ਚੰਡੀਗੜ੍ਹ: ਆਮ ਆਦਮੀ ਪਾਰਟੀ ਵੱਲੋਂ ਤੇਲ ਦੀਆਂ ਕੀਮਤਾਂ ਦੇ ਵਿਰੁੱਧ ਅੱਜ ਸੂਬੇ ਭਰ ਵਿੱਚ ਜ਼ਿਲ੍ਹਾ ਪੱਧਰ 'ਤੇ ਰੋਸ ਪ੍ਰਦਰਸ਼ਨ ਕੀਤੇ ਗਏ। ਇਨ੍ਹਾਂ ਪ੍ਰਦਰਸ਼ਨਾਂ ਦੀ ਅਗਵਾਈ ਜ਼ਿਲ੍ਹਾ ਇੰਚਾਰਜਾਂ ਵੱਲੋਂ ਕੀਤੀ ਗਈ। 'ਆਪ' ਨੇ ਕਿਹਾ ਕਿ ਪੰਜਾਬ ਅਜਿਹਾ ਇਕ ਸੂਬਾ ਹੈ ਜਿੱਥੇ ਉੱਤਰ ਭਾਰਤ ਦੇ ਸੂਬਿਆਂ ਵਿੱਚੋਂ ਸਭ ਤੋਂ ਜ਼ਿਆਦਾ ਤੇਲ ਦੀਆਂ ਕੀਮਤਾਂ ਹਨ। ਉੱਤਰ ਭਾਰਤ ਦੇ ਸੂਬਿਆਂ ਦੇ ਮੁਕਾਬਲੇ ਪੰਜਾਬ ਵਿੱਚ ਪੈਟਰੋਲ 4.1 ਰੁਪਏ ਮਹਿੰਗਾ ਅਤੇ ਡੀਜ਼ਲ ਦੀ ਕੀਮਤ 3.1 ਸਭ ਤੋਂ ਜ਼ਿਆਦਾ ਹੈ  ।


ਉਨ੍ਹਾਂ ਕਿਹਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਸ਼ਾਹੀ ਫਾਰਮ ਹਾਊਸ ਵਿੱਚ ਬੈਠੇ ਹਨ, ਪਰ ਲੋਕਾਂ ਦੀਆਂ ਸਮੱਸਿਆਵਾਂ ਵੱਲ ਕੋਈ ਧਿਆਨ ਨਹੀਂ ਹੈ। ਕੈਪਟਨ ਸਾਹਿਬ ਸੂਬੇ ਦੀ ਸੰਪਤੀ ਤਾਂ ਮਾਫੀਆ ਨੂੰ ਲੁਟਾਕੇ ਆਪਣੀ ਅਤੇ ਆਪਣੇ ਚਹੇਤਿਆਂ ਦੀਆਂ ਤਿਜੌਰੀਆਂ ਭਰ ਰਹੇ ਹਨ, ਪ੍ਰੰਤੂ ਸਰਕਾਰੀ ਖਜ਼ਾਨਾ ਭਰਨ ਲਈ ਲੋਕਾਂ ਤੋਂ ਤੇਲ ਉੱਤੇ ਵਾਧੂ ਟੈਕਸ ਲੈ ਰਹੇ ਹਨ। ਜਿਸ ਨਾਲ ਤੇਲ ਦੀਆਂ ਕੀਮਤਾਂ ਵਿੱਚ ਹੋਰ ਵਾਧਾ ਹੋ ਰਿਹਾ ਹੈ। ਦਿਨੋਂ ਦਿਨ ਵਧਦੀਆਂ ਤੇਲ ਦੀਆਂ ਕੀਮਤਾਂ ਨਾਲ ਪਹਿਲਾਂ ਤੋਂ ਹੀ ਆਰਥਿਕ ਬੋਝ ਹੇਠ ਦੱਬੇ ਪੰਜਾਬ ਦੇ ਕਿਸਾਨਾਂ ਉੱਤੇ ਹੋਰ ਆਰਥਿਕ ਮਾਰ ਪਵੇਗੀ।


'ਆਪ' ਨੇ ਕਿਹਾ ਕਿ ਅੱਜ ਪੰਜਾਬ ਦੇ ਲੋਕਾਂ 'ਤੇ ਦੋਵੇਂ ਪਾਸੇ ਤੋਂ ਮਾਰ ਪੈ ਰਹੀ ਹੈ। ਇਕ ਪਾਸੇ ਤਾਂ ਕੇਂਦਰ ਦੀ ਮੋਦੀ ਸਰਕਾਰ ਕਿਸਾਨਾਂ ਵੱਲੋਂ ਆਪਣੀ ਹੋਂਦ ਨੂੰ ਬਚਾਉਣ ਲਈ ਕੀਤੇ ਜਾ ਰਹੇ ਕਿਸਾਨ ਅੰਦੋਲਨ ਨੂੰ ਕੁਚਲਣ ਲਈ ਤਰ੍ਹਾਂ ਤਰ੍ਹਾਂ ਦੇ ਜ਼ੁਲਮ ਕਰ ਰਹੀ ਹੈ। ਦੂਜੇ ਪਾਸੇ ਖੇਤੀ ਪ੍ਰਧਾਨ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੀ ਬਾਂਹ ਫੜ੍ਹਨ ਦੀ ਬਜਾਏ ਤੇਲ ਉੱਤੇ ਲਗਾਏ ਜਾ ਰਹੇ ਵਾਧੂ ਟੈਕਸ ਨਾਲ ਲੋਕਾਂ ਦਾ ਕਚੂੰਭਰ ਕੱਢ ਰਹੇ ਹਨ।