ਮਿਹਰਬਾਨ ਸਿੰਘ ਜੋਸਨ


 


 


ਮੈਂ ਉਸ ਨੂੰ ਗੌਰ ਨਾਲ ਵੇਖਿਆ 
ਤੇ ਪੁੱਛਿਆ ਕਿਉਂ ਖਾਲੀ ਤੇ ਸੱਖਣੀਆਂ ਨੇ
 ਤੇਰੀਆਂ ਅੱਖਾਂ ?
ਉਸ ਨੇ ਮੇਰੇ ਵੱਲ ਗੁੱਸੇ ਨਾਲ ਵੇਖਿਆ  
ਤੇ ਖੜ੍ਹੀ ਹੋ ਕੇ ਬੋਲਣ ਲੱਗ ਪਈ 
 "ਹਾਂ....ਮੇਰੀਆਂ ਅੱਖਾਂ ਸੱਖਣੀਆਂ ਨੇ  
ਕਿਉਂਕਿ ਤੈਨੂੰ ਚੰਗੀਆਂ ਤੇ ਪਰਵਾਨ ਨਹੀਂ
 ਮੇਰੀਆਂ ਅੱਖਾਂ ਵਿੱਚ ਸੁਪਨੇ  
ਕਿਉਂਕਿ ਤੈਨੂੰ ਚੰਗਾ ਨਹੀਂ ਲੱਗਦਾ 
ਕਿ ਮੈਂ ਤੇਰੇ ਨਾਲ ਬਰਾਬਰੀ ਦੀ ਗੱਲ ਕਰਾਂ
ਮੈਂ ਭੱਜਦੀ-ਭੱਜਦੀ ਟੁੱਟਦੀ-ਟੁੱਟਦੀ ਖਿੱਲਰ ਜਾਂਦੀ ਹਾਂ 
ਤੇ ਕੁੱਖ ਤੋਂ ਲੈ ਕੇ ਸ਼ਮਸ਼ਾਨ ਤੱਕ ਨਹੀਂ ਪੂਰਾ ਹੁੰਦਾ 
ਮੇਰਾ ਤੇਰੇ ਨਾਲ ਬਰਾਬਰੀ ਕਰਨ ਦਾ ਸਫ਼ਰ,
ਮੈਨੂੰ ਭੈੜੇ ਲੱਗਦੇ ਨੇ ਤੇਰੇ ਉਚਾਈ ਦੇ ਮਾਪਦੰਡ  
ਤਾਂਹੀਂਓਂ ਮੈਨੂੰ ਭੈੜੇ ਲੱਗਦੇ ਨੇ ਇਹ ਉੱਚੇ-ਉੱਚੇ ਪਹਾੜ
ਜੋ ਹਮੇਸ਼ਾਂ ਅਹਿਸਾਸ ਕਰਾਉਂਦੇ ਨੇ ਉੱਚੇ ਤੇ ਨੀਵੇਂ ਦਾ  
ਕਦੇ ਕਦੇ ਮੇਰਾ ਜੀਅ ਕਰਦੈ  
ਇਕ ਘਣ ਲਵਾਂ ਤੇ ਤੋੜ ਦੇਵਾਂ ਸਾਰੇ....ਪਹਾੜ 
ਉੱਚੇ ਨੂੰ ਨੀਵਾਂ ਕਰ ਦੇਵਾਂ ਤੇ ਊਣੇ ਨੂੰ ਭਰ ਦਿਆਂ
ਸਭ ਕੁਝ ਬਰਾਬਰ ਕਰ ਦੇਵਾਂ...
ਬਿਲਕੁਲ...ਸਮਤਲ..ਪੱਧਰਾ..ਤੇ ਇੱਕੋ ਜਿਹਾ
ਮੇਰੇ ਜੰਮਣ ਤੋਂ ਪਹਿਲਾਂ ਹੀ ਤੂੰ ਘੜਨ ਬਹਿ ਜਾਂਦਾ ਹੈ
ਮੈਨੂੰ ਮਾਰਨ, ਕੁਚਲਣ ਤੇ ਦੱਬਣ ਦੀਆਂ ਸਾਜ਼ਿਸ਼ਾਂ
ਜੰਮ ਵੀ ਪਵਾਂ ਤਾਂ ਮੇਰੇ ਨਾਲ ਹਰ ਥਾਂ ਹੁੰਦਾ ਹੈ ਪੱਖਪਾਤ
ਹਮੇਸ਼ਾਂ ਆਪਣੀ ਹੀ ਮਰਜ਼ੀ ਨਾਲ ਤੂੰ ਥੋਪਦਾ ਆਇਆ ਹੈਂ
ਮੇਰੀ ਹਰ ਮਰਜ਼ੀ ਦੇ ਉੱਪਰ ਆਪਣੀ ਮਰਜ਼ੀ,  
ਤੇ ਇੱਕ ਕਠਪੁਤਲੀ ਵਾਂਗ ਤੇਰਿਆਂ ਹੁਕਮਾਂ ਤੇ ਮਨ ਮਰਜ਼ੀਆਂ
ਦੇ ਇਸ਼ਾਰਿਆਂ ਤੇ ਨੱਚਦਾ ਰਹਿੰਦਾ ਹੈ ਮੇਰਾ ਕਿਰਦਾਰ  
ਕਿਉਂ ਮੇਰੇ ਜਵਾਨ ਹੁੰਦਿਆਂ ਹੀ 
ਉੱਚੀਆਂ ਹੋ ਜਾਂਦੀਆਂ ਨੇ ਤੇਰੇ ਘਰ ਦੀਆਂ ਕੰਧਾਂ
ਮੇਰਾ ਖਾਣਾ, ਪੀਣਾ, ਆਉਣਾ, ਜਾਣਾ' 
ਪੜ੍ਹਨਾ, ਉੱਠਣਾ, ਬੈਠਣਾ ਕਿਉਂ ਹਮੇਸ਼ਾ ਤੂੰ ਹੀ ਤੈਅ ਕਰਦਾ ਹੈਂ
ਤੇ ਲਾਉਣ ਬਹਿ ਜਾਂਦਾ ਹੈਂ ਮੇਰੇ ਲਿਬਾਸ ਤੇ ਪਾਬੰਦੀਆਂ
ਫੇਰ ਕਦੇ ਕਦੇ ਮੇਰਾ ਜੀ ਕਰਦਾ 
ਕਿ ਤੋੜ ਦੇਵਾਂ ਇਹ ਥੋਥੀਆਂ ਦੀਵਾਰਾਂ
ਛੱਡ ਦੇਵਾਂ ਸਾਰੇ ਰਿਸ਼ਤੇ ਨਾਤੇ... 
ਤੇ ਦੂਰ ਕਿਧਰੇ ਖੁੱਲੀ ਹਵਾ 'ਚ ਲਵਾਂ 
ਆਪਣੀ ਮਰਜ਼ੀ ਦਾ ਸਾਹ


ਐ ਮਰਦ…...
ਕਿਉਂ ਤੇਰੀ ਮੌਜ਼ੂਦਗੀ 'ਚ 
ਮੈਂ ਮਹਿਫੂਜ਼ ਮਹਿਸੂਸ ਨਹੀ ਕਰਦੀ
ਕਿਉਂ ਮੈਨੂੰ ਹੁੰਦੀ ਹੈ ਘੁਟਣ 
ਕਿਉਂਕਿ ਮੈਂ ਤੁਰਦੀ ਫਿਰਦੀ, ਉੱਠਦੀ ਬਹਿੰਦੀ, ਜਾਂਦੀ ਆਉਂਦੀ 
ਹਰ ਥਾਂ, ਹਰ ਜਗ੍ਹਾ ਤੇਰਾ ਸ਼ਿਕਾਰ ਬਣਦੀ ਹਾਂ
ਘਰ, ਸਕੂਲ, ਕਾਲਜ, ਬੱਸ ਅੱਡੇ ਤੇ ਦਫ਼ਤਰ  
ਹਰ ਜਗ੍ਹਾ ਮੇਰਾ ਪਿੱਛਾ ਕਰਦੀਆਂ ਨੇ 
ਤੇਰੀਆਂ ਗੰਦੀਆਂ ਅੱਖਾਂ 
ਤੇ ਤੂੰ ਲੈਂਦਾ ਰਹਿੰਦਾ ਹੈ ਆਪਣੀਆਂ ਅੱਖਾਂ ਨਾਲ 
ਮੇਰੇ ਜਿਸਮ ਦੀ ਤਲਾਸ਼ੀ  
ਤੇਰੀ ਗੰਦੀ ਸੋਚ ਕਰਕੇ ਮੈਨੂੰ ਬਦਲਣਾ ਪੈਂਦਾ ਹੈ 
ਆਉਣ ਜਾਣ ਉੱਠਣ ਬਹਿਣ ਤੇ ਪਹਿਨਣ ਪਚਰਨ ਦਾ ਤਰੀਕਾ
ਤੇ ਤੇਰੇ ਘਰ ਵਿੱਚ ਆਉਣ ਲਈ ਵੀ 
 ਮੈਨੂੰ ਹੀ  ਚੁਕਾਉਣੀ ਪੈਂਦੀ ਹੈ ਕੀਮਤ
ਤੇ ਨਾਲ ਲਿਆਉਣਾ ਪੈਂਦਾ ਹੈ 
ਆਪਣੀ ਜ਼ਰੂਰਤ ਦਾ ਸਾਰਾ ਸਾਮਾਨ
ਤੇ ਜਿੱਥੇ ਇਹ ਸਾਮਾਨ ਨਹੀਂ ਹੁੰਦਾ 
ਉਥੇ ਤਿਣਕਾ ਤਿਣਕਾ ਕਰਕੇ ਰੋਜ਼ ਬਾਲੀ ਜਾਂਦੀ ਹੈ ਮੇਰੀ ਚਿਤਾ  


ਤੂੰ ਹਮੇਸ਼ਾਂ ਮੇਰੇ ਮੂੰਹ ਵਿੱਚੋਂ ਹਾਂ ਹੀ ਸੁਣਨਾ ਚਾਹੁੰਦਾ ਹੈ
ਤੂੰ ਚਾਹੁੰਦਾ ਹਾਂ ਕਿ ਜੇ ਮੈਂ ਹੋਵਾਂ ਤਾਂ ਸਿਰਫ ਤੇਰੀ ਹੋਵਾਂ
ਜੇਕਰ ਮੈਂ ਇਨਕਾਰ ਕਰਦੀ ਹਾਂ 
ਤਾਂ ਤੂੰ ਕਰਦਾ ਹੈ ਮੇਰੇ ਨਾਲ ਬਲਾਤਕਾਰ 
ਜਾਂ ਫਿਰ ਸੁੱਟ ਦਿੰਦਾ ਹੈ 
ਮੇਰੇ ਮੂੰਹ ਤੇ ਤੇਜ਼ਾਬ ਦੀਆਂ ਬੂੰਦਾਂ 
ਫਿਰ ਮੇਰਾ ਜੀਅ ਕਰਦਾ ਹੈ 
ਕਿ ਇੱਕ ਤਲਵਾਰ ਲਵਾਂ ਤੇ ਵੱਢ ਦਿਆਂ 
ਤੇਰੇ ਹੱਥ.. ਪੈਰ ..ਨੱਕ ..ਬੁੱਲ ..ਕੰਨ.. ਅੱਖ ..
ਤੇ ਉਹ ਸਾਰਾ ਕੁਝ 
ਜੋ ਤੈਨੂੰ ਮਰਦ ਹੋਣਾ ਦਰਸਾਉਂਦਾ ਹੈ …"


ਉਹ ਗੁੱਸੇ ਵਿੱਚ ਤੇਜ਼ ਤੇਜ਼ ਸਾਹ ਲੈ ਕੇ 
ਉੱਚੀ ਉੱਚੀ ਬੋਲੀ ਜਾ ਰਹੀ ਸੀ.. i
ਮੈਂ ਉਸ ਦਾ ਇਲਾਜ ਲੱਭ ਲਿਆ ਸੀ  
ਮੈਂ ਉਸ ਨੂੰ ਠੀਕ ਕਰ ਸਕਦਾ ਸੀ ..
 
ਉਹ ਹੋਰ ਤੇਜ਼ ਹੋ ਗਈ... 
"ਸੁਣ ...ਸੁਣ ਐ ਮਰਦ  
ਸਿਰਫ਼ ਸਟੇਜਾਂ ਤੇ ਟੀ ਵੀ ਚੈਨਲਾਂ ਤੇ ਹੀ 
ਤੂੰ ਕਰਦਾ ਹੈ ਮੈਨੂੰ ਬਰਾਬਰ ਦਾ ਹੱਕ ਦੇਣ ਦੀਆਂ ਗੱਲਾਂ  
ਥੋਥੇ .. ਖਾਲੀ ਨੇ ਤੇਰੇ ਦਾਅਵੇ... 
ਤੇ ਝੂਠੇ ਨੇ ਤੇਰੇ ਸਾਰੇ ਆਂਕੜੇ  
ਪਰ ਹੁਣ ਅਜਿਹਾ ਨਹੀਂ ਹੋਵੇਗਾ 
ਮੇਰੇ ਤੱਕ.... ਮੇਰੇ ਤੱਕ  ਨਹੀਂ ਪਹੁੰਚੇਗੀ 
ਕਿਸੇ ਵੀ ਮਰਦ ਦੀ ਗੰਦੀ ਨਜ਼ਰ ਤੇ ਗੰਦੇ ਹੱਥ  ...
ਮੈਂ ਇੱਕ ਆਜ਼ਾਦ ਵਿਚਾਰਾਂ ਵਾਲੀ ਕੁੜੀ ਹਾਂ
ਤੇ ਮੈਂ ਕਦੀ ਤੇਰੇ ਹੱਥ ਨਹੀਂ ਆਵਾਂਗੀ...
ਤੇ ਇੰਨਾ ਕਹਿ ਕੇ 
ਉਹਨੇ ਇਕਦਮ ਛਾਲ ਮਾਰ ਦਿੱਤੀ  
ਹਸਪਤਾਲ ਦੀ ਅੱਠਵੀਂ ਮੰਜ਼ਿਲ ਤੋਂ ਥੱਲੇ ਆ ਕੇ 
ਮੈਂ ਲੋਕਾਂ ਵਿਚ ਘਿਰੀ ਵੇਖੀ ਸੀ  
ਖ਼ੂਨ ਨਾਲ ਲੱਥਪੱਥ ਉਹਦੀ ਲਾਸ਼  
ਜੋ ਸ਼ਾਇਦ ਮੈਨੂੰ ਹਾਲੇ ਵੀ ਕਈ ਸਵਾਲ ਕਰ ਰਹੀ ਸੀ
ਉਹਦੇ ਸਿਰ ਚੋਂ ਨਿਕਲੇ ਸੰਘਣੇ ਖ਼ੂਨ ਦੇ ਵਹਿਣ ਵਿੱਚ 
ਮੈਨੂੰ ਮੇਰੇ ਅੰਦਰਲੇ ਮਰਦ ਦਾ ਘਿਨੌਣਾ ਚਿਹਰਾ ਦਿਸਿਆ
ਤੇ  ਉਸ ਦਿਨ ਤੋਂ ਬਾਅਦ 
ਮੈਂ ਕਦੀ ਵੀ....
ਸ਼ੀਸ਼ਾ ਨਹੀਂ ਵੇਖਿਆ 


© ਲੇਖਕ : ਮਿਹਰਬਾਨ ਸਿੰਘ ਜੋਸਨ