ਪਟਨਾ: ਦੁਨੀਆ ਵਿੱਚ ਚੋਰੀਆਂ ਤਾਂ ਰੋਜ਼ਾਨਾ ਹੁੰਦੀਆਂ ਹਨ ਪਰ ਮਹਾਨ ਭਾਰਤ 'ਚ ਮਹਾਨ ਕਾਰਨਾਮੇ ਸੁਣ ਕੇ ਸਭ ਦਾ ਹੋਸ਼ ਉੱਡ ਜਾਂਦੇ ਹਨ। ਇੱਥੇ ਲੰਬੇ-ਲੰਬੇ ਪੁਲ ਤੇ ਸਰਕਾਰੀ ਇਮਾਰਤਾਂ ਤੱਕ ਚੋਰੀ ਹੋ ਜਾਂਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਬਿਹਾਰ 'ਚ ਸਾਹਮਣੇ ਆਇਆ ਹੈ। ਇਨ੍ਹੀਂ ਦਿਨੀਂ ਬਿਹਾਰ 'ਚ ਪੁਲ ਚੋਰੀ ਦੇ ਖੂਬ ਚਰਚੇ ਹੋ ਰਹੇ ਹਨ। ਰੋਹਤਾਸ, ਬਾਂਕਾ ਤੇ ਫਿਰ ਪੂਰਨੀਆ, ਤਿੰਨਾਂ ਜ਼ਿਲ੍ਹਿਆਂ 'ਚ ਇੱਕ ਤੋਂ ਬਾਅਦ ਇੱਕ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਹਨ।



ਹੁਣ ਤਾਜ਼ਾ ਮਾਮਲਾ ਹਸਪਤਾਲ ਦਾ ਹੈ। ਪੂਰਨੀਆ 'ਚ ਚੋਰਾਂ ਨੇ ਹਸਪਤਾਲ ਹੀ ਚੋਰੀ ਕਰ ਲਿਆ। ਜਿੱਥੇ ਕੁਝ ਸਾਲ ਪਹਿਲਾਂ ਤੱਕ ਹਸਪਤਾਲ ਸੀ, ਉੱਥੇ ਹੁਣ ਜ਼ਮੀਨ ਉੱਪਰ ਸਿਰਫ ਘਾਹ ਹੀ ਘਾਹ ਬਚਿਆ ਹੈ। ਮਤਲਬ ਇੱਕ-ਇੱਕ ਇੱਟ ਤਕ ਚੋਰ ਲੈ ਗਏ। ਇੱਥੇ ਇਮਾਰਤ ਦਾ ਕੋਈ ਨਾਮੋ-ਨਿਸ਼ਾਨ ਨਹੀਂ ਬਚਿਆ।

ਹਾਸਲ ਜਾਣਕਾਰੀ ਮੁਤਾਬਕ ਧਮਦਾਹਾ ਥਾਣੇ ਦੇ ਪਿੱਛੇ ਪਸ਼ੂ ਹਸਪਤਾਲ ਦੀ ਇਮਾਰਤ ਸੀ। 12 ਸਾਲ ਪਹਿਲਾਂ ਮਤਲਬ 2010-11 'ਚ ਜਦੋਂ ਪਸ਼ੂ ਹਸਪਤਾਲ ਦੀ ਨਵੀਂ ਇਮਾਰਤ ਬਣ ਕੇ ਤਿਆਰ ਹੋਈ ਸੀ ਤਾਂ ਹਸਪਤਾਲ ਨੂੰ ਉੱਥੇ ਸ਼ਿਫ਼ਟ ਕਰ ਦਿੱਤਾ ਗਿਆ ਸੀ। ਉਦੋਂ ਤੋਂ ਸਾਰਾ ਕੰਮ ਹਸਪਤਾਲ ਦੀ ਨਵੀਂ ਇਮਾਰਤ 'ਚ ਹੋਣ ਲੱਗਾ ਸੀ। ਪੁਰਾਣੀ ਇਮਾਰਤ 'ਚ ਦੋ ਕਮਰਿਆਂ ਤੋਂ ਇਲਾਵਾ ਇੱਕ ਬਾਥਰੂਮ, ਰਸੋਈ ਸੀ ਪਰ ਜਦੋਂ ਇਸ ਇਮਾਰਤ ਦੀ ਵਰਤੋਂ ਨਹੀਂ ਕੀਤੀ ਗਈ ਤਾਂ ਚੋਰਾਂ ਦੀ ਇਸ 'ਤੇ ਨਜ਼ਰ ਪਈ।

ਚੋਰਾਂ ਨੇ ਪਹਿਲਾਂ ਪਸ਼ੂ ਹਸਪਤਾਲ ਦੀਆਂ ਸਾਰੀਆਂ ਖਿੜਕੀਆਂ ਤੇ ਦਰਵਾਜ਼ੇ ਉਖਾੜ ਲਏ, ਫਿਰ ਉੱਥੋਂ ਹੋਰ ਸਾਮਾਨ ਗਾਇਬ ਕਰ ਦਿੱਤਾ। ਇਸ ਤੋਂ ਬਾਅਦ ਇੱਕ-ਇੱਕ ਇੱਟ ਪੁੱਟ ਕੇ ਲੈ ਗਏ। ਇਸ ਸਭ ਦੇ ਬਾਅਦ ਵੀ ਨਾ ਤਾਂ ਸਥਾਨਕ ਲੋਕਾਂ ਨੇ ਇਸ ਵੱਲ ਧਿਆਨ ਦਿੱਤਾ ਤੇ ਨਾ ਹੀ ਕਿਸੇ ਅਧਿਕਾਰੀ ਨੇ ਨੋਟਿਸ ਲਿਆ। ਪਸ਼ੂ ਹਸਪਤਾਲ ਦੀ ਇੱਕ-ਇੱਕ ਇੱਟ ਚੋਰੀ ਕਰਨ ਤੋਂ ਬਾਅਦ ਹੁਣ ਚੋਰਾਂ ਦੇ ਨਿਸ਼ਾਨੇ 'ਤੇ ਹਸਪਤਾਲ ਦੀ ਦੂਜੀ ਇਮਾਰਤ ਹੈ। ਦੂਜੀ ਇਮਾਰਤ ਦੀਆਂ ਖਿੜਕੀਆਂ ਤੇ ਦਰਵਾਜ਼ੇ ਗਾਇਬ ਹੋ ਚੁੱਕੇ ਹਨ। ਜੇਕਰ ਇਸ ਵੱਲ ਵੀ ਧਿਆਨ ਨਾ ਦਿੱਤਾ ਗਿਆ ਤਾਂ ਜਲਦੀ ਹੀ ਇਸ ਇਮਾਰਤ ਦੀ ਇੱਕ-ਇੱਕ ਇੱਟ ਵੀ ਗਾਇਬ ਹੋ ਜਾਵੇਗੀ।

ਲੋਕਾਂ ਨੇ ਦੱਸਿਆ ਕਿ ਪਸ਼ੂ ਹਸਪਤਾਲ ਦੀ ਇਮਾਰਤ 1980 ਦੇ ਕਰੀਬ ਬਣੀ ਸੀ। ਉਦੋਂ ਤੋਂ ਇਸ ਇਮਾਰਤ 'ਚ ਹਸਪਤਾਲ ਚਲਾਇਆ ਜਾ ਰਿਹਾ ਸੀ। ਸਾਲ 2010-11 'ਚ ਨਵੀਂ ਇਮਾਰਤ ਦੀ ਉਸਾਰੀ ਤੋਂ ਬਾਅਦ ਪਸ਼ੂ ਹਸਪਤਾਲ ਨੂੰ ਉੱਥੇ ਸ਼ਿਫ਼ਟ ਕਰ ਦਿੱਤਾ ਗਿਆ ਸੀ। ਪਸ਼ੂ ਹਸਪਤਾਲ ਸਬੰਧੀ ਬਲਾਕ ਪਸ਼ੂ ਪਾਲਣ ਅਫ਼ਸਰ ਡਾ. ਸੁਸ਼ੀਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ। ਇਸ ਦੇ ਨਾਲ ਹੀ ਵੈਟਰਨਰੀ ਅਫ਼ਸਰ ਡਾ. ਪ੍ਰਭਾਤ ਰੰਜਨ ਰਾਏ ਨੇ ਦੱਸਿਆ ਕਿ ਇਮਾਰਤ ਦੇ ਗਾਇਬ ਹੋਣ ਦਾ ਮਾਮਲਾ ਉਨ੍ਹਾਂ ਦੀ ਇੱਥੇ ਤਾਇਨਾਤੀ ਤੋਂ ਪਹਿਲਾਂ ਦਾ ਹੈ।