ਜਬਲਪੁਰ : ਤੁਹਾਨੂੰ ਇਹ ਸੁਣ ਕੇ ਹੈਰਾਨੀ ਹੋਵੇਗੀ ਕਿ ਅੰਬ ਦੀ ਕੀਮਤ 2.50 ਲੱਖ ਰੁਪਏ ਪ੍ਰਤੀ ਕਿਲੋ ਹੈ, ਪਰ ਅਸਲ 'ਚ ਮੱਧ ਪ੍ਰਦੇਸ਼ ਦੇ ਜਬਲਪੁਰ 'ਚ ਅੰਬ ਪ੍ਰੇਮੀ ਅਜਿਹਾ ਅੰਬ ਉਗਾ ਰਹੇ ਹਨ, ਜਿਸ ਦੀ ਕੀਮਤ ਜਾਪਾਨ 'ਚ 2.50 ਲੱਖ ਰੁਪਏ ਪ੍ਰਤੀ ਕਿਲੋ ਹੈ।


ਜਬਲਪੁਰ ਦੇ ਸੰਕਲਪ ਸਿੰਘ ਦੇ ਲਗਭਗ ਸਾਢੇ 12 ਏਕੜ 'ਚ 2 ਬਾਗ ਹਨ, ਜਿਨ੍ਹਾਂ 'ਚ ਅੰਬਾਂ ਦੀ ਖੇਤੀ ਕੀਤੀ ਜਾਂਦੀ ਹੈ। ਇਨ੍ਹਾਂ ਦੋਵਾਂ ਬਾਗਾਂ 'ਚ ਉਨ੍ਹਾਂ ਨੇ ਵੱਖ-ਵੱਖ ਕਿਸਮਾਂ ਦੇ ਅੰਬਾਂ ਦੇ ਦਰੱਖਤ ਲਗਾਏ ਹਨ। ਇਸ ਪਲਾਂਟੇਸ਼ਨ 'ਚ ਹਾਪੁਸ ਦੇ ਅੰਬ ਤੋਂ ਲੈ ਕੇ ਜਾਪਾਨ ਦੇ 'ਟੋਇਯੋ ਨੋ ਟਮੈਂਗੋ’ ਤੱਕ ਦੀ ਪ੍ਰਜਾਤੀ ਵੀ ਹੈ। ਇਸ ਦੀ ਖ਼ਾਸੀਅਤ ਇਹ ਹੈ ਕਿ ਇਹ ਅੰਬ ਜਾਪਾਨ 'ਚ 2.50 ਲੱਖ ਰੁਪਏ ਪ੍ਰਤੀ ਕਿਲੋ ਤੱਕ ਵਿਕਦਾ ਹੈ।


ਸੰਕਲਪ ਸਿੰਘ ਨੇ ਸਾਲ 2013 'ਚ ਬਾਗਬਾਨੀ ਸ਼ੁਰੂ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਅੰਬਾਂ ਦੀ ਖੇਤੀ ਵੱਲ ਧਿਆਨ ਦਿੱਤਾ। ਇਸ ਸਮੇਂ ਉਨ੍ਹਾਂ ਦੇ ਬਾਗ 'ਚ 24 ਤੋਂ ਵੱਧ ਕਿਸਮਾਂ ਦੇ ਦਰੱਖਤ ਲੱਗੇ ਹੋਏ ਹਨ। ਜਾਪਾਨ ਦੇ 'ਟੋਇਯੋ ਨੋ ਟਮੈਂਗੋ' ਨਾਂਅ ਦੀ ਪ੍ਰਜਾਤੀ ਦਾ ਪੌਦਾ ਉਨ੍ਹਾਂ ਨੂੰ ਇੱਕ ਵਿਅਕਤੀ ਤੋਂ ਯਾਤਰਾ ਦੌਰਾਨ ਮਿਲਿਆ ਸੀ। ਉਹ ਦੱਸਦੇ ਹਨ ਕਿ ਸਭ ਤੋਂ ਮਹਿੰਗੀ ਨਸਲ ਟੋਇਓ ਨੋ ਟਮੈਂਗੋ, ਜੋ ਦਿਖਣ 'ਚ ਆਕਰਸ਼ਕ ਹੈ, ਉਨ੍ਹਾਂ ਨੇ ਪਹਿਲਾ ਫਲ ਬਾਬਾ ਮਹਾਕਾਲ ਦੇ ਦਰਬਾਰ 'ਚ ਭੇਟ ਕੀਤਾ ਸੀ। ਇਸ ਅੰਬ ਦਾ ਭਾਰ ਔਸਤਨ 900 ਗ੍ਰਾਮ ਹੁੰਦਾ ਹੈ। ਇਹੀ ਕਾਰਨ ਹੈ ਕਿ ਇਸ ਅੰਬ ਨੂੰ ਦੇਖਣ ਲਈ ਵੱਡੀ ਗਿਣਤੀ 'ਚ ਲੋਕ ਉਨ੍ਹਾਂ ਦੇ ਬਾਗ 'ਚ ਆਉਂਦੇ ਹਨ।


ਸੰਕਲਪ ਸਿੰਘ ਨੂੰ ਅੰਬਾਂ ਦੀ ਖੇਤੀ ਨੇ ਦੇਸ਼ ਅਤੇ ਦੁਨੀਆਂ 'ਚ ਇੱਕ ਨਵੀਂ ਪਛਾਣ ਦਿੱਤੀ ਹੈ। ਉਹ ਦੱਸਦੇ ਹਨ ਕਿ ਪਹਿਲਾਂ ਰਾਤ ਵੇਲੇ ਇਸ ਅੰਬ ਦੀ ਰਾਖੀ ਕਰਨਾ ਉਨ੍ਹਾਂ ਲਈ ਔਖਾ ਕੰਮ ਸੀ। ਇਸੇ ਕਰਕੇ ਉਨ੍ਹਾਂ ਨੇ 12 ਕੁੱਤੇ ਪਾਲੇ ਹੋਏ ਹਨ, ਜੋ ਰਾਤ ਪਹਿਰੇਦਾਰੀ ਕਰਦੇ ਸਨ, ਪਰ ਉਨ੍ਹਾਂ ਨੂੰ ਦਿਨ ਵੇਲੇ ਸੁਰੱਖਿਆ ਗਾਰਡ ਰੱਖਣੇ ਪੈ ਰਹੇ ਹਨ। ਇਸ ਦੇ ਬਾਵਜੂਦ ਅੰਬ ਚੋਰੀ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ।


ਟੋਇਓ ਨੋ ਟਮੈਂਗੋ ਦੀ ਜਾਪਾਨ 'ਚ ਭਾਵੇਂ ਕੀਮਤ ਢਾਈ ਲੱਖ ਰੁਪਏ ਹੋਵੇ, ਪਰ ਭਾਰਤ 'ਚ ਉਨ੍ਹਾਂ ਨੂੰ ਅਜੇ ਤੱਕ ਇਹ ਕੀਮਤ ਨਹੀਂ ਮਿਲੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਅੰਬ ਮਹਿੰਗਾ ਹੈ ਅਤੇ ਆਰਥਿਕ ਤੌਰ 'ਤੇ ਸਮਰੱਥ ਲੋਕ ਹੀ ਇਸ ਨੂੰ ਖਰੀਦਦੇ ਹਨ। ਜੀ ਹਾਂ ਇਹ ਦੇਸ਼ 'ਚ ਵੀ 50 ਹਜ਼ਾਰ ਰੁਪਏ ਪ੍ਰਤੀ ਕਿਲੋ ਤੱਕ ਵਿਕਿਆ ਹੈ। ਉਹ ਇਸ ਬਾਗ 'ਚ ਇੱਕ ਰੈਸਟੋਰੈਂਟ ਵੀ ਚਲਾਉਂਦੇ ਹਨ ਅਤੇ ਇੱਥੇ ਆਉਣ ਵਾਲੇ ਲੋਕਾਂ ਲਈ ਅੰਬ ਖਿੱਚ ਦਾ ਕੇਂਦਰ ਹੁੰਦਾ ਹੈ।