Stunt Video: ਨੋਇਡਾ 'ਚ ਇਕ ਨੌਜਵਾਨ ਨੂੰ ਸੜਕ 'ਤੇ ਸਟੰਟ ਕਰਨਾ ਭਾਰੀ ਹੋ ਗਿਆ। ਨੋਇਡਾ ਪੁਲਿਸ ਸਟੇਸ਼ਨ ਸੈਕਟਰ-113 ਦੀ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਨੌਜਵਾਨ ਨੂੰ ਹਿਰਾਸਤ ਵਿਚ ਲੈ ਲਿਆ ਹੈ। ਦਰਅਸਲ ਇਹ ਨੌਜਵਾਨ ਦੋ ਫਾਰਚੂਨਰ ਕਾਰਾਂ ਦੇ ਬੋਨਟਾਂ 'ਤੇ ਪੈਰ ਰੱਖ ਕੇ ਅਦਾਕਾਰ ਅਜੇ ਦੇਵਗਨ ਦੇ ਅੰਦਾਜ਼ 'ਚ ਸਟੰਟ ਕਰ ਰਿਹਾ ਸੀ। ਇਸ ਤੋਂ ਬਾਅਦ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਮਲਾ ਪੁਲਿਸ ਦੇ ਧਿਆਨ 'ਚ ਆਇਆ। ਇਸ ਤੋਂ ਬਾਅਦ ਥਾਣਾ ਸੈਕਟਰ-113 ਦੀ ਪੁਲਸ ਨੇ ਆਪਣੀ ਕਾਰਵਾਈ ਕੀਤੀ।



ਨੌਜਵਾਨ ਦੀ ਪਛਾਣ 21 ਸਾਲਾ ਰਾਜੀਵ ਪੁੱਤਰ ਸੋਰਖਾ ਪਿੰਡ ਗੌਤਮ ਬੁੱਧ ਨਗਰ ਵਜੋਂ ਹੋਈ ਹੈ। ਪੁਲਸ ਨੇ ਸਟੰਟ ਮੈਨ ਨੂੰ ਗ੍ਰਿਫਤਾਰ ਕਰਦੇ ਹੋਏ ਵਾਹਨ ਜ਼ਬਤ ਕਰ ਲਏ ਹਨ। ਇਸ ਦੇ ਨਾਲ ਹੀ ਦੋਸ਼ੀ ਦਾ ਵੀਡੀਓ ਵੀ ਟਵਿੱਟਰ 'ਤੇ ਜਾਰੀ ਕੀਤਾ ਗਿਆ ਹੈ।



ਦੋ SUV ਅਤੇ ਇੱਕ ਮੋਟਰਸਾਈਕਲ ਕੀਤਾ ਜ਼ਬਤ 
ਥਾਣਾ ਸੈਕਟਰ-113 ਦੇ ਐੱਸਐੱਚਓ ਸ਼ਰਦ ਕਾਂਤ ਨੇ ਦੱਸਿਆ, "ਵੀਡੀਓ ਦੇ ਆਧਾਰ 'ਤੇ ਵਿਅਕਤੀ ਨੂੰ ਟਰੇਸ ਕੀਤਾ ਗਿਆ। ਉਸ ਦੀ ਪਛਾਣ ਸੋਰਖਾ ਪਿੰਡ ਦੇ ਰਹਿਣ ਵਾਲੇ ਰਾਜੀਵ ਵਜੋਂ ਹੋਈ ਹੈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਵੀਡੀਓ ਬਣਾਉਣ ਵਿੱਚ ਵਰਤੇ ਗਏ ਦੋ ਐਸ.ਯੂ.ਵੀ. ਅਤੇ ਇੱਕ ਮੋਟਰਸਾਈਕਲ ਜ਼ਬਤ ਕਰ ਲਿਆ ਗਿਆ ਹੈ।"



ਸੋਸ਼ਲ ਮੀਡੀਆ ਲਈ ਬਣਾ ਰਿਹਾ ਸੀ ਵੀਡੀਓ 
ਉਨ੍ਹਾਂ ਦੱਸਿਆ ਕਿ ਸਟੰਟ ਦੌਰਾਨ ਵਰਤੇ ਗਏ ਵਾਹਨਾਂ ਵਿੱਚ ਇੱਕ ਟੋਇਟਾ ਫਾਰਚੂਨਰ ਅਤੇ ਰਾਜੀਵ ਦਾ ਮੋਟਰਸਾਈਕਲ ਵੀ ਸ਼ਾਮਲ ਹੈ। ਉਸ ਨੇ ਵੀਡੀਓ ਲਈ ਕਿਸੇ ਰਿਸ਼ਤੇਦਾਰ ਤੋਂ ਇਕ ਹੋਰ ਫਾਰਚੂਨਰ ਗੱਡੀ ਲਈ ਸੀ। ਨੌਜਵਾਨ ਕੋਈ ਕੰਮ ਨਹੀਂ ਕਰਦਾ, ਪਰ ਚੰਗੇ ਪਰਿਵਾਰ ਵਿੱਚੋਂ ਹੈ। ਉਹ ਸੋਸ਼ਲ ਮੀਡੀਆ 'ਤੇ ਵੀਡੀਓ ਬਣਾ ਰਿਹਾ ਸੀ। ਮੋਟਰ ਵਹੀਕਲ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।






ਪੁਲਿਸ ਕਮਿਸ਼ਨਰ ਨੇ ਦਿੱਤੀ ਇਹ ਸਲਾਹ 
ਇਸ ਦੌਰਾਨ ਗੌਤਮ ਬੁੱਧ ਨਗਰ ਦੇ ਪੁਲਿਸ ਕਮਿਸ਼ਨਰ ਆਲੋਕ ਸਿੰਘ ਨੇ ਸਥਾਨਕ ਪੁਲਿਸ ਦੀ ਤੁਰੰਤ ਕਾਰਵਾਈ ਲਈ ਸ਼ਲਾਘਾ ਕੀਤੀ ਅਤੇ ਬੱਚਿਆਂ ਅਤੇ ਨੌਜਵਾਨਾਂ ਦੇ ਮਾਪਿਆਂ ਅਤੇ ਸਰਪ੍ਰਸਤਾਂ ਨੂੰ ਧਿਆਨ ਦੇਣ ਦੀ ਅਪੀਲ ਕੀਤੀ। ਪੁਲਿਸ ਕਮਿਸ਼ਨਰ ਨੇ ਇਹ ਸਲਾਹ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਕਈ ਵੀਡੀਓਜ਼ ਅਤੇ ਛੋਟੀਆਂ ਕਲਿੱਪਾਂ ਤੋਂ ਬਾਅਦ ਦਿੱਤੀ ਹੈ, ਜਿਸ ਵਿੱਚ ਨੌਜਵਾਨ ਲੜਕੇ-ਲੜਕੀਆਂ ਸਟੰਟ ਕਰਦੇ ਨਜ਼ਰ ਆ ਰਹੇ ਹਨ।