ਸੂਡਾਨ ਤੋਂ ਇਥੋਪੀਆ ਜਾ ਰਹੇ ਇਕ ਜਹਾਜ਼ ਦੇ ਪਾਇਲਟ ਨੂੰ ਉਦੋਂ ਨੀਂਦ ਆ ਗਈ, ਜਦੋਂ ਉਹ 37,000 ਫੁੱਟ ਦੀ ਉਚਾਈ 'ਤੇ ਉਡਾਨ ਭਰ ਰਿਹਾ ਸੀ। ਇਸ ਨਾਲ ਸਾਰੇ ਯਾਤਰੀਆਂ ਦੀ ਸੁਰੱਖਿਆ ਖ਼ਤਰੇ 'ਚ ਪੈ ਗਈ। ਹਾਲਾਂਕਿ ਕਿਸੇ ਵੀ ਯਾਤਰੀ ਨੂੰ ਪਾਇਲਟ ਦੇ ਸੌਣ ਦੀ ਭਿਣਕ ਨਹੀਂ ਲੱਗੀ। ਜਹਾਜ਼ ਨੇ ਇਥੋਪੀਆ ਦੀ ਰਾਜਧਾਨੀ ਆਦਿਸ ਅਬਾਬਾ 'ਚ ਲੈਂਡ ਕਰਨਾ ਸੀ, ਪਰ ਉਦੋਂ ਪਾਇਲਟ ਸੁੱਤਾ ਪਿਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਦੌਰਾਨ ਕੋ-ਪਾਇਲਟ ਵੀ ਸੌਂ ਗਿਆ ਸੀ। ਇਸ ਕਾਰਨ ਯਾਤਰੀਆਂ ਦੀ ਸੁਰੱਖਿਆ ਰੱਬ ਦਾ ਭਰੋਸਾ ਬਣ ਗਈ। ਅਜਿਹੇ 'ਚ ਜਹਾਜ਼ ਆਟੋ ਪਾਇਲਟ ਮੋਡ 'ਚ ਅੱਗੇ ਨਿਕਲ ਗਿਆ। ਜਦੋਂ ਹਵਾਬਾਜ਼ੀ ਵਿਭਾਗ ਨੂੰ ਇਸ ਦੀ ਸੂਚਨਾ ਮਿਲੀ ਤਾਂ ਤਰਥੱਲੀ ਮੱਚ ਗਈ। ਅਧਿਕਾਰੀਆਂ ਨੇ ਕਾਹਲੀ 'ਚ ਪਾਇਲਟ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਉਦੋਂ ਸੌਂ ਰਿਹਾ ਸੀ। ਕਿਸੇ ਤਰ੍ਹਾਂ ਪਾਇਲਟ ਦੀ ਨੀਂਦ ਖੁੱਲ੍ਹੀ ਅਤੇ ਫਲਾਈਟ ਨੂੰ ਵਾਪਸ ਲਿਆ ਕੇ ਲੈਂਡ ਕਰਵਾਇਆ ਗਿਆ। ਇਸ ਫਲਾਈਟ 'ਚ ਸਵਾਰ 183 ਯਾਤਰੀਆਂ ਦੀ ਸੁਰੱਖਿਆ ਦਾਅ 'ਤੇ ਲੱਗੀ ਹੋਈ ਸੀ।
20 ਤੋਂ 30 ਮਿੰਟ ਤੱਕ ਹਵਾ 'ਚ ਰਿਹਾ ਜਹਾਜ਼
ਪਾਇਲਟਾਂ ਦੇ ਸੌਣ ਤੋਂ ਬਾਅਦ ਜਹਾਜ਼ ਲਗਭਗ 20 ਤੋਂ 30 ਮਿੰਟ ਤੱਕ ਹਵਾ 'ਚ ਰਿਹਾ। ਇਸ ਦੌਰਾਨ ਯਾਤਰੀਆਂ ਦੇ ਸਾਹ ਰੁਕੇ ਰਹੇ। ਜਾਣਕਾਰੀ ਮੁਤਾਬਕ ਇਸ ਦੌਰਾਨ ਜਹਾਜ਼ ਲਗਭਗ 37 ਹਜ਼ਾਰ ਫੁੱਟ ਦੀ ਉਚਾਈ 'ਤੇ ਸੀ। ਅਜਿਹੇ 'ਚ ਜੇਕਰ ਹਾਦਸਾ ਵਾਪਰ ਜਾਂਦਾ ਤਾਂ ਕਿਸੇ ਯਾਤਰੀ ਦੀ ਜਾਨ ਬਚਾਉਣੀ ਮੁਸ਼ਕਿਲ ਸੀ। ਹੇਰਾਲਡ ਦੀ ਰਿਪੋਰਟ ਦੇ ਅਨੁਸਾਰ ਫਲਾਈਟ ਜਦੋਂ ਖਾਰਤੂਮ ਅਤੇ ਆਦਿਸ ਅਬਾਬਾ ਦੇ ਵਿਚਕਾਰ ਸੀ, ਇਸ ਦੌਰਾਨ ਏਅਰ ਟ੍ਰੈਫਿਕ ਕੰਟਰੋਲ ਵੱਲੋਂ ਪਾਇਲਟਾਂ ਨੂੰ ਸਿਗਨਲ ਭੇਜਿਆ ਗਿਆ ਕਿ ਉਹ ਹਵਾਈ ਅੱਡੇ ਦੇ ਨੇੜੇ ਹਨ। ਇਸ ਦੇ ਬਾਵਜੂਦ ਉਹ ਜਹਾਜ਼ ਨੂੰ ਹੇਠਾਂ ਨਹੀਂ ਉਤਾਰ ਰਹੇ ਸਨ। ਉਨ੍ਹਾਂ ਅਫਸਰਾਂ ਨੂੰ ਇਹ ਨਹੀਂ ਪਤਾ ਸੀ ਕਿ ਇਸ ਦਾ ਕਾਰਨ ਪਾਇਲਟਾਂ ਦਾ ਸੁੱਤਾ ਹੋਣਾ ਸੀ। ਜਦੋਂ ਜਹਾਜ਼ ਅੱਗੇ ਵਧਣ ਲੱਗਾ ਤਾਂ ਅਧਿਕਾਰੀ ਹੈਰਾਨ ਰਹਿ ਗਏ। ਉਨ੍ਹਾਂ ਨੇ ਪਾਇਲਟਾਂ ਨੂੰ ਹੋਰ ਵੀ ਕਈ ਮੈਸੇਜ ਭੇਜੇ, ਪਰ ਜਵਾਬ ਨਾ ਮਿਲਣ ਕਾਰਨ ਤਰਥੱਲੀ ਮੱਚ ਗਈ। ਫਿਰ ਐਮਰਜੈਂਸੀ ਦੀ ਸਥਿਤੀ ਮਹਿਸੂਸ ਕੀਤੀ ਗਈ। ਉਨ੍ਹਾਂ ਦੇਖਿਆ ਕਿ ਫਲਾਈਟ ਰਨਵੇ ਤੋਂ ਲੰਘ ਕੇ ਅੱਗੇ ਜਾ ਰਿਹਾ ਸੀ। ਇਸ ਤੋਂ ਬਾਅਦ ਆਟੋਪਾਇਲਟ ਮੋਡ ਨੂੰ ਡਿਸਕਨੈਕਟ ਕਰਕੇ ਅਲਾਰਮ ਵਜਾਇਆ ਗਿਆ, ਉਦੋਂ ਜਾ ਕੇ ਪਾਇਲਟਾਂ ਦੀ ਨੀਂਦ ਖੁੱਲ੍ਹੀ।
ਸੁਰੱਖਿਅਤ ਉਤਰਨ ਤੋਂ ਬਾਅਦ ਯਾਤਰੀਆਂ ਨੇ ਲਿਆ ਸੁੱਖ ਦਾ ਸਾਹ
ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਹੋਣ ਤੋਂ ਬਾਅਦ ਜਹਾਜ਼ 'ਚ ਸਵਾਰ ਯਾਤਰੀਆਂ ਨੂੰ ਰਾਹਤ ਮਿਲੀ। ਲੈਂਡਿੰਗ ਤੋਂ ਬਾਅਦ ਇਸ ਜਹਾਜ਼ ਨੂੰ ਲਗਭਗ ਢਾਈ ਘੰਟੇ ਰੋਕ ਕੇ ਰੱਖਿਆ ਗਿਆ ਅਤੇ ਸਾਰੀ ਜਾਂਚ ਤੋਂ ਬਾਅਦ ਹੀ ਇਸ ਨੂੰ ਅਗਲੀ ਉਡਾਣ ਲਈ ਮਨਜ਼ੂਰੀ ਮਿਲ ਗਈ। ਐਵੀਏਸ਼ਨ ਡਾਟਾ ਸਰਵੀਲੈਂਸ ਸਿਸਟਮ ਨੇ ਇਸ ਲਾਪਰਵਾਹੀ ਨੂੰ ਬਹੁਤ ਗੰਭੀਰ ਮੰਨਿਆ ਹੈ। ਇਸ ਦੇ ਲਈ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਦੋਵਾਂ ਪਾਇਲਟਾਂ ਨੂੰ ਵੀ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।
ਦੁਨੀਆ ਦੀ ਪਹਿਲੀ ਘਟਨਾ
ਜਹਾਜ਼ 'ਤੇ ਪਾਇਲਟਾਂ ਦੇ ਸੌਂ ਜਾਣ ਦਾ ਇਹ ਪਹਿਲਾ ਮਾਮਲਾ ਹੈ। ਇਸ ਤੋਂ ਪਹਿਲਾਂ ਦੁਨੀਆ 'ਚ ਅਜਿਹੀ ਕੋਈ ਘਟਨਾ ਸਾਹਮਣੇ ਨਹੀਂ ਆਈ ਹੈ। ਇਸ ਘਟਨਾ ਨੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਹੋਰ ਉਡਾਣਾਂ ਦੇ ਪਾਇਲਟਾਂ ਨੂੰ ਅਲਰਟ ਜਾਰੀ ਕੀਤਾ ਗਿਆ ਹੈ, ਤਾਂ ਕਿ ਫਲਾਈਟ ਤੋਂ ਟੇਕ ਆਫ ਕਰਦੇ ਸਮੇਂ ਉਹ ਸੌਂ ਨਾ ਜਾਣ। ਇਹ ਦੋਵੇਂ ਪਾਇਲਟ ਕਿਉਂ ਸੌਏ, ਇਸ ਦੀ ਵੀ ਜਾਂਚ ਕੀਤੀ ਜਾਵੇਗੀ। ਕੀ ਉਸ ਨੂੰ ਫਲਾਈਟ ਲੈਣ ਤੋਂ ਪਹਿਲਾਂ ਪੂਰੀ ਨੀਂਦ ਨਹੀਂ ਆਈ? ਜੇਕਰ ਜਵਾਬ ਹਾਂ 'ਚ ਹੈ ਤਾਂ ਉਨ੍ਹਾਂ ਨੂੰ ਫਲਾਈਟ ਉਡਾਉਣ ਦੀ ਇਜਾਜ਼ਤ ਕਿਉਂ ਦਿੱਤੀ ਗਈ? ਆਦਿ ਸਾਰੇ ਪਹਿਲੂਆਂ 'ਤੇ ਜਾਂਚ ਕੀਤੀ ਜਾ ਚੁੱਕੀ ਹੈ। ਰਿਪੋਰਟ ਮਿਲਦੇ ਹੀ ਦੋਸ਼ੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।