Trending News: ਲਗਾਤਾਰ ਪੈ ਰਹੀ ਗਰਮੀ ਨੇ ਜਿੱਥੇ ਸਾਰਿਆਂ ਲਈ ਸਿਰਦਰਦੀ ਬਣੀ ਹੈ। ਗਰਮੀਆਂ ਦੌਰਾਨ ਤੇਜ਼ ਗਰਮ ਹਵਾਵਾਂ ਚੱਲਣ ਕਾਰਨ ਦਿਨ ਵੇਲੇ ਬਾਹਰ ਜਾਣਾ ਅਤੇ ਸਫ਼ਰ ਕਰਨਾ ਬਹੁਤ ਔਖਾ ਹੋ ਜਾਂਦਾ ਹੈ। ਅਜਿਹੇ 'ਚ ਰੋਜ਼ਾਨਾ ਕਮਾਈ ਕਰਨ ਵਾਲੇ ਟੈਂਪੂ ਚਾਲਕਾਂ 'ਤੇ ਇਸ ਦਾ ਬਹੁਤ ਮਾੜਾ ਅਸਰ ਪੈਂਦਾ ਹੈ। ਜਿਸ ਕਾਰਨ ਦਿੱਲੀ ਦੇ ਆਟੋ ਚਾਲਕ ਨੇ ਇਸ ਦਾ ਜੁਗਾੜ ਪਾਇਆ ਹੈ।
ਦੇਸ਼ ਭਰ ਵਿੱਚ ਲਗਾਤਾਰ ਵੱਧ ਰਹੇ ਤਾਪਮਾਨ ਦੇ ਨਾਲ, ਲੋਕ ਵਧਦੀ ਗਰਮੀ ਤੋਂ ਬਚਣ ਲਈ ਨਵੇਂ ਹੱਲ ਲੈ ਕੇ ਆ ਰਹੇ ਹਨ। ਦਿੱਲੀ ਦੇ ਇੱਕ ਆਟੋ ਚਾਲਕ ਮਹਿੰਦਰ ਕੁਮਾਰ ਨੇ ਆਪਣੇ ਯਾਤਰੀਆਂ ਅਤੇ ਖੁਦ ਨੂੰ ਇਸ ਭਿਆਨਕ ਗਰਮੀ ਤੋਂ ਬਚਾਉਣ ਦਾ ਨਵਾਂ ਤਰੀਕਾ ਲੱਭਿਆ ਹੈ। ਇਨ੍ਹੀਂ ਦਿਨੀਂ ਉਸ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਜਿਸ 'ਚ ਉਹ ਆਪਣੇ ਆਟੋ ਦੀ ਛੱਤ 'ਤੇ ਫਸਲਾਂ ਅਤੇ ਪੌਦੇ ਉਗਾਉਂਦੇ ਨਜ਼ਰ ਆ ਰਹੇ ਹਨ।
ਮਹਿੰਦਰ ਕੁਮਾਰ ਦਾ ਇਹ ਛੋਟਾ ਜਿਹਾ ਬਗੀਚਾ ਸਫ਼ਰ ਦੌਰਾਨ ਉਨ੍ਹਾਂ ਨੂੰ ਅਤੇ ਯਾਤਰੀਆਂ ਨੂੰ ਸਿੱਧੀ ਧੁੱਪ ਤੋਂ ਬਚਾਉਂਦਾ ਹੈ ਅਤੇ ਵਾਹਨ ਦੇ ਅੰਦਰ ਦਾ ਤਾਪਮਾਨ ਵੀ ਘੱਟ ਰੱਖਦਾ ਹੈ। ਰਾਇਟਰਜ਼ ਮੁਤਾਬਕ ਮਹਿੰਦਰ ਨੇ ਆਪਣੇ ਆਟੋ ਦੀ ਛੱਤ 'ਤੇ ਕੁੱਲ 25 ਤਰ੍ਹਾਂ ਦੇ ਪੌਦੇ ਲਗਾਏ ਹਨ। ਜਿਸ ਵਿੱਚ ਟਮਾਟਰ, ਭਿੰਡੀ, ਲੌਕੀ ਅਤੇ ਪਾਲਕ ਨੂੰ ਸ਼ਾਮਿਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਸ ਨੇ ਆਟੋ ਦੇ ਅੰਦਰ ਇਕ ਛੋਟਾ ਪੱਖਾ ਵੀ ਲਗਾਇਆ ਹੈ ਤਾਂ ਜੋ ਆਟੋ ਦੇ ਅੰਦਰ ਤਾਪਮਾਨ ਘੱਟ ਰਹੇ।
ਇਸ ਵੇਲੇ ਹਰ ਕੋਈ ਉਸ ਦੇ ਇਸ ਛੋਟੇ ਜਿਹੇ ਬਗੀਚੇ ਹੇਠ ਸਫਰ ਕਰਨ ਲਈ ਬੇਤਾਬ ਹੈ। ਇਸ ਦੇ ਨਾਲ ਹੀ ਕਈ ਲੋਕ ਉਸ ਦੀ ਵੀਡੀਓ ਬਣਾਉਂਦੇ ਅਤੇ ਉਸ ਨਾਲ ਸੈਲਫੀ ਲੈਂਦੇ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਇਸ ਸਾਲ ਪੈ ਰਹੀ ਗਰਮੀ ਨੇ ਪਿਛਲੇ 122 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ, ਮਾਰਚ 2022 ਭਾਰਤ ਦੇ ਇਤਿਹਾਸ ਵਿੱਚ ਸਭ ਤੋਂ ਗਰਮ ਮਹੀਨਾ ਰਿਹਾ ਹੈ।