Train Loco Pilot Role: ਭਾਰਤ ਦੀ ਵਿਰਾਸਤੀ ਸੂਚੀ 'ਚ ਇੰਡੀਅਨ ਰੇਲਵੇ ਮੁੱਖ ਤੌਰ 'ਤੇ ਸ਼ਾਮਲ ਹੈ ਅਤੇ ਇਹ ਦੁਨੀਆ ਦੇ ਸਭ ਤੋਂ ਵੱਡੇ ਰੇਲ ਨੈੱਟਵਰਕਾਂ ਵਿੱਚੋਂ ਇੱਕ ਹੈ। ਦੁਨੀਆ ਦੇ ਇਸ ਚੌਥੇ ਸਭ ਤੋਂ ਵੱਡੇ ਰੇਲ ਨੈੱਟਵਰਕ ਰਾਹੀਂ ਲੱਖਾਂ ਲੋਕ ਰੋਜ਼ਾਨਾ ਸਫ਼ਰ ਕਰਦੇ ਹਨ। ਤੁਸੀਂ ਵੀ ਕਦੇ ਨਾ ਕਦੇ ਭਾਰਤੀ ਰੇਲਵੇ ਤੋਂ ਸਫ਼ਰ ਕੀਤਾ ਹੋਵੇਗਾ। ਤੁਸੀਂ ਟਰੇਨ 'ਚ ਸਫ਼ਰ ਕਰਦੇ ਸਮੇਂ ਇਸ ਦੇ ਇੰਜਣ 'ਚ ਡਰਾਈਵਰ ਨੂੰ ਵੀ ਦੇਖਿਆ ਹੋਵੇਗਾ। ਟਰੇਨ ਦੇ ਡਰਾਈਵਰ ਨੂੰ ਲੋਕੋ ਪਾਇਲਟ ਕਿਹਾ ਜਾਂਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਲੋਕੋ ਪਾਇਲਟ ਦਾ ਕੰਮ ਕੀ ਹੈ? ਬਹੁਤ ਸਾਰੇ ਲੋਕ ਸੋਚਦੇ ਹਨ ਕਿ ਰੇਲਗੱਡੀ 'ਚ ਕੋਈ ਸਟੀਅਰਿੰਗ ਨਹੀਂ ਹੁੰਦਾ ਤਾਂ ਲੋਕੋ ਪਾਇਲਟ ਇਸ ਨੂੰ ਕਿਵੇਂ ਚਲਾਏਗਾ? ਅੱਜ ਇਸ ਆਰਟੀਕਲ 'ਚ ਅਸੀਂ ਤੁਹਾਨੂੰ ਦੱਸਾਂਗੇ ਕਿ ਲੋਕੋ ਪਾਇਲਟ ਦਾ ਕੰਮ ਕੀ ਹੁੰਦਾ ਹੈ?
ਟਰੇਨ ਨੂੰ ਆਪਣੀ ਮਰਜ਼ੀ ਨਾਲ ਚਲਾ ਜਾਂ ਰੋਕ ਨਹੀਂ ਸਕਦਾ ਲੋਕੋ ਪਾਇਲਟ
ਬਹੁਤ ਸਾਰੇ ਲੋਕ ਸੋਚਦੇ ਹਨ ਕਿ ਰੇਲ ਗੱਡੀ ਦੇ ਇੰਜਣ 'ਚ ਜਿਹੜਾ ਲੋਕੋ ਪਾਇਲਟ ਹੁੰਦਾ ਹੈ, ਉਹੀ ਰੇਲ ਗੱਡੀ ਚਲਾ ਰਿਹਾ ਹੁੰਦਾ ਹੈ, ਪਰ ਅਜਿਹਾ ਬਿਲਕੁਲ ਨਹੀਂ ਹੁੰਦਾ ਹੈ। ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਲੋਕੋ ਪਾਇਲਟ ਨਾ ਤਾਂ ਆਪਣੀ ਮਰਜ਼ੀ ਨਾਲ ਟਰੇਨ ਨੂੰ ਚਲਾ ਸਕਦਾ ਹੈ ਅਤੇ ਨਾ ਹੀ ਰੋਕ ਸਕਦਾ ਹੈ। ਉਹ ਪ੍ਰੋਟੋਕੋਲ ਦੀ ਪਾਲਣਾ ਕੀਤੇ ਬਗੈਰ ਨਾ ਤਾਂ ਟਰੇਨ ਨੂੰ ਰੋਕ ਸਕਦਾ ਹੈ ਅਤੇ ਨਾ ਹੀ ਅੱਗੇ ਵਧਾ ਸਕਦਾ ਹੈ। ਟਰੇਨ 'ਚ ਕੋਈ ਸਟੀਅਰਿੰਗ ਨਹੀਂ ਹੁੰਦਾ ਹੈ। ਇਸ ਲਈ ਲੋਕੋ ਪਾਇਲਟ ਆਪਣੀ ਮਰਜ਼ੀ ਨਾਲ ਟਰੇਨ ਨੂੰ ਨਾ ਤਾਂ ਖੱਬੇ ਜਾਂ ਸੱਜੇ ਮੋੜ ਸਕਦਾ ਹੈ।
ਟਰੈਕ ਬਦਲਣ ਲਈ ਹੁੰਦੇ ਵੱਖਰੇ ਮੁਲਾਜ਼ਮ
ਰੇਲ ਗੱਡੀ ਨੂੰ ਮੋੜਨ ਲਈ ਜਾਂ ਇੰਝ ਕਹਿ ਲਓ ਕਿ ਟ੍ਰੈਕ ਬਦਲਣ ਲਈ ਰੇਲਵੇ ਇੱਕ ਵੱਖਰਾ ਮੁਲਾਜ਼ਮ ਨਿਯੁਕਤ ਕਰਦਾ ਹੈ। ਇਨ੍ਹਾਂ ਮੁਲਾਜ਼ਮਾਂ ਨੂੰ ਪੁਆਇੰਟਮੈਨ ਕਿਹਾ ਜਾਂਦਾ ਹੈ। ਉਹ ਸਟੇਸ਼ਨ ਮਾਸਟਰ ਦੇ ਨਿਰਦੇਸ਼ਾਂ 'ਤੇ ਪਟੜੀਆਂ ਨੂੰ ਜੋੜਦੇ ਹਨ। ਰੇਲਵੇ ਦਾ ਹੈੱਡ ਕੁਆਟਰ ਇਹ ਵੀ ਤੈਅ ਕਰਦਾ ਹੈ ਕਿ ਟਰੇਨ ਨੂੰ ਕਿਸ ਸਟੇਸ਼ਨ ਦੇ ਪਲੇਟਫ਼ਾਰਮ 'ਤੇ ਰੋਕਣਾ ਹੈ ਅਤੇ ਕਿਸ ਸਟੇਸ਼ਨ 'ਤੇ ਨਹੀਂ ਰੋਕਣਾ ਹੈ। ਲੋਕੋ ਪਾਇਲਟ ਖੁਦ ਇਹ ਫ਼ੈਸਲਾ ਨਹੀਂ ਕਰ ਸਕਦਾ ਕਿ ਟਰੇਨ ਨੂੰ ਕਿਸ ਸਟੇਸ਼ਨ 'ਤੇ ਰੋਕਣਾ ਹੈ।
ਲੋਕੋ ਪਾਇਲਟ ਦਾ ਕੰਮ
- ਲੋਕੋ ਪਾਇਲਟ ਦਾ ਪਹਿਲਾ ਕੰਮ ਸਿਗਨਲ ਨੂੰ ਦੇਖ ਕੇ ਹਦਾਇਤਾਂ ਅਨੁਸਾਰ ਟਰੇਨ ਦੀ ਸਪੀਡ ਵਧਾਉਣਾ ਜਾਂ ਘਟਾਉਣਾ ਹੁੰਦਾ ਹੈ। ਲੋਕੋ ਪਾਇਲਟ ਕੋਲ ਸਟੀਅਰਿੰਗ ਨਹੀਂ ਹੁੰਦਾ ਹੈ ਪਰ ਉਹ ਟਰੇਨ ਦਾ ਗੇਅਰ ਜ਼ਰੂਰ ਬਦਲ ਸਕਦਾ ਹੈ।
- ਲੋਕੋ ਪਾਇਲਟ ਨੂੰ ਪਟੜੀ ਦੇ ਬਰਾਬਰ ਲੱਗੇ ਸਾਈਨ ਬੋਰਡਾਂ 'ਤੇ ਬਣੇ ਸਿਗਨਲ ਅਨੁਸਾਰ ਸਪੀਡ ਬਦਲਣੀ ਪੈਂਦੀ ਹੈ ਅਤੇ ਸੀਟੀ ਮਤਲਬ ਹਾਰਨ ਵਜਾਉਣਾ ਪੈਂਦਾ ਹੈ। ਟਰੇਨ 'ਚ ਵੱਖ-ਵੱਖ ਸਥਿਤੀਆਂ ਮੁਤਾਬਕ 11 ਤਰ੍ਹਾਂ ਦੇ ਹਾਰਨ ਵਜਾਏ ਜਾਂਦੇ ਹਨ।
- ਐਮਰਜੈਂਸੀ ਦੀ ਸਥਿਤੀ 'ਚ ਜਦੋਂ ਸੀਨੀਅਰ ਅਧਿਕਾਰੀਆਂ ਨਾਲ ਸਲਾਹ-ਮਸ਼ਵਰਾ ਕਰਨਾ ਸੰਭਵ ਨਹੀਂ ਹੁੰਦਾ ਤਾਂ ਟਰੇਨ ਦੇ ਆਖਰੀ ਡੱਬੇ 'ਚ ਮੌਜੂਦ ਗਾਰਡ ਨਾਲ ਗੱਲਬਾਤ ਕਰਨਾ ਤੇ ਸਮਝਦਾਰੀ ਨਾਲ ਸਹੀ ਫ਼ੈਸਲਾ ਲੈਣਾ ਵੀ ਲੋਕੋ ਪਾਇਲਟ ਦਾ ਕੰਮ ਹੈ।