Maruti Suzuki: ਜੇ ਤੁਹਾਡੇ ਕੋਲ ਮਾਰੂਤੀ ਸੁਜ਼ੂਕੀ ਦੀ ਕੋਈ ਗੱਡੀ ਹੈ ਤੇ ਤੁਸੀਂ ਉਸ ਦੀ ਸਰਵਿਸ ਕਰਵਾਉਣੀ ਚਾਹੁੰਦੇ ਹੋ, ਤਾਂ ਤੁਹਾਡੇ ਕੋਲ ਇੱਕ ਖ਼ਾਸ ਮੌਕਾ ਹੈ। ਦਰਅਸਲ, ਮਾਰੂਤੀ ਸੁਜ਼ੂਕੀ ਇੰਡੀਆ ਨੇ ਆਪਣੇ ਗਾਹਕਾਂ ਲਈ ਫ਼੍ਰੀ ਸਰਵਿਸ ਤੇ ਵਾਰੰਟੀ ਪੀਰੀਅਡ ਨੂੰ ਵਧਾਉਣ ਦੀ ਪੇਸ਼ਕਸ਼ ਕੀਤੀ ਹੈ। ਪਹਿਲਾਂ ਕੰਪਨੀ ਦੀ ਇਹ ਪੇਸ਼ਕਸ਼ 15 ਮਾਰਚ ਤੋਂ ਸ਼ੁਰੂ ਹੋ ਕੇ 31 ਮਈ ਤੱਕ ਖ਼ਤਮ ਹੋਣੀ ਸੀ ਪਰ ਕੰਪਨੀ ਨੇ ਇਸ ਵਿੱਚ ਵਾਧਾ ਕਰ ਕੇ ਇਸ ਨੂੰ 30 ਜੂਨ, 2021 ਤੱਕ ਵਧਾ ਦਿੱਤਾ ਹੈ। ਇਸ ਲਈ ਹੁਣ ਗਾਹਕ ਆਰਾਮ ਨਾਲ ਸਮਾਂ ਕੱਢ ਕੇ ਇਨ੍ਹਾਂ ਪੇਸ਼ਕਸ਼ਾਂ ਦਾ ਫ਼ਾਇਦਾ ਉਠਾ ਸਕਦੇ ਹਨ।
ਜਾਣਕਾਰੀ ਅਨੁਸਾਰ ਕੰਪਨੀ ਨੇ ਤਰੀਕ ਵਿੱਚ ਇਹ ਵਾਧਾ ਕੋਰੋਨਾ ਵਾਇਰਸ ਕਾਰਣ ਕੀਤਾ ਹੈ। ਇਨ੍ਹੀਂ ਦਿਨੀਂ ਮਹਾਮਾਰੀ ਦੇ ਚੱਲਦਿਆਂ ਲੋਕ ਕਾਫ਼ੀ ਰੁੱਝੇ ਹੋਏ ਹਨ ਤੇ ਗੱਡੀ ਦੀ ਸਰਵਿਸ ਲਈ ਸਮਾਂ ਨਹੀਂ ਕੱਢ ਸਕ ਰਹੇ ਹਨ ਅਤੇ ਨਾਲ ਹੀ ਇਸ ਦੌਰਾਨ ਲੱਗਾ ਲੌਕਡਾਊਨ ਵੀ ਗਾਹਕਾਂ ਨੂੰ ਪੇਸ਼ਕਸ਼ ਦਾ ਲਾਭ ਲੈਣ ਤੋਂ ਰੋਕ ਰਿਹਾ ਹੈ।
ਉੱਧਰ ਲੋਕਾਂ ਵਿੱਚ ਘਰਾਂ ’ਚੋਂ ਬਾਹਰ ਨਿੱਕਲਣ ਦਾ ਡਰ ਵੀ ਬਣਿਆ ਹੋਇਆ ਹੈ। ਇਸ ਵਾਇਰਸ ਦੇ ਚੱਲਦਿਆਂ ਜ਼ਿਆਦਾਤਰ ਲੋਕ ਆਪੋ-ਆਪਣੇ ਘਰਾਂ ਵਿੱਚ ਕੈਦ ਹੋ ਚੁੱਕੇ ਹਨ। ਅਜਿਹੇ ਕਾਰਣਾਂ ਕਰ ਕੇ ਮਾਰੂਤੀ ਸੁਜ਼ੂਕੀ ਨੇ ਆਪਣੀ ਤਰੀਕ ਵਧਾਉਣ ਦਾ ਫ਼ੈਸਲਾ ਕੀਤਾ ਹੈ ਕਿ ਤਾਂ ਜੋ ਗਾਹਕ ਆਪਣੀ ਸਹੂਲਤ ਮੁਤਾਬਕ ਆੱਫ਼ਰ ਦਾ ਲਾਹਾ ਲੈ ਸਕਣ।
ਮਾਰੂਤੀ ਸੁਜ਼ੂਕੀ ਇੰਡੀਆ ਦੇ ਸੀਨੀਅਰ ਕਾਰਜਕਾਰੀ ਡਾਇਰੈਕਟਰ ਪਾਰਥੋ ਬੈਨਰਜੀ ਨੇ ਕਿਹਾ ਕਿ ਗਾਹਕਾਂ ਦੀ ਸਹੂਲਤ ਦੇ ਚੱਲਦਿਆਂ ਅਸੀਂ 30 ਜੂਨ, 2021 ਤੱਕ ਆਪਣੇ ਗਾਹਕਾਂ ਲਈ ਮੁਫ਼ਤ ਸੇਵਾਵਾਂ ਤੇ ਵਾਰੰਟੀ ਪੀਰੀਅਡ ਦਾ ਵਿਸਥਾਰ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਇਹ ਪੇਸ਼ਕਸ਼ 15 ਮਾਰਚ ਤੇ 31 ਮਈ, 2021 ਦੌਰਾਨ ਖ਼ਤਮ ਹੋ ਰਹੀ ਸੀ ਪਰ ਕਈ ਰਾਜਾਂ ਵਿੱਚ ਗਾਹਕਾਂ ਨੂੰ ਲੌਕਡਾਊਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ; ਇਸ ਲਈ ਇਹ ਵਿਸਥਾਰ ਉਨ੍ਹਾਂ ਨੂੰ ਰਾਹਤ ਦੇਵੇਗਾ, ਉਹ ਆਪਣੀ ਸਹੂਲਤ ਅਨੁਸਾਰ ਇਨ੍ਹਾਂ ਸੇਵਾਵਾਂ ਦਾ ਲਾਹਾ ਲੈ ਸਕਦੇ ਹਨ।ਹਾਲੇ ਕੁਝ ਦਿਨ ਪਹਿਲਾਂ ਮਾਰੂਤੀ ਸੁਜ਼ੂਕੀ ਵਾਂਗ ਟਾਟਾ ਮੋਟਰਜ਼ ਤੇ ਟੋਯੋਟਾ ਨੇ ਵੀ ਮੁਫ਼ਤ ਸੇਵਾ ਤੇ ਵਾਰੰਟੀ ਪੀਰੀਅਡ ਵਧਾਉਣ ਦਾ ਐਲਾਨ ਕੀਤਾ ਹੈ।
Car loan Information:
Calculate Car Loan EMI