ਆਪਣੇ ਹੀ ਜਾਲ 'ਚ ਫਸੇ ਕੈਪਟਨ ਅਮਰਿੰਦਰ..!
ਏਬੀਪੀ ਸਾਂਝਾ | 11 Apr 2018 03:55 PM (IST)
ਪੁਰਾਣੀ ਤਸਵੀਰ
ਚੰਡੀਗੜ੍ਹ: ਹਾਈਪ੍ਰੋਫਾਈਲ ਡਰੱਗ ਕੇਸਾਂ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਖਾਮੋਸ਼ੀ 'ਤੇ ਹੁਣ ਪੰਜਾਬ ਤੋਂ ਲੈ ਕੇ ਦਿੱਲੀ ਤਕ ਸਵਾਲ ਉੱਠ ਰਹੇ ਹਨ ਕਿ ਆਖ਼ਰ ਵੱਡੇ ਅਫ਼ਸਰਾਂ ਤੇ ਨੇਤਾਵਾਂ ਵਿਰੁੱਧ ਨਸ਼ਿਆਂ ਦੇ ਮਾਮਲਿਆਂ ਬਾਰੇ ਰਿਪੋਰਟ ਆਉਣ ਤੋਂ ਬਾਅਦ ਵੀ ਕੈਪਟਨ ਕੋਈ ਕਾਰਵਾਈ ਕਿਉਂ ਨਹੀਂ ਕਰ ਰਹੇ? ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਨੂੰ ਅੱਜ ਖੁੱਲ੍ਹੀ ਚਿੱਠੀ ਲਿਖੀ ਹੈ, ਜਿਸ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਦਿਸ਼ਾ ਵਿੱਚ ਕੈਪਟਨ ਨੂੰ ਫੇਲ੍ਹ ਕਰਾਰ ਦਿੱਤਾ ਗਿਆ ਹੈ। ਖਹਿਰਾ ਨੇ ਕਿਹਾ ਹੈ ਕਿ ਕੈਪਟਨ ਨੇ ਮੁੱਖ ਮੰਤਰੀ ਬਣਦਿਆਂ ਹੀ ਛੱਤੀਸਗੜ੍ਹ ਨਕਸਲੀ ਆਪ੍ਰੇਸ਼ਨ ਵਿੱਚ ਲੱਗੇ ਵਧੀਕ ਡੀਜੀਪੀ ਹਰਪ੍ਰੀਤ ਸਿੱਧੂ ਨੂੰ ਰਾਤੋ-ਰਾਤ ਪੰਜਾਬ ਲਿਆ ਕੇ ਨਸ਼ਿਆਂ ਵਿਰੁੱਧ ਵਿਸ਼ੇਸ਼ ਟਾਸਕ ਫੋਰਸ ਦਾ ਮੁਖੀ ਥਾਪ ਦਿੱਤਾ ਪਰ ਹਾਈਕੋਰਟ ਦੇ ਹੁਕਮਾਂ 'ਤੇ ਹਰਪ੍ਰੀਤ ਸਿੱਧੂ ਨੇ ਮਜੀਠੀਆ ਦੇ ਨਸ਼ਾ ਕਾਰੋਬਾਰ ਵਿੱਚ ਸ਼ਾਮਲ ਹੋਣ ਦੀ ਰਿਪੋਰਟ ਦਿੱਤੀ ਤੇ ਕੈਪਟਨ ਨੇ ਉਸ 'ਤੇ ਵੀ ਕੋਈ ਕਾਰਵਾਈ ਨਹੀਂ ਕੀਤੀ। ਵਿਰੋਧੀ ਧਿਰ ਦਾ ਇਲਜ਼ਾਮ ਹੈ ਕਿ ਨਸ਼ਾ ਤਸਕਰੀ ਵਿੱਚ ਸ਼ਾਮਲ 'ਵੱਡੇ ਬੰਦਿਆਂ' 'ਤੇ ਕਾਰਵਾਈ ਕਰਨ ਦੀ ਥਾਂ ਕੈਪਟਨ ਉਨ੍ਹਾਂ ਪੁਲਿਸ ਅਫ਼ਸਰਾਂ ਦੇ ਖੰਭ ਕੁਤਰਨ ਵਿੱਚ ਲੱਗੇ ਹੋਏ ਹਨ ਜੋ ਨਸ਼ਿਆਂ ਵਿੱਚ ਲੱਗੇ ਹੋਏ ਰਸੂਖਵਾਨਾਂ 'ਤੇ ਸ਼ਿਕੰਜਾ ਕਸ ਰਹੇ ਹਨ। ਐਸਟੀਐਫ ਚੀਫ਼ ਨੂੰ ਮਜੀਠੀਆ ਵਿਰੁੱਧ ਰਿਪੋਰਟ ਦੇਣ ਤੋਂ ਬਾਅਦ ਕਮਜ਼ੋਰ ਕੀਤਾ ਗਿਆ, ਉਨ੍ਹਾਂ ਦੀ ਤਾਕਤ ਘਟਾ ਦਿੱਤੀ ਗਈ। ਹੁਣ ਨਸ਼ਾ ਕੇਸਾਂ ਦੀ ਜਾਂਚ ਲਈ ਬਣੀ ਹਾਈਕੋਰਟ ਦੀ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਡੀਜੀਪੀ ਸਿੱਧਾਰਥ ਚਟੋਪਾਧਿਆਏ ਨੇ ਆਪਣੇ ਦੋ ਹੋਰ ਹਮਰੁਤਬਾ, ਡੀਜੀਪੀ ਸੁਰੇਸ਼ ਅਰੋੜਾ ਤੇ ਦਿਨਕਰ ਗੁਪਤਾ ਦੀ ਭੂਮਿਕਾ ਬਾਰੇ ਹਾਈ ਕੋਰਟ ਵਿੱਚ ਸਵਾਲ ਚੁੱਕੇ ਤਾਂ ਮੁੱਖ ਮੰਤਰੀ SIT ਮੁਖੀ ਵਿਰੁੱਧ ਅਨੁਸ਼ਾਸਨਿਕ ਕਾਰਵਾਈ ਕਰਨ ਦੀ ਚੇਤਾਵਨੀ ਦੇ ਰਹੇ ਹਨ। ਹਾਲਾਂਕਿ, ਕਾਇਦੇ ਨਾਲ ਉਨ੍ਹਾਂ ਨੂੰ ਉਨ੍ਹਾਂ ਦੋਵਾਂ ਡੀ.ਜੀ.ਪੀਜ਼. ਨੂੰ ਹਟਾਉਣਾ ਚਾਹੀਦਾ ਹੈ, ਜਿਨ੍ਹਾਂ ਦੀ ਭੂਮਿਕਾ ਨਸ਼ਾ ਕੇਸਾਂ ਵਿੱਚ ਫਸੇ ਸੀਨੀਅਰ ਪੁਲਿਸ ਕਪਤਾਨ ਤੇ ਇੰਸਪੈਕਟਰ ਨੂੰ ਬਚਾਉਣ ਦੀ ਰਹੀ ਹੈ। ਅਕਾਲੀ ਦਲ ਤੇ ਕੈਪਟਨ ਦਰਮਿਆਨ ਗੰਢਤੁੱਪ ਦਾ ਇਲਜ਼ਾਮ ਲਾਉਂਦੇ ਖਹਿਰਾ ਨੇ ਕਿਹਾ ਕਿ ਇਹੋ ਕਾਰਨ ਹੈ ਕਿ ਸੁਖਬੀਰ ਬਾਦਲ ਇਸ ਮਾਮਲੇ ਵਿੱਚ ਹਾਲੇ ਤਕ ਕੁਝ ਨਹੀਂ ਬੋਲੇ। ਉਨ੍ਹਾਂ ਸਵਾਲ ਚੁੱਕਿਆ ਕਿ ਸੀ.ਐਮ. ਮਜੀਠੀਆ ਕੇਸ ਵਿੱਚ ਕਾਰਵਾਈ ਕਿਉਂ ਨਹੀਂ ਕਰਦੇ, ਕਿਉਂ DGPs ਨੂੰ ਬਚਾ ਰਹੇ ਹਨ? ਉੱਚ ਅਦਾਲਤ ਵਿੱਚ ਸਾਰਿਆਂ ਦੇ ਭੇਤ ਖੁੱਲ੍ਹਣ ਤੋਂ ਬਾਅਦ ਵੀ ਕੈਪਟਨ ਦਾ ਕੁਝ ਨਾ ਕਰਨਾ ਸਾਬਤ ਕਰਦਾ ਹੈ ਕਿ ਚੋਣ ਪ੍ਰਚਾਰ ਵਿੱਚ ਨਸ਼ੇ ਦੇ ਖ਼ਾਤਮੇ ਲਈ ਉਨ੍ਹਾਂ ਧਾਰਮਿਕ ਗ੍ਰੰਥਾਂ ਦੀਆਂ ਝੂਠੀਆਂ ਸਹੁੰਆਂ ਖਾਧੀਆਂ ਸਨ। ਉਧਰ ਡੀ.ਜੀ.ਪੀਜ਼. ਦੇ ਝਗੜੇ ਨੂੰ ਮਿਟਾਉਣ ਲਈ ਕੈਪਟਨ ਅੱਜ ਪੁਲਿਸ ਦੇ ਸਾਰੇ ਉੱਚ ਅਧਿਕਾਰੀਆਂ ਨੂੰ ਮਿਲ ਰਹੇ ਹਨ। ਮੌਜੂਦਾ ਹਾਲਾਤ ਵਿੱਚ ਕੈਪਟਨ ਦੀ ਕਪਤਾਨੀ 'ਤੇ ਸਵਾਲ ਉੱਠ ਰਹੇ ਹਨ ਕਿ ਉਹ ਜਿਵੇਂ ਕਹਿੰਦੇ ਹਨ, ਉਵੇਂ ਕਰਦੇ ਨਹੀਂ ਹਨ। ਜੋ ਉਹ ਕਰ ਰਹੇ ਹਨ, ਉਸ ਦੀ ਉਮੀਦ ਨਾ ਪੁਲਿਸ ਨੂੰ ਸੀ ਤੇ ਨਾ ਹੀ ਪੰਜਾਬ ਦੀ ਸਿਆਸਤ ਨੂੰ।