Isobutanol-blended diesel : ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਵਧਦੀ ਖਪਤ ਕਾਰਨ ਹਰ ਸਾਲ ਕਰੋੜਾਂ ਰੁਪਏ ਦਾ ਕੱਚਾ ਤੇਲ ਵਿਦੇਸ਼ਾਂ ਤੋਂ ਆਯਾਤ ਕਰਨਾ ਪੈਂਦਾ ਹੈ। ਇਸ ਨਾਲ ਦੇਸ਼ 'ਤੇ ਆਰਥਿਕ ਬੋਝ ਵਧਦਾ ਹੈ ਅਤੇ ਪ੍ਰਦੂਸ਼ਣ ਦੀ ਸਮੱਸਿਆ ਵੀ ਬਣੀ ਰਹਿੰਦੀ ਹੈ। ਇਸ ਚੁਣੌਤੀ ਨਾਲ ਨਜਿੱਠਣ ਲਈ ਸਰਕਾਰ ਲਗਾਤਾਰ ਵਿਕਲਪਕ ਈਂਧਨਾਂ (Alternative Fuels) 'ਤੇ ਕੰਮ ਕਰ ਰਹੀ ਹੈ। ਪੈਟਰੋਲ ਵਿੱਚ ਐਥੇਨੋਲ ਮਿਲਾਉਣ ਤੋਂ ਬਾਅਦ ਹੁਣ ਸਰਕਾਰ ਡੀਜ਼ਲ ਲਈ ਵੀ ਇੱਕ ਨਵਾਂ ਪ੍ਰਯੋਗ ਕਰਨ ਦੀ ਤਿਆਰੀ ਕਰ ਰਹੀ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਸੰਕੇਤ ਦਿੱਤੇ ਹਨ ਕਿ ਭਵਿੱਖ ਵਿੱਚ ਡੀਜ਼ਲ ਵਿੱਚ 15 ਫੀਸਦੀ ਤੱਕ ਆਈਸੋਬਿਊਟੈਨੋਲ (Isobutanol) ਮਿਲਾਇਆ ਜਾ ਸਕਦਾ ਹੈ।
ਕੀ ਹੈ ਆਈਸੋਬਿਊਟੈਨੋਲ?
ਅੱਜ ਜੋ ਡੀਜ਼ਲ ਤੁਸੀਂ ਆਪਣੀ ਕਾਰ, ਟਰੈਕਟਰ, ਟਰੱਕ ਜਾਂ ਬੱਸ ਵਿੱਚ ਪਾਉਂਦੇ ਹੋ, ਭਵਿੱਖ ਵਿੱਚ ਉਸ ਵਿੱਚ ਇੱਕ ਖ਼ਾਸ ਕਿਸਮ ਦਾ ਬਾਇਓਫਿਊਲ ਵੀ ਸ਼ਾਮਲ ਹੋ ਸਕਦਾ ਹੈ। ਇਸ ਬਾਇਓਫਿਊਲ ਦਾ ਨਾਮ ਆਈਸੋਬਿਊਟੈਨੋਲ ਹੈ। ਇਹ ਖੇਤੀਬਾੜੀ ਉਤਪਾਦਾਂ ਅਤੇ ਹੋਰ ਜੈਵਿਕ ਸਰੋਤਾਂ ਤੋਂ ਤਿਆਰ ਕੀਤਾ ਜਾਂਦਾ ਹੈ। ਸਰਕਾਰ ਦਾ ਮੰਨਣਾ ਹੈ ਕਿ ਜੇ ਡੀਜ਼ਲ ਵਿੱਚ ਇਸ ਦੀ ਵਰਤੋਂ ਸ਼ੁਰੂ ਹੁੰਦੀ ਹੈ ਤਾਂ ਵਿਦੇਸ਼ੀ ਤੇਲ 'ਤੇ ਨਿਰਭਰਤਾ ਘਟੇਗੀ ਅਤੇ ਦੇਸ਼ ਵਿੱਚ ਤਿਆਰ ਹੋਣ ਵਾਲੇ ਈਂਧਨ ਨੂੰ ਉਤਸ਼ਾਹ ਮਿਲੇਗਾ।
ਹੁਣ ਡੀਜ਼ਲ ਲਈ ਵੀ ਨਵੇਂ ਵਿਕਲਪ
ਸਰਕਾਰ ਕਈ ਸਾਲਾਂ ਤੋਂ ਅਜਿਹੇ ਈਂਧਨਾਂ ਦੀ ਭਾਲ ਕਰ ਰਹੀ ਹੈ ,ਜੋ ਪੈਟਰੋਲ ਅਤੇ ਡੀਜ਼ਲ ਦਾ ਬਦਲ ਬਣ ਸਕਣ। ਐਥੇਨੋਲ ਬਲੈਂਡਿੰਗ ਨੂੰ ਚੰਗੀ ਸਫ਼ਲਤਾ ਮਿਲਣ ਤੋਂ ਬਾਅਦ ਹੁਣ ਡੀਜ਼ਲ ਲਈ ਵੀ ਨਵੇਂ ਵਿਕਲਪਾਂ 'ਤੇ ਕੰਮ ਹੋ ਰਿਹਾ ਹੈ। ਮਾਹਿਰਾਂ ਅਨੁਸਾਰ ਆਈਸੋਬਿਊਟੈਨੋਲ ਡੀਜ਼ਲ ਨਾਲ ਆਸਾਨੀ ਨਾਲ ਮਿਲ ਸਕਦਾ ਹੈ ਅਤੇ ਇੰਜਣ 'ਤੇ ਵੀ ਇਸ ਦਾ ਪ੍ਰਭਾਵ ਘੱਟ ਪੈਂਦਾ ਹੈ। ਇਸੇ ਕਰਕੇ ਇਸਨੂੰ ਭਵਿੱਖ ਦੇ ਈਂਧਨ ਵਜੋਂ ਦੇਖਿਆ ਜਾ ਰਿਹਾ ਹੈ।
ਜੇ ਇਹ ਯੋਜਨਾ ਲਾਗੂ ਹੁੰਦੀ ਹੈ ਤਾਂ ਇਸ ਦਾ ਅਸਰ ਸਿਰਫ਼ ਕਾਰਾਂ 'ਤੇ ਹੀ ਨਹੀਂ, ਸਗੋਂ: ਟਰੈਕਟਰਾਂ , ਟਰੱਕਾ ਬੱਸਾਂ , ਪਿਕਅੱਪ ਵਾਹਨਾਂ , JCB ਮਸ਼ੀਨਾਂ , ਹੋਰ ਭਾਰੀ ਵਾਹਨਾਂ 'ਤੇ ਵੀ ਪਵੇਗਾ। ਭਾਰਤ ਵਿੱਚ ਵੱਡੀ ਗਿਣਤੀ ਵਿੱਚ ਮਾਲ ਢੋਣ ਵਾਲੇ ਅਤੇ ਖੇਤੀਬਾੜੀ ਵਾਹਨ ਡੀਜ਼ਲ ਨਾਲ ਚਲਦੇ ਹਨ। ਇਸ ਲਈ ਇਹ ਬਦਲਾਅ ਕਰੋੜਾਂ ਵਾਹਨ ਮਾਲਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਹਾਲਾਂਕਿ, ਸਰਕਾਰ ਇਸ ਵੇਲੇ ਇਸ ਤਕਨੀਕ ਦੀ ਜਾਂਚ ਕਰ ਰਹੀ ਹੈ ਅਤੇ ਇਹ ਦੇਖਿਆ ਜਾ ਰਿਹਾ ਹੈ ਕਿ ਇਸ ਦਾ ਇੰਜਣ ਦੀ ਸਮਰੱਥਾ, ਮਾਈਲੇਜ ਅਤੇ ਵਾਹਨ ਦੀ ਉਮਰ 'ਤੇ ਕੀ ਅਸਰ ਪੈਂਦਾ ਹੈ।
ਪ੍ਰਦੂਸ਼ਣ ਘਟਾਉਣ ਵਿੱਚ ਮਿਲ ਸਕਦੀ ਹੈ ਮਦਦ
ਸਰਕਾਰ ਦਾ ਦਾਅਵਾ ਹੈ ਕਿ ਇਸ ਤਰ੍ਹਾਂ ਦੇ ਮਿਸ਼ਰਤ ਈਂਧਨ (Mixed Fuel) ਨਾਲ ਪ੍ਰਦੂਸ਼ਣ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ। ਡੀਜ਼ਲ ਇੰਜਣਾਂ ਤੋਂ ਨਿਕਲਣ ਵਾਲਾ ਧੂੰਆਂ ਅਤੇ ਕੁਝ ਹਾਨੀਕਾਰਕ ਗੈਸਾਂ ਘੱਟ ਹੋ ਸਕਦੀਆਂ ਹਨ। ਇਸ ਨਾਲ ਵਾਤਾਵਰਣ ਨੂੰ ਲਾਭ ਮਿਲੇਗਾ , ਹਵਾ ਦੀ ਗੁਣਵੱਤਾ (Air Quality) ਵਿੱਚ ਸੁਧਾਰ ਹੋਵੇਗਾ। ਇਸ ਤੋਂ ਇਲਾਵਾ ਜੇ ਦੇਸ਼ ਵਿੱਚ ਬਾਇਓਫਿਊਲ ਦਾ ਉਤਪਾਦਨ ਵਧਦਾ ਹੈ ਤਾਂ ਕਿਸਾਨਾਂ ਨੂੰ ਵੀ ਫ਼ਾਇਦਾ ਹੋ ਸਕਦਾ ਹੈ, ਕਿਉਂਕਿ ਬਾਇਓਫਿਊਲ ਬਣਾਉਣ ਲਈ ਖੇਤੀਬਾੜੀ ਨਾਲ ਜੁੜੇ ਕਈ ਸਰੋਤਾਂ ਦੀ ਵਰਤੋਂ ਕੀਤੀ ਜਾਂਦੀ ਹੈ।
ਕੀ ਗੱਡੀ ਦਾ ਮਾਈਲੇਜ ਘਟੇਗਾ?
ਵਾਹਨ ਮਾਲਕਾਂ ਦੇ ਮਨ ਵਿੱਚ ਕਈ ਸਵਾਲ ਹਨ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਇਸ ਨਵੇਂ ਈਂਧਨ ਨਾਲ ਗੱਡੀ ਦਾ ਮਾਈਲੇਜ ਘਟੇਗਾ , ਕੀ ਇੰਜਣ 'ਤੇ ਕੋਈ ਨਕਾਰਾਤਮਕ ਅਸਰ ਪਵੇਗਾ , ਕੀ ਪੁਰਾਣੇ ਡੀਜ਼ਲ ਵਾਹਨ ਵੀ ਇਸ ਈਂਧਨ 'ਤੇ ਆਸਾਨੀ ਨਾਲ ਚੱਲ ਸਕਣਗੇ? ਫਿਲਹਾਲ ਇਨ੍ਹਾਂ ਸਵਾਲਾਂ ਦੇ ਸਪੱਸ਼ਟ ਜਵਾਬ ਉਪਲਬਧ ਨਹੀਂ ਹਨ, ਕਿਉਂਕਿ ਟੈਸਟਿੰਗ ਅਜੇ ਵੀ ਜਾਰੀ ਹੈ। ਸਰਕਾਰ ਅਤੇ ਆਟੋਮੋਬਾਈਲ ਕੰਪਨੀਆਂ ਇਹ ਯਕੀਨੀ ਬਣਾਉਣਾ ਚਾਹੁੰਦੀਆਂ ਹਨ ਕਿ ਨਵੇਂ ਈਂਧਨ ਨਾਲ ਵਾਹਨਾਂ ਦੀ ਕਾਰਗੁਜ਼ਾਰੀ (Performance) 'ਤੇ ਕੋਈ ਮਾੜਾ ਅਸਰ ਨਾ ਪਵੇ।
Car loan Information:
Calculate Car Loan EMI