ਮੁੰਬਈ: ਸਾਈਬਰ ਧੋਖਾਧੜੀ ਲਗਾਤਾਰ ਵਧ ਰਹੀ ਹੈ। ਅਜਿਹੀ ਹੀ ਇੱਕ ਘਟਨਾ ਮੁੰਬਈ ਵਿੱਚ ਸਾਹਮਣੇ ਆਈ ਹੈ, ਜਿੱਥੇ ਇੱਕ ਬਜ਼ੁਰਗ ਔਰਤ ਨੂੰ ਆਨਲਾਈਨ ਪੀਜ਼ਾ ਆਰਡਰ ਦੀ ਕੀਮਤ 11 ਲੱਖ ਰੁਪਏ ਗੁਆ ਕੇ ਚੁੱਕਾਉਣੀ ਪਈ। ਸਾਈਬਰ ਅਪਰਾਧੀਆਂ ਨੇ ਬਜ਼ੁਰਗ ਔਰਤ ਨਾਲ 11 ਲੱਖ ਰੁਪਏ ਦੀ ਠੱਗੀ ਮਾਰੀ ਹੈ।

ਧੋਖਾਧੜੀ ਦੀ ਘਟਨਾ ਉਸ ਸਮੇਂ ਵਾਪਰੀ ਜਦੋਂ ਬਜ਼ੁਰਗ ਔਰਤ ਪੀਜ਼ਾ ਤੇ ਸੁੱਕੇ ਮੇਵੇ ਆਨਲਾਈਨ ਆਰਡਰ ਕਰਨ ਦੌਰਾਨ ਗੁਆਏ ਪੈਸੇ ਵਾਪਸ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਮੁੰਬਈ ਪੁਲਿਸ ਦੇ ਅਧਿਕਾਰੀ ਅਨੁਸਾਰ ਸਾਈਬਰ ਕ੍ਰਾਈਮ ਦਾ ਖੁਲਾਸਾ ਉਦੋਂ ਹੋਇਆ ਜਦੋਂ ਔਰਤ ਨੇ ਬੀਕੇਸੀ ਪੁਲਿਸ ਸਟੇਸ਼ਨ ਪਹੁੰਚ ਕੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।

ਬਜ਼ੁਰਗ ਔਰਤ ਦੀ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ ਆਈਪੀਸੀ ਦੀ ਧਾਰਾ 420 ਤੇ ਆਈਟੀ ਐਕਟ ਦੀਆਂ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤ ਮੁਤਾਬਕ ਅੰਧੇਰੀ ਦੀ ਰਹਿਣ ਵਾਲੀ ਔਰਤ ਨੇ ਪਿਛਲੇ ਸਾਲ ਜੁਲਾਈ 2020 'ਚ ਪੀਜ਼ਾ ਆਰਡਰ ਕੀਤਾ ਸੀ। ਫੋਨ ਰਾਹੀਂ ਭੁਗਤਾਨ ਕਰਨ ਦੌਰਾਨ ਉਸ ਦੇ 9999 ਰੁਪਏ ਗਾਇਬ ਹੋ ਗਏ।

ਇਸੇ ਤਰ੍ਹਾਂ 29 ਅਕਤੂਬਰ ਨੂੰ ਸ਼ਿਕਾਇਤਕਰਤਾ ਦੇ ਖਾਤੇ ਵਿੱਚੋਂ 1496 ਰੁਪਏ ਸੁੱਕੇ ਮੇਵੇ ਮੰਗਵਾਉਣ ਸਮੇਂ ਗਾਇਬ ਹੋ ਗਏ। ਇਨ੍ਹਾਂ ਦੋਵਾਂ ਮਾਮਲਿਆਂ 'ਚ ਗੁਆਚੀ ਹੋਈ ਰਕਮ ਵਾਪਸ ਹਾਸਲ ਕਰਨ ਲਈ ਔਰਤ ਨੇ ਗੂਗਲ ਸਰਚ ਦੌਰਾਨ ਮਿਲੇ ਇੱਕ ਫੋਨ ਨੰਬਰ 'ਤੇ ਸੰਪਰਕ ਕੀਤਾ, ਜਿਸ ਨੂੰ ਇੱਕ ਸਾਈਬਰ ਠੱਗ ਦੁਆਰਾ ਫਰਜ਼ੀ ਨੰਬਰ ਦੇ ਤੌਰ 'ਤੇ ਪਾ ਰੱਖਿਆ ਸੀ।

ਸਾਈਬਰ ਠੱਗ ਨੇ ਉਨ੍ਹਾਂ ਨੂੰ ਫ਼ੋਨ 'ਤੇ ਪੈਸੇ ਵਾਪਸ ਦਿਵਾਉਣ ਦਾ ਵਾਅਦਾ ਕੀਤਾ। ਫਿਰ ਉਸ ਨੇ ਬਜ਼ੁਰਗ ਔਰਤ ਨੂੰ ਆਪਣੇ ਮੋਬਾਈਲ ਫੋਨ 'ਤੇ ਇੱਕ ਐਪਲੀਕੇਸ਼ਨ ਡਾਊਨਲੋਡ ਕਰਨ ਲਈ ਕਿਹਾ। ਇਸ ਨਾਲ ਉਸ ਨੂੰ ਔਰਤ ਦੇ ਡਿਵਾਈਸ ਤਕ ਪਹੁੰਚ ਮਿਲੀ। ਇਸ ਨਾਲ ਸਾਈਬਰ ਅਪਰਾਧੀ ਨੇ ਸ਼ਿਕਾਇਤਕਰਤਾ ਦੇ ਫੋਨ ਉਸ ਦੇ ਬੈਂਕ ਖਾਤੇ ਦੇ ਵੇਰਵੇ ਤੇ ਪਾਸਵਰਡ ਆਦਿ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਤੋਂ ਬਾਅਦ ਸਾਈਬਰ ਅਪਰਾਧੀ ਨੇ 14 ਨਵੰਬਰ ਤੋਂ 1 ਦਸੰਬਰ 2021 ਦਰਮਿਆਨ ਔਰਤ ਦੇ ਖਾਤੇ ਤੋਂ 11.78 ਲੱਖ ਰੁਪਏ ਟਰਾਂਸਫਰ ਕੀਤੇ।

ਸ਼ਿਕਾਇਤਕਰਤਾ ਨੇ ਇਸ ਬਾਰੇ ਪਤਾ ਲੱਗਣ 'ਤੇ ਮੁੰਬਈ ਪੁਲਿਸ ਨਾਲ ਸੰਪਰਕ ਕੀਤਾ। ਮੁੰਬਈ ਪੁਲਿਸ ਇਸ ਘਟਨਾ ਬਾਰੇ ਜਾਣ ਕੇ ਹੈਰਾਨ ਰਹਿ ਗਈ। ਪੀੜਤ ਔਰਤ ਤੋਂ ਸਾਰੀ ਜਾਣਕਾਰੀ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਸੀਨੀਅਰ ਨਾਗਰਿਕਾਂ ਸਮੇਤ ਸਾਰੇ ਲੋਕਾਂ ਨੂੰ ਆਨਲਾਈਨ ਲੈਣ-ਦੇਣ ਦੌਰਾਨ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ। ਕੁਝ ਦਿਨ ਪਹਿਲਾਂ ਗ੍ਰੇਟਰ ਨੋਇਡਾ 'ਚ ਇਕ ਔਰਤ ਨੂੰ ਸਾਈਬਰ ਠੱਗਾਂ ਨੇ ਇਸੇ ਤਰ੍ਹਾਂ ਦੇ ਝਾਂਸੇ 'ਚ ਫਸਾ ਕੇ ਉਸ ਦੇ ਖਾਤੇ 'ਚੋਂ 13 ਲੱਖ ਰੁਪਏ ਕੱਢ ਲਏ ਸਨ।



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490