Jammu-Kashmir school girl viral video: ਸੋਸ਼ਲ ਮੀਡੀਆ ਅਜਿਹਾ ਪਲੇਟਫਾਰਮ ਹੈ ਜਿੱਥੇ ਹਰ ਕੋਈ ਆਪਣੇ ਮਨ ਦੀ ਗੱਲ, ਆਪਣੇ ਹੁਨਰ ਨੂੰ ਜੱਗ ਜ਼ਾਹਿਰ ਕਰ ਸਕਦਾ ਹੈ। ਇਸ ਕਰਕੇ ਰੋਜ਼ਾਨਾ ਹੀ ਅਨੇਕਾਂ ਹੀ ਵੀਡੀਓਜ਼ ਵਾਇਰਲ ਹੁੰਦੀਆਂ ਹਨ, ਜਿਨ੍ਹਾਂ ਚ ਕੁਝ ਤਾਂ ਹੈਰਾਨ ਕਰ ਦਿੰਦੀਆਂ ਨੇ ਤੇ ਕੁਝ ਦਿਲ ਨੂੰ ਛੂਹ ਜਾਂਦੀਆਂ ਨੇ। ਅਜਿਹਾ ਇੱਕ ਵੀਡੀਓ ਜੰਮੂ-ਕਸ਼ਮੀਰ ਦੇ ਕਠੂਆ ਦੀ ਰਹਿਣ ਵਾਲੀ ਇੱਕ ਬੱਚੀ ਦਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਲੜਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਪਿੰਡ 'ਚ ਸਕੂਲ ਬਣਾਉਣ ਦੀ ਬੇਨਤੀ ਕਰ ਰਹੀ ਹੈ।


ਛੋਟੀ ਸੀਰਤ ਨਾਜ਼ ਇਸ ਗੱਲ ਤੋਂ ਖੁਸ਼ ਨਹੀਂ ਹੈ ਕਿ ਉਸ ਨੂੰ ਆਪਣੇ ਦੋਸਤਾਂ ਨਾਲ ਸਕੂਲ ਦੇ ਇੱਕ ਗੰਦੇ ਫਰਸ਼ 'ਤੇ ਬੈਠਣਾ ਪਿਆ ਹੈ ਅਤੇ ਉਹ ਚਾਹੁੰਦੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਇਸ ਬਾਰੇ ਕੁਝ ਕਰਨ।


ਵਾਇਰਲ ਵੀਡੀਓ 'ਚ ਜੰਮੂ-ਕਸ਼ਮੀਰ ਦੇ ਕਠੂਆ ਜ਼ਿਲੇ ਦੇ ਪਿੰਡ ਲੋਹਾਈ-ਮਲਹਾਰ ਦੀ ਇੱਕ ਛੋਟੀ ਬੱਚੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਹੁਤ ਹੀ ਕਿਊਟ ਅੰਦਾਜ਼ ਦੇ ਨਾਲ ਆਪਣੀ ਖ਼ਾਸ ਇੱਛਾ ਨੂੰ ਜ਼ਾਹਰ ਕੀਤਾ ਹੈ। ਉਹ ਕਹਿੰਦੀ ਹੈ, ''ਕਿਰਪਾ ਕਰਕੇ ਮੋਦੀ ਜੀ, ਇੱਕ ਚੰਗਾ ਸਕੂਲ ਬਣਾਓ'' - ਜੀ ਹਾਂ, ਸਾਡੇ ਲਈ ਇੱਕ ਚੰਗਾ ਸਕੂਲ ਬਣਾਓ"


ਜੰਮੂ-ਕਸ਼ਮੀਰ ਦੇ 'ਮਾਰਮਿਕ ਨਿਊਜ਼' ਨਾਂ ਦੇ ਫੇਸਬੁੱਕ ਪੇਜ 'ਤੇ ਸ਼ੇਅਰ ਕੀਤੀ ਗਈ ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਦੀ ਗਿਣਤੀ ਵਿੱਚ ਲੋਕ ਦੇਖ ਚੁੱਕੇ ਨੇ ਤੇ ਵੱਡੀ ਗਿਣਤੀ ਵਿੱਚ ਲਾਈਕਸ ਆ ਚੁੱਕੇ ਹਨ।


ਇਸ ਕੁੜੀ ਨੇ ਆਪਣੇ ਆਪ ਨੂੰ ਇੱਕ ਸਰਕਾਰੀ ਹਾਈ ਸਕੂਲ ਦੀ ਵਿਦਿਆਰਥਣ ਵਜੋਂ ਪੇਸ਼ ਕਰਕੇ ਆਪਣੇ ਇਸ ਵੀਡੀਓ ਨੂੰ ਸ਼ੁਰੂ ਕੀਤਾ। ਜਿਸ ਵਿੱਚ ਉਹ ਆਪਣੇ ਸਕੂਲ ਦੀ ਖਸਤਾ ਹਾਲਤ ਨੂੰ ਦਿਖਾਉਂਦੀ ਹੈ, ਕਿਵੇਂ ਸਕੂਲ ਦੇ ਬੱਚਿਆਂ ਨੂੰ ਟੁੱਟੇ ਅਤੇ ਗੰਦੇ ਫਰਸ਼ ਉੱਤੇ ਬੈਠਣਾ ਪੈਂਦਾ ਹੈ, ਜਿਸ ਕਰਕੇ ਉਨ੍ਹਾਂ ਦੀਆਂ ਵਰਦੀਆਂ ਵੀ ਗੰਦੀਆਂ ਹੋ ਜਾਂਦੀਆਂ ਹਨ। ਵੀਡੀਓ ਵਿੱਚ ਇਹ ਬੱਚੀ ਵਾਰ-ਵਾਰ ਚੰਗਾ ਸਕੂਲ ਬਣਾਉਣ ਦੀ ਬੇਨਤੀ ਕਰਦੀ ਹੋਈ ਨਜ਼ਰ ਆ ਰਹੀ ਹੈ।


ਪੂਰਾ ਸਕੂਲ ਦਿਖਾਉਣ ਤੋਂ ਬਾਅਦ, ਬੱਚੀ ਨੇ ਫਿਰ ਪੀਐਮ ਮੋਦੀ ਨੂੰ ਅਪੀਲ ਕਰਦੇ ਹੋਏ ਵੀਡੀਓ ਦਾ ਅੰਤ ਕੀਤਾ। ਉਹ ਕਹਿੰਦੀ ਹੈ, "ਮੋਦੀ ਜੀ, ਤੁਸੀਂ ਪੂਰੇ ਦੇਸ਼ ਦੀ ਗੱਲ ਸੁਣਦੇ ਹੋ। ਮੇਰੀ ਵੀ ਸੁਣੋ ਅਤੇ ਕਿਰਪਾ ਕਰਕੇ ਸਾਡੇ ਸਕੂਲ ਨੂੰ ਸਹੀ ਢੰਗ ਨਾਲ ਬਣਵਾ ਦਿਓ। ਤਾਂ ਜੋ ਮੇਰੀ ਮਾਂ ਮੈਨੂੰ ਝਿੜਕਾਂ ਨਾ ਦੇਵੇ ਜੇਕਰ ਮੇਰੀ ਵਰਦੀ ਗੰਦੀ ਹੋ ਜਾਵੇ। ਤਾਂ ਜੋ ਅਸੀਂ ਸਾਰੇ ਚੰਗੀ ਤਰ੍ਹਾਂ ਪੜ੍ਹ ਸਕੀਏ। "ਕਿਰਪਾ ਕਰਕੇ ਸਾਡੇ ਲਈ ਇੱਕ ਚੰਗਾ ਸਕੂਲ ਬਣਾਓ।" ਉਹ ਇਹ ਕਹਿ ਕੇ ਵੀਡੀਓ ਖਤਮ ਕਰਦੀ ਹੈ।