Private Bank Hostage Wife as husband not paid Loan EMI: ਜੇਕਰ ਕੋਈ ਬੈਂਕ ਲੋਨ ਦੀ ਕਿਸ਼ਤ ਨਹੀਂ ਚੁਕਾਉਂਦਾ ਤਾਂ ਬੈਂਕ ਵਾਲੇ ਉਸ ਦੀ ਪਤਨੀ ਨੂੰ ਵੀ ਉਠਾ ਕੇ ਲੈ ਜਾ ਸਕਦੇ ਹਨ। ਅਜਿਹਾ ਮਾਮਲਾ ਉੱਤਰ ਪ੍ਰਦੇਸ਼ ਦੇ ਝਾਂਸੀ ਜ਼ਿਲ੍ਹੇ ਵਿੱਚ ਸਾਹਮਣੇ ਆਇਆ ਹੈ ਜਿਸ ਦੀ ਕਾਫੀ ਚਰਚਾ ਹੋ ਰਹੀ ਹੈ। ਇਹ ਹਰਕਤ ਇੱਕ ਪ੍ਰਾਈਵੇਟ ਬੈਂਕ ਵੱਲੋਂ ਕੀਤੀ ਗਈ ਹੈ। ਦਰਅਸਲ ਕਰਜ਼ਦਾਰ ਨੇ ਜਦੋਂ ਬੈਂਕ ਦੀ ਕਿਸ਼ਤ ਜਮ੍ਹਾਂ ਨਹੀਂ ਕਰਵਾਈ ਤਾਂ ਬੈਂਕ ਨੇ ਕਿਸ਼ਤ ਦੀ ਥਾਂ ਉਸ ਦੀ ਪਤਨੀ ਨੂੰ ਹੀ ਜਮ੍ਹਾਂ ਕਰ ਲਿਆ। ਕਰਜ਼ੇ ਦੀ ਕਿਸ਼ਤ ਨਾ ਦੇਣ ਦੇ ਦੋਸ਼ ਵਿੱਚ ਔਰਤ ਨੂੰ 5 ਘੰਟੇ ਬੈਂਕ ਵਿੱਚ ਬਿਠਾਈ ਰੱਖਿਆ। ਸੂਚਨਾ ਮਿਲਣ 'ਤੇ ਪੁਲਿਸ ਪਹੁੰਚੀ ਤੇ ਔਰਤ ਨੂੰ ਛੁਡਵਾਇਆ।
ਹਾਸਲ ਜਾਣਕਾਰੀ ਮੁਤਾਬਕ ਇਹ ਪੂਰਾ ਮਾਮਲਾ ਝਾਂਸੀ ਦੇ ਮੋਨਥਾ ਥਾਣਾ ਖੇਤਰ ਦਾ ਹੈ। ਇੱਕ ਵਿਅਕਤੀ ਵੱਲੋਂ ਕਰਜ਼ੇ ਦੀ ਕਿਸ਼ਤ ਨਾ ਦੇਣ 'ਤੇ ਇੱਕ ਪ੍ਰਾਈਵੇਟ ਬੈਂਕ ਦੇ ਕਰਮਚਾਰੀਆਂ ਨੇ ਕਥਿਤ ਤੌਰ 'ਤੇ ਔਰਤ ਨੂੰ ਘੰਟਿਆਂ ਤੱਕ ਬੈਂਕ ਵਿੱਚ ਬੰਧਕ ਬਣਾਈ ਰੱਖਿਆ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਔਰਤ ਦੇ ਪਤੀ ਨੇ ਡਾਇਲ 112 'ਤੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਮੌਕੇ 'ਤੇ ਪਹੁੰਚੀ ਤੇ ਔਰਤ ਨੂੰ ਛੁਡਾਇਆ।
ਇਹ ਮਾਮਲਾ ਬਮਰੌਲੀ ਦੇ ਆਜ਼ਾਦ ਨਗਰ ਇਲਾਕੇ ਵਿੱਚ ਸਥਿਤ ਇੱਕ ਨਿੱਜੀ ਸਮੂਹ ਕਰਜ਼ਾ ਦੇਣ ਵਾਲੇ ਬੈਂਕ ਨਾਲ ਸਬੰਧਤ ਹੈ। ਪੁੰਛ ਥਾਣਾ ਖੇਤਰ ਦੇ ਬਾਬਈ ਰੋਡ ਦੇ ਰਹਿਣ ਵਾਲੇ ਰਵਿੰਦਰ ਵਰਮਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਪਤਨੀ ਪੂਜਾ ਵਰਮਾ ਨੂੰ ਸੋਮਵਾਰ ਦੁਪਹਿਰ 12 ਵਜੇ ਤੋਂ ਬੈਂਕ ਦੇ ਅੰਦਰ ਜ਼ਬਰਦਸਤੀ ਬਿਠਾਇਆ ਗਿਆ। ਬੈਂਕ ਕਰਮਚਾਰੀਆਂ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਔਰਤ ਨੂੰ ਉਦੋਂ ਤੱਕ ਨਹੀਂ ਛੱਡਿਆ ਜਾਵੇਗਾ ਜਦੋਂ ਤੱਕ ਪਤੀ ਬਕਾਇਆ ਕਰਜ਼ੇ ਦੀ ਰਕਮ ਜਮ੍ਹਾ ਨਹੀਂ ਕਰਵਾ ਦਿੰਦਾ।
ਪਤੀ ਨੇ ਦੱਸਿਆ ਕਿ ਉਸ ਨੇ ਬੈਂਕ ਕਰਮਚਾਰੀਆਂ ਨੂੰ ਕਈ ਵਾਰ ਬੇਨਤੀ ਕੀਤੀ ਕਿ ਉਹ ਇਸ ਸਮੇਂ ਕਿਸ਼ਤ ਦੇਣ ਤੋਂ ਅਸਮਰੱਥ ਹੈ ਪਰ ਬੈਂਕ ਕਰਮਚਾਰੀਆਂ ਨੇ ਕੋਈ ਗੱਲ ਨਹੀਂ ਸੁਣੀ ਤੇ ਪੈਸੇ ਲਈ ਦਬਾਅ ਪਾਉਂਦੇ ਰਹੇ। ਅੰਤ ਵਿੱਚ ਥੱਕੇ-ਟੁੱਟੇ ਪਤੀ ਨੇ ਡਾਇਲ 112 'ਤੇ ਜਾਣਕਾਰੀ ਦਿੱਤੀ। ਜਾਣਕਾਰੀ ਮਿਲਣ ਤੋਂ ਬਾਅਦ ਜਿਵੇਂ ਹੀ ਪੀਆਰਵੀ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਬੈਂਕ ਕਰਮਚਾਰੀ ਘਬਰਾ ਗਏ। ਬੈਂਕ ਕਰਮਚਾਰੀਆਂ ਨੇ ਤੁਰੰਤ ਔਰਤ ਨੂੰ ਛੱਡ ਦਿੱਤਾ।
ਪੁਲਿਸ ਪੁੱਛਗਿੱਛ ਦੌਰਾਨ ਬੈਂਕ ਕਰਮਚਾਰੀਆਂ ਨੇ ਦਾਅਵਾ ਕੀਤਾ ਕਿ ਔਰਤ ਖੁਦ ਬੈਂਕ ਵਿੱਚ ਬੈਠੀ ਸੀ ਤੇ ਉਸ ਦਾ ਪਤੀ ਕਿਸ਼ਤ ਦੀ ਰਕਮ ਲੈਣ ਗਿਆ ਸੀ। ਬਾਅਦ ਵਿੱਚ ਪੁਲਿਸ ਨੇ ਔਰਤ ਤੇ ਉਸ ਦੇ ਪਤੀ ਨੂੰ ਕੋਤਵਾਲੀ ਮੋਂਡ ਭੇਜ ਦਿੱਤਾ ਤੇ ਬੈਂਕ ਕਰਮਚਾਰੀਆਂ ਨੂੰ ਵੀ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ। ਥਾਣੇ ਵਿੱਚ ਔਰਤ ਪੂਜਾ ਵਰਮਾ ਨੇ ਪੁਲਿਸ ਨੂੰ ਲਿਖਤੀ ਅਰਜ਼ੀ ਦੇ ਕੇ ਆਪਣੀ ਮੁਸ਼ਕਲ ਦੱਸੀ।
ਔਰਤ ਨੇ ਦੋਸ਼ ਲਾਇਆ ਕਿ ਉਸਨੇ ਬੈਂਕ ਤੋਂ 40,000 ਰੁਪਏ ਦਾ ਨਿੱਜੀ ਕਰਜ਼ਾ ਲਿਆ ਸੀ, ਜਿਸ ਦੀ ਮਹੀਨਾਵਾਰ ਕਿਸ਼ਤ 2,120 ਰੁਪਏ ਸੀ। ਹੁਣ ਤੱਕ ਉਨ੍ਹਾਂ ਨੇ 11 ਕਿਸ਼ਤਾਂ ਦਾ ਭੁਗਤਾਨ ਕਰ ਦਿੱਤਾ ਹੈ, ਪਰ ਬੈਂਕ ਵਿੱਚ ਸਿਰਫ਼ 8 ਕਿਸ਼ਤਾਂ ਦਿਖਾਈਆਂ ਜਾ ਰਹੀਆਂ ਹਨ। ਉਸ ਨੇ ਦੋਸ਼ ਲਾਇਆ ਕਿ ਬੈਂਕ ਦੇ ਏਜੰਟ ਕੌਸ਼ਲ ਤੇ ਧਰਮਿੰਦਰ ਨੇ ਉਸ ਦੀਆਂ ਤਿੰਨ ਕਿਸ਼ਤਾਂ ਦੇ ਪੈਸੇ ਜਮ੍ਹਾ ਨਹੀਂ ਕਰਵਾਏ ਤੇ ਗਬਨ ਕੀਤਾ।
ਔਰਤ ਨੇ ਇਹ ਵੀ ਦੱਸਿਆ ਕਿ ਸੋਮਵਾਰ ਨੂੰ ਬੈਂਕ ਦੇ ਸੀਓ ਸੰਜੇ ਯਾਦਵ, ਜੋ ਮੱਧ ਪ੍ਰਦੇਸ਼ ਦੇ ਟੀਕਮਗੜ੍ਹ ਦੇ ਰਹਿਣ ਵਾਲੇ ਹਨ, ਉਸ ਦੇ ਘਰ ਪਹੁੰਚੇ ਤੇ ਬਾਕੀ ਰਕਮ ਜਮ੍ਹਾ ਕਰਵਾਉਣ ਲਈ ਦਬਾਅ ਪਾਇਆ। ਜਦੋਂ ਉਸ ਨੇ ਆਪਣੀ ਅਸਮਰੱਥਾ ਜ਼ਾਹਰ ਕੀਤੀ ਤਾਂ ਉਸ ਨੂੰ ਤੇ ਉਸ ਦੇ ਪਤੀ ਨੂੰ ਜ਼ਬਰਦਸਤੀ ਬੈਂਕ ਲਿਆਂਦਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ 5 ਘੰਟੇ ਬੈਂਕ ਵਿੱਚ ਬਿਠਾਇਆ ਗਿਆ।
ਇਸ ਮਾਮਲੇ 'ਤੇ ਬੈਂਕ ਮੈਨੇਜਰ ਅਨੁਜ ਕੁਮਾਰ ਨੇ ਸਪੱਸ਼ਟ ਕੀਤਾ ਕਿ ਔਰਤ ਪਿਛਲੇ 7 ਮਹੀਨਿਆਂ ਤੋਂ ਕਿਸ਼ਤ ਜਮ੍ਹਾ ਨਹੀਂ ਕਰਵਾ ਰਹੀ ਸੀ, ਇਸ ਲਈ ਉਸ ਨੂੰ ਬੁਲਾਇਆ ਗਿਆ ਸੀ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਔਰਤ ਆਪਣੇ ਪਤੀ ਨਾਲ ਆਈ ਸੀ ਤੇ ਖੁਦ ਬੈਂਕ ਵਿੱਚ ਬੈਠੀ ਸੀ, ਉਸ ਨੂੰ ਜ਼ਬਰਦਸਤੀ ਨਹੀਂ ਰੋਕਿਆ ਗਿਆ। ਇਸ ਸਬੰਧੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੀੜਤ ਔਰਤ ਵੱਲੋਂ ਸ਼ਿਕਾਇਤ ਪੱਤਰ ਵਿੱਚ ਲਗਾਏ ਗਏ ਦੋਸ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬੈਂਕ ਕਰਮਚਾਰੀਆਂ ਵੱਲੋਂ ਲਗਾਏ ਗਏ ਸਾਰੇ ਦੋਸ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਇਸ ਪੂਰੇ ਮਾਮਲੇ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇਗੀ।