।


ਚਿੜੀਆਘਰ ਦੇ ਬੁਲਾਰੇ ਨੇ ਕਿਹਾ ਕਿ ਮਹਿਲਾ ਦੀ ਇਸ ਹਰਕਤ ਨਾਲ ਉਸ ਦੀ ਜਾਨ ਜਾ ਸਕਦੀ ਸੀ ਜਾਂ ਉਹ ਗੰਭੀਰ ਜ਼ਖ਼ਮੀ ਹੋ ਸਕਦੀ ਸੀ। ਇਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ‘ਚ ਬਗੈਰ ਡਰੇ ਮਹਿਲਾ ਸ਼ੇਰ ਦੇ ਵਾੜੇ ‘ਚ ਜਾਂਦੀ ਹੈ। ਸ਼ੇਰ ਉਸ ਦੇ ਕੋਲ ਹੀ ਖੜ੍ਹਾ ਹੈ ਤੇ ਉਹ ਕੁਝ ਕਦਮ ਅੱਗੇ ਵੀ ਵਧਦਾ ਹੈ। ਵੀਡੀਓ ‘ਚ ਕੁਝ ਬੱਚਿਆਂ ਦੀਆਂ ਆਵਾਜ਼ਾਂ ਵੀ ਸੁਣਾਈ ਦੇ ਰਹੀਆਂ ਹਨ।




ਨਿਊਯਾਰਕ ਪੁਲਿਸ ਡਿਟੈਕਟਿਵ ਸੋਫੀਆ ਮੇਸਨ ਨੇ ਦੱਸਿਆ ਕਿ ਕਿਸੇ ਨੇ 911 ‘ਤੇ ਫੋਨ ਨਹੀਂ ਕੀਤਾ। ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ। ਉਨ੍ਹਾਂ ਨੂੰ ਇਸ ਬਾਰੇ ਮੰਗਲਵਾਰ ਨੂੰ ਸੂਚਿਤ ਕੀਤਾ ਗਿਆ। ਉਨ੍ਹਾਂ ਕੋਲ ਇਸ ਬਾਰੇ ਹੋਰ ਕੋਈ ਜਾਣਕਾਰੀ ਨਹੀਂ ਹੈ।


ਪੁਲਿਸ ਨੇ ਬ੍ਰੋਂਕਸ ਚਿੜੀਆਘਰ ‘ਚ ਮਹਿਲਾ ‘ਤੇ ਕੇਸ ਦਰਜ ਕੀਤਾ ਹੈ ਪਰ ਅਜੇ ਤਕ ਇਹ ਸਾਫ ਨਹੀਂ ਹੋ ਸਕਿਆ ਕਿ ਉਹ ਵਾੜੇ ‘ਚ ਕਿਵੇਂ ਪਹੁੰਚੀ ਤੇ ਕਿੰਨੀ ਦੇਰ ਤਕ ਉਹ ਵਾੜੇ ‘ਚ ਰਹੀ। ਗਨੀਮਤ ਹੈ ਕਿ ਇਸ ‘ਚ ਮਹਿਲਾ ਤੇ ਸ਼ੇਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।

ਤਾਜ਼ਾ ਜਾਣਕਾਰੀ ਮੁਤਾਬਕ ਚਿੜੀਆਘਰ ‘ਚ ਸ਼ੇਰ ਕੋਲ ਜਾਣ ਵਾਲੀ ਇਸ ਔਰਤ ਦੀ ਪਛਾਣ ਹੋ ਗਈ ਹੈ। ਸੂਤਰਾਂ ਮੁਤਾਬਕ ਇਸ ਦਾ ਨਾਂ ਮਾਈਹ ਆਰਟੀ (32) ਹੈ। ਪੁਲਿਸ ਹੁਣ ਇਸ ਔ੍ਰਤ ਦੀ ਭਾਲ ਕਰ ਰਹੀ ਹੈ ਤਾਂ ਜੋ ਇਸ `ਤੇ ਬਣਦੀ ਕਾਰਵਾਈ ਕੀਤੀ ਜਾ ਸਕੇ।