Trending: ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਵਿਠਲਵਾੜੀ ਰੇਲਵੇ ਸਟੇਸ਼ਨ ਦਾ ਇੱਕ ਦਿਲ ਦਹਿਲਾਉਣ ਵਾਲਾ ਵੀਡੀਓ ਸਾਹਮਣੇ ਆਇਆ। ਸਰਕਾਰੀ ਰੇਲਵੇ ਪੁਲਿਸ (ਜੀਆਰਪੀ) ਕਰਮਚਾਰੀ ਨੇ ਬਹਾਦਰੀ ਦਿਖਾਉਂਦੇ ਹੋਏ 18 ਸਾਲਾ ਲੜਕੇ ਦੀ ਜਾਨ ਬਚਾ ਲਈ, ਜੋ ਰੇਲ ਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਪਲੈਟਫਾਰਮ 'ਤੇ ਹੀ ਮੌਜੂਦ ਪੁਲਿਸ ਵਾਲੇ ਨੇ ਦਲੇਰੀ ਦਿਖਾਉਂਦੇ ਹੋਏ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਰੇਲ ਗੱਡੀ ਦੇ ਆਉਣ ਤੋਂ ਮਹਿਜ਼ ਕੁਝ ਸੈਕਿੰਡ ਪਹਿਲਾਂ ਹੀ ਇਸ ਲੜਕੇ ਦੀ ਜਾਨ ਬਚਾ ਲਈ। ਪੁਲਿਸ ਕਰਮਚਾਰੀ ਦੀ ਫੁਰਤੀ ਨੂੰ ਇੰਟਰਨੈਟ 'ਤੇ ਖੂਬ ਸਲਾਹਿਆ ਜਾ ਰਿਹਾ ਹੈ ।
ਘਟਨਾ ਬੁੱਧਵਾਰ (23 ਮਾਰਚ, 2022) ਦੁਪਹਿਰ ਨੂੰ ਵਾਪਰੀ। ਨੌਜਵਾਨ ਨੇ ਰੇਲ ਗੱਡੀ ਆਉਂਦੇ ਦੇਖ ਖੁਦਕੁਸ਼ੀ ਕਰਨ ਦੇ ਇਰਾਦੇ ਨਾਲ ਅਚਾਨਕ ਰੇਲ ਪਟੜੀ 'ਤੇ ਛਾਲ ਮਾਰ ਦਿੱਤੀ ਪਰ ਉੱਥੇ ਹੀ ਮੌਜੂਦ ਕਾਂਸਟੇਬਲ ਹਰਿਸ਼ਿਕਸ਼ ਮਾਨੇ ਨੇ ਸਮਾਂ ਰਹਿੰਦੇ ਇਸ ਲੜਕੇ ਨੂੰ ਮੌਤ ਦੇ ਮੂੰਹੋ ਕੱਢ ਲਿਆ।
ਬਹਾਦਰੀ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਅਤੇ ਪੱਛਮੀ ਰੇਲਵੇ ਨੇ ਇਸ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ। ਵੀਡੀਓ ਦੇਖ ਕੇ ਤੁਹਾਡੇ ਵੀ ਰੌਂਗਟੇ ਖੜ੍ਹੇ ਹੋ ਜਾਣਗੇ। ਯਕੀਨਨ ਇਹ ਵੀਡੀਓ ਵੀ ਕਿਸੇ ਫਿਲਮੀ ਸੀਨ ਤੋਂ ਘੱਟ ਨਹੀਂ ਲੱਗੇਗਾ। ਘਟਨਾ ਤੋਂ ਬਾਅਦ ਅਧਿਕਾਰੀ ਲੜਕੇ ਨੂੰ ਕਲਿਆਣ ਰੇਲਵੇ ਥਾਣੇ ਲੈ ਗਏ ਅਤੇ ਉਸਦੇ ਮਾਤਾ-ਪਿਤਾ ਨੂੰ ਬੁਲਾਇਆ ਗਿਆ।