Viral Video:: ਗੱਡੀ ਚਲਾਉਂਦੇ ਸਮੇਂ ਸਾਰਿਆਂ ਨੂੰ ਸਾਵਧਾਨ ਰਹਿਣ ਦੀ ਲੋੜ ਹੁੰਦੀ ਹੈ ਕਿਉਂਕਿ ਜਿੱਥੇ ਵੀ ਸਾਵਧਾਨੀ ਨਹੀਂ ਵਰਤੀ ਜਾਂਦੀ, ਉੱਥੇ ਹਾਦਸੇ ਦੀ ਸੰਭਾਵਨਾ ਵੱਧ ਜਾਂਦੀ ਹੈ। ਦੇਸ਼ ਤੇ ਦੁਨੀਆ ਵਿੱਚ ਹਰ ਰੋਜ਼ ਸੈਂਕੜੇ ਸੜਕ ਹਾਦਸੇ ਦੇਖਣ ਨੂੰ ਮਿਲਦੇ ਹਨ, ਜਿਨ੍ਹਾਂ ਦਾ ਮੁੱਖ ਕਾਰਨ ਲਾਪ੍ਰਵਾਹੀ ਤੇ ਧਿਆਨ ਭਟਕਣਾ ਹੁੰਦਾ ਹੈ। ਹਾਲਾਂਕਿ, ਗ੍ਰੇਟਰ ਨੋਇਡਾ ਤੋਂ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਡਰਾਈਵਰ ਨੇ ਜਾਣਬੁੱਝ ਕੇ ਆਪਣੀ ਵੈਨ ਨਾਲ ਸੜਕ 'ਤੇ ਖੜ੍ਹੇ ਇੱਕ ਕੁੱਤੇ ਨੂੰ ਕੁਚਲ ਦਿੱਤਾ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।



ਵਾਇਰਲ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਕੁੱਤਾ ਸੜਕ ਪਾਰ ਕਰ ਰਿਹਾ ਸੀ। ਫਿਰ ਉਸ ਨੇ ਆਪਣੇ ਖੱਬੇ ਪਾਸੇ ਤੋਂ ਇੱਕ ਵੈਨ ਆਉਂਦੀ ਦੇਖੀ। ਵੈਨ ਆਉਂਦੀ ਦੇਖ ਕੁੱਤਾ ਸੜਕ ਦੇ ਵਿਚਕਾਰ ਖੜ੍ਹਾ ਹੋ ਗਿਆ ਤੇ ਪਿੱਛੇ ਨੂੰ ਜਾਣ ਲੱਗਾ। ਇਸ ਦੌਰਾਨ ਡਰਾਈਵਰ ਦੇ ਮਨ 'ਚ ਪਤਾ ਨਹੀਂ ਕੀ ਆਇਆ ਕਿ ਉਸ ਨੇ ਵੈਨ ਨੂੰ ਲੇਨ 'ਚੋਂ ਕੱਢ ਕੁੱਤੇ ਵੱਲ ਮੋੜ ਦਿੱਤਾ ਤੇ ਉਸ ਨੂੰ ਕੁਚਲ ਦਿੱਤਾ। ਵੈਨ ਨੂੰ ਆਪਣੇ ਵੱਲ ਆਉਂਦੀ ਦੇਖ ਕੇ ਕੁੱਤਾ ਭੱਜਣ ਦੀ ਕੋਸ਼ਿਸ਼ ਕਰਦਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਉਹ ਵੈਨ ਦੇ ਹੇਠਾਂ ਆ ਜਾਂਦਾ ਹੈ।






ਕੁੱਤੇ ਨੂੰ ਜਾਣਬੁੱਝ ਕੇ ਕੁਚਲਿਆ


ਹੁਣ ਇਹ ਪਤਾ ਨਹੀਂ ਲੱਗ ਸਕਿਆ ਕਿ ਡਰਾਈਵਰ ਨੇ ਅਜਿਹਾ ਕਿਉਂ ਕੀਤਾ। ਉਸ ਨੇ ਵੈਨ ਨੂੰ ਸਿੱਧੀ ਲੇਨ ਤੋਂ ਕੱਢ ਕੇ ਕੁੱਤੇ ਵੱਲ ਮੋੜ ਕੇ ਉਸ ਨੂੰ ਕਿਉਂ ਕੁਚਲ ਦਿੱਤਾ? ਪਰ ਇਹ ਯਕੀਨੀ ਤੌਰ 'ਤੇ ਕਿਹਾ ਜਾ ਸਕਦਾ ਹੈ ਕਿ ਉਸ ਨੇ ਅਜਿਹਾ ਜਾਣਬੁੱਝ ਕੇ ਕੀਤਾ ਕਿਉਂਕਿ ਵੈਨ ਦੇ ਰਸਤੇ ਵਿੱਚ ਕੁੱਤਾ ਖੜ੍ਹਾ ਹੀ ਨਹੀਂ ਸੀ। ਦੱਸਿਆ ਜਾ ਰਿਹਾ ਹੈ ਕਿ ਕੁੱਤੇ ਨੂੰ ਕੁਚਲਣ ਤੋਂ ਬਾਅਦ ਡਰਾਈਵਰ ਆਪਣੀ ਵੈਨ ਨੂੰ ਮੌਕੇ 'ਤੇ ਛੱਡ ਕੇ ਫਰਾਰ ਹੋ ਗਿਆ। ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਇੱਥੇ ਕਸੂਰ ਡਰਾਈਵਰ ਦਾ ਸੀ, ਜਿਸ ਨੇ ਡਰਾਈਵਿੰਗ ਨਿਯਮਾਂ ਦਾ ਸਹੀ ਢੰਗ ਨਾਲ ਪਾਲਣ ਨਹੀਂ ਕੀਤਾ ਤੇ ਤੇਜ਼ ਰਫਤਾਰ ਨਾਲ ਕਾਰ ਨੂੰ ਉਲਟੀ ਦਿਸ਼ਾ 'ਚ ਮੋੜ ਦਿੱਤਾ।



ਇਸ ਵੀਡੀਓ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਕੁੱਤਿਆਂ ਦੇ ਪ੍ਰੇਮੀ ਕਾਫੀ ਗੁੱਸੇ 'ਚ ਹਨ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਘਟਨਾ ਵਿੱਚ ਪੂਰੀ ਤਰ੍ਹਾਂ ਡਰਾਈਵਰ ਦਾ ਹੀ ਕਸੂਰ ਹੈ। ਇਸ ਵੀਡੀਓ 'ਤੇ ਪੁਲਿਸ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ। ਪੁਲਿਸ ਨੇ ਇਸ ਵੀਡੀਓ ਦਾ ਨੋਟਿਸ ਲੈਂਦਿਆਂ ਕਿਹਾ ਕਿ ਦਾਦਰੀ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਲੋੜੀਂਦੀ ਕਾਰਵਾਈ ਕੀਤੀ ਜਾ ਰਹੀ ਹੈ।