ਕਵਸ਼ੀਰੀ ਪੰਜਾਬੀ ਸਾਹਿਤ ਦਾ ਬਹੁਤ ਹੀ ਮਹੱਤਵਪੂਰਨ ਅੰਗ ਹੈ। ਪਿੰਡ ਦੀਆਂ ਸੱਥਾਂ 'ਚੋਂ ਨਿਕਲੀ ਇਹ ਕਲਾ ਅੱਜ ਪੰਜਾਬੀ ਲੋਕ ਗਾਇਕੀ ਦਾ ਵੀ ਅਨਿੱਖੜਵਾਂ ਅੰਗ ਬਣ ਗਈ ਹੈ। ਪੰਜਾਬੀ ਸਾਹਿਤ ਵਿੱਚ ਜਿੱਥੇ ਸਾਡੇ ਵਿਦਵਾਨਾਂ ਨੇ ਅਨੇਕਾਂ ਹੀ ਖੋਜਾਂ ਕੀਤੀਆਂ ਪਰ ਕਵੀਸ਼ਰੀ ਸਬੰਧੀ ਕੋਈ ਜ਼ਿਆਦਾ ਮਿਹਨਤ ਨਹੀਂ ਕੀਤੀ। ਇਸ ਪ੍ਰਤੀ ਵਧੇਰੇ ਨਿਰਾਸ਼ਾ ਹੀ ਝਲਣੀ ਪਈ ਹੈ ਜਿਸ ਦਾ ਮੁੱਖ ਕਾਰਨ ਹੈ ਕਿ ਸਾਡੀ ਸੋਚ ਇਸ ਕਲਾ ਨੂੰ ਪਿੰਡਾਂ ਦੇ ਸਾਧਾਰਨ ਲੋਕਾਂ ਦੀ ਸਮਝ ਵਾਲੀ ਕਵਿਤਾ ਮੰਨ ਕੇ ਦੁਨੀਆ ਸਾਹਮਣੇ ਪੇਸ਼ ਕਰ ਰਹੀ ਹੈ।
ਅਸਲੀਅਤ ਤਾਂ ਇਹ ਹੈ ਕਿ ਕਵੀਸ਼ਰੀ ਲੋਕ ਅਨਭੂਤੀ ਦੇ ਸਭ ਤੋਂ ਨੇੜੇ ਹੈ। ਪੰਜਾਬ ਦੇ ਸਾਰੇ ਧਰਮਾਂ, ਜਾਤਾਂ ਨੇ ਇਸ ਦੀ ਸਿਰਜਨਾ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ ਜਿਸ ਵਿੱਚੋਂ ਜ਼ਿਆਦਾਤਰ ਕਵੀ ਗਰੀਬ ਤੇ ਕਿਸਾਨ ਸ੍ਰੇਣੀ ਨਾਲ ਸਬੰਧ ਰੱਖਦੇ ਸਨ। ਇਸ ਦਾ ਲਾਭ ਇਹ ਵੀ ਹੋਇਆ ਕਿ ਪੰਜਾਬ ਦੇ ਜੋ ਲੋਕ ਅਨਪੜ੍ਹ ਤੇ ਵਹਿਮਾਂ-ਭਰਮਾਂ ਵਿੱਚ ਫਸੇ ਹੋਏ ਸੀ, ਉਨ੍ਹਾਂ ਨੂੰ ਅਜਿਹੀਆਂ ਬੁਰਾਈਆਂ ਵਿੱਚੋਂ ਕੱਢਣ ਲਈ ਕਵੀਸ਼ਰੀ ਦੀ ਮਹੱਤਤਾ ਹੋਰ ਵੀ ਵੱਧ ਗਈ ਕਿਉਂਕਿ ਅਨਪੜ੍ਹ ਬੰਦੇ ਉਪਰ ਸਿਰਜੇ ਹੋਏ ਬੋਲਾਂ ਨਾਲੋਂ ਉਚਾਰੇ ਹੋਏ ਬੋਲਾਂ ਦਾ ਪ੍ਰਭਾਵ ਹਮੇਸ਼ਾ ਹੀ ਵੱਧ ਪੈਂਦਾ ਹੈ।
ਕਵੀਸ਼ਰੀ ਇੱਕ ਅਜਿਹੀ ਕਲਾ ਹੈ ਜਿਸ ਵਿੱਚ ਕਿਸੇ ਵਸਤੂ, ਕਥਾ ਜਾਂ ਸੱਭਿਆਚਾਰਕ ਮਸਲੇ ਦੀ ਪੇਸ਼ਕਾਰੀ ਪਰੰਪਰਾਗਤ ਵਿਧੀ ਨਾਲ ਕੀਤੀ ਜਾਂਦੀ ਹੈ। ਕਵੀਸ਼ਰੀ ਕਲਾ ਬਹੁਤ ਹੀ ਪ੍ਰਚੀਨ ਹੈ ਤੇ ਲੋਕ ਸਮੱਸਿਆ ਤੇ ਲੋਕ ਸੰਵੇਦਨ ਦੇ ਸਮਾਨ ਰਹਿ ਕੇ ਲੋਕ ਮਨਾਂ ਦੀ ਮਾਨਸਿਕ ਤੇ ਸਿਰਜਾਤਮਿਕ ਤ੍ਰਿਪਤੀ ਕਰਨ ਵਾਲਾ ਕਾਵਿ ਰੂਪ ਰਿਹਾ ਹੈ। ਕਵੀਸ਼ਰੀ ਦੇ ਪ੍ਰਮੁੱਖ ਛੰਦ ਜਿਨ੍ਹਾਂ ਵਿੱਚੋਂ ਕਲੀ ਛੰਦ, ਬਹੱਤਰ ਕਲਾ ਛੰਦ, ਬਾਬੂ ਚਾਲ ਛੰਦ, ਕਲੀ ਬੋਲੀ ਛੰਦ, ਝੋਕ ਚਾਲ ਛੰਦ, ਡੂਡਾ ਛੰਦ, ਅਮੌਲਕ ਛੰਦ ਆਦਿ ਪ੍ਰਮੁੱਖ ਹਨ।
ਕਵੀਸ਼ਰੀ ਹੋਰਨਾਂ ਸ਼ੈਲੀਆ ਨਾਲੋਂ ਵੱਖਰੀ ਹੈ ਕਿਉਂਕਿ ਉਨ੍ਹਾਂ ਸ਼ੈਲੀਆਂ ਵਿੱਚ ਸੰਗੀਤਕ ਸਾਜਾਂ ਦੀ ਮਦਦ ਲਈ ਜਾਂਦੀ ਹੈ ਜਿਸ ਕਾਰਨ ਸਾਜ ਨਾਲ ਗਾਉਣਾ ਸੌਖਾ ਹੋ ਜਾਂਦਾਂ ਹੈ ਤੇ ਸਾਜ ਨਾਲ ਗਾਉਂਦਿਆਂ ਗਾਇਕ ਨੂੰ ਵੀ ਦਮ ਮਿਲ ਜਾਂਦਾ ਹੈ ਪਰ ਕਵੀਸ਼ਰੀ ਨੂੰ ਨਿਰੰਤਰ ਸੁਰ ਤੇ ਤਾਲ ਵਿੱਚ ਬਿਨਾ ਸਾਜਾਂ ਤੋਂ ਗਾਇਆ ਜਾਂਦਾਂ ਹੈ। ਠੀਕ ਇਸੇ ਕਾਰਨ ਇੱਕ ਕਵੀਸ਼ਰ ਨੂੰ ਛੰਦ ਵੀ ਵਧੇਰੇ ਯਾਦ ਕਰਨੇ ਪੈਦੇਂ ਹਨ।
ਸੋ ਕਹਿਣ ਤੋਂ ਭਾਵ ਕਵੀਸ਼ਰੀ ਇੱਕ ਜਥੇ ਦੀ ਗਾਇਕੀ ਹੈ। ਜਥੇ ਵਿੱਚ ਤਿੰਨ ਜਾਂ ਚਾਰ ਮੈਂਬਰ ਹੁੰਦੇ ਹਨ ਜਿਸ ਵਿੱਚ ਆਮ ਤੌਰ 'ਤੇ ਇੱਕ ਜਥੇਦਾਰ ਜੋ ਗਾਏ ਜਾਣ ਵਾਲੇ ਪ੍ਰਸੰਗ ਦੀ ਵਿਆਖਿਆ ਕਰਦਾ ਹੈ ਤੇ ਬਾਕੀ ਮੈਂਬਰ ਉਸ ਨੂੰ ਬਹੁਤ ਹੀ ਖੁਬਸੂਰਤ ਅੰਦਾਜ ਵਿੱਚ ਛੰਦਬੰਧ ਹੋ ਕੇ ਉੱਚੀ ਤੇ ਲਚਕਦਾਰ ਆਵਾਜ਼ ਵਿੱਚ ਸਰੋਤਿਆਂ ਸਾਹਮਣੇ ਰੱਖਦੇ ਹਨ। ਇਸ ਕਲਾ ਵਿੱਚ ਜਥੇ ਨੂੰ ਮਾਨਤਾ ਵੀ ਉਦੋਂ ਹੀ ਪ੍ਰਾਪਤ ਹੁੰਦੀ ਹੈ, ਉਹ ਗਾਇਕੀ ਦੇ ਦੁਆਰਾ ਪੂਰਾ ਲੋਕਪ੍ਰਿਆ ਹੋ ਜਾਵੇ।
ਅੱਜ ਪੰਜਾਬ ਵਿੱਚ ਨਾਮਵਰ ਕਵੀਸ਼ਰ ਜਿਨ੍ਹਾਂ ਵਿੱਚ ਮਹਿਲ ਸਿੰਘ ਚੰਡੀਗੜ੍ਹ, ਭਗਵੰਤ ਸਿੰਘ ਸੂਰਵਿੰਡ, ਹਰਦੇਵ ਸਿੰਘ ਲਾਲ ਬਾਈ, ਸਵਰਗੀ ਜੋਗਾ ਸਿੰਘ ਜੋਗੀ, ਭੁਪਿੰਦਰ ਸਿੰਘ ਬੁਰਜ ਦੁਨਾਂ, ਗੁਰਪ੍ਰੀਤ ਸਿੰਘ ਹਠੂਰ ਤੇ ਜਰਨੈਲ ਸਿੰਘ ਸਭਰਾਂ ਦੇ ਨਾਮ ਪ੍ਰਮੁੱਖ ਹਨ। ਕਵੀਸ਼ਰੀ ਦੀ ਕਲਾ ਵਿੱਚ ਦੋਹਰੇ ਦੀ ਬਹੁਤ ਹੀ ਜ਼ਿਆਦਾ ਮਹੱਤਤਾ ਹੈ। ਇਸ ਦੀ ਵਰਤੋਂ ਕਿਸੇ ਵੀ ਛੰਦ ਨੂੰ ਗਾਇਕੀ ਰੂਪ ਵਿੱਚ ਪੇਸ਼ ਕਰਨ ਤੋਂ ਪਹਿਲਾਂ ਸੁਰ ਦੇ ਰੂਪ ਵਿੱਚ ਕੀਤੀ ਜਾਂਦੀ ਹੈ।
ਇਹ ਕਲਾ ਸਾਜਾਂ ਤੋਂ ਬਿਨਾਂ ਗਾਉਣ ਵਾਲੀ ਕਲਾ ਹੈ ਜਿਸ ਕਾਰਨ ਸੁਰ ਨੂੰ ਕਿੱਥੇ ਰੱਖ ਕੇ ਗਾਉਣਾ ਹੈ, ਇਹ ਦੋਹਰਾ ਗਾਉਣ ਵਾਲੇ 'ਤੇ ਹੀ ਨਿਰਭਰ ਹੁੰਦਾ ਹੈ। ਜੇਕਰ ਕਵੀਸ਼ਰੀ ਨੂੰ ਗਾਉਣ ਦੀ ਗੱਲ ਕਰੀਏ ਤਾਂ ਮਾਲਵੇ ਖੇਤਰ ਵਿੱਚੋਂ ਨਿਕਲੀ ਇਸ ਸ਼ੈਲੀ ਨੂੰ ਮਾਝੇ ਨੇ ਸਾਂਭਿਆ ਤੇ ਬਹੁਤ ਹੀ ਮਹਾਨ ਕਵੀਸ਼ਰ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਪਾਏ ਪਰ ਅੱਜ ਇਸ ਕਲਾ ਨੂੰ ਧਾਰਮਿਕ ਸਟੇਜਾਂ ਤੇ ਵਧੇਰੇ ਗਾਇਆ ਜਾ ਰਿਹਾ ਹੈ ਜਿਸ ਨਾਲ ਅੱਜ ਕਵੀਸ਼ਰ ਪੰਜਾਬ ਦੀਆਂ ਸਟੇਜਾਂ ਦੇ ਸ਼ਿੰਗਾਰ ਹਨ।
ਪਿੰਡ ਦੀਆਂ ਸੱਥਾ ਤੇ ਸੱਭਿਆਚਰਕ ਮੇਲਿਆਂ ਵਿੱਚ ਵੀ ਇਸ ਕਲਾ ਨੂੰ ਸਾਂਭਣ ਦੇ ਯਤਨ ਜਾਰੀ ਹਨ ਜਿਨ੍ਹਾਂ ’ਚ ਮਾਲਵੇ ਦੇ ਕਵੀਸ਼ਰ ਅੱਜ ਵੀ ਆਪਣੀ ਪੁਰਾਤਨ ਪੁਸ਼ਾਕ ਵਿੱਚ ਸੱਜ ਕੇ ਆਪਣੀ ਇਸ ਕਲਾ ਦੇ ਜੌਹਰ ਦਿਖਾਉਂਦੇ ਹਨ। ਦੂਸਰੇ ਪਾਸੇ ਪੰਜਾਬ ’ਚ ਯੂਨੀਵਰਸਟੀਆਂ ਦੀਆਂ ਸਟੇਜਾਂ ਦਾ ਵੀ ਕਵੀਸ਼ਰੀ ਨੂੰ ਸ਼ਿੰਗਾਰ ਮੰਨਿਆ ਜਾਂਦਾ ਹੈ। ਯੁਵਕ ਮੇਲਿਆਂ ਵਿੱਚ ਬਹੁਤ ਹੀ ਵੱਡੀ ਪੱਧਰ ਤੇ ਵਿਦਿਆਰਥੀ ਇਨ੍ਹਾਂ ਮੁਕਾਬਲਿਆਂ ’ਚ ਭਾਗ ਲੈ ਕੇ ਅਪਣੀ ਪੇਸ਼ਕਾਰੀ ਦਿੰਦੇ ਹਨ ਤੇ ਛੰਦਬੰਧ ਕਵੀਸ਼ਰੀ ਸੁਣਾ ਸਰੋਤਿਆਂ ਨੂੰ ਨਿਹਾਲ ਕਰਦੇ ਹਨ।
ਜਿਥੇ ਸਾਡੀਆਂ ਅਨੇਕਾਂ ਕਲਾਵਾਂ ਅੱਜ ਜਗਤ ਪ੍ਰਸਿੱਧ ਹਨ, ਉਨ੍ਹਾਂ ਦੇ ਮੁਕਾਬਲੇ ਇਹ ਕਲਾ ਬਹੁਤ ਹੀ ਘੱਟ ਅੱਗੇ ਆਈ ਹੈ। ਸੋ ਸਾਡੀਆਂ ਸਰਕਾਰਾਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਅਜਿਹੀਆ ਕਲਾਵਾਂ ਬਚਪਨ ਵਿੱਚ ਹੀ ਵਿਦਆਰਥੀਆਂ ਦੇ ਸਿਲੇਬਸ ਦਾ ਹਿੱਸਾ ਬਣਨ ਤਾਂ ਕਿ ਉਨ੍ਹਾਂ ਨੂੰ ਆਪਣੇ ਵਿਰਸੇ ਤੇ ਲੋਕ ਕਲਾਵਾਂ ਦੀ ਸਮਝ ਛੋਟੇ ਹੁੰਦਿਆਂ ਹੀ ਸਮਝ ਵਿੱਚ ਪੈ ਸਕੇ।
ਪਰਮਜੀਤ ਸਿੰਘ
9872135434
Election Results 2024
(Source: ECI/ABP News/ABP Majha)
ਅਲੋਪ ਹੋ ਰਿਹਾ ਪੰਜਾਬੀ ਲੋਕ ਗਾਇਕੀ ਦਾ ਜੋਸ਼ੀਲਾ ਅੰਦਾਜ਼ ਕਵੀਸ਼ਰੀ
ਏਬੀਪੀ ਸਾਂਝਾ
Updated at:
13 May 2020 12:35 PM (IST)
ਕਵਸ਼ੀਰੀ ਪੰਜਾਬੀ ਸਾਹਿਤ ਦਾ ਬਹੁਤ ਹੀ ਮਹੱਤਵਪੂਰਨ ਅੰਗ ਹੈ। ਪਿੰਡ ਦੀਆਂ ਸੱਥਾਂ 'ਚੋਂ ਨਿਕਲੀ ਇਹ ਕਲਾ ਅੱਜ ਪੰਜਾਬੀ ਲੋਕ ਗਾਇਕੀ ਦਾ ਵੀ ਅਨਿੱਖੜਵਾਂ ਅੰਗ ਬਣ ਗਈ ਹੈ। ਪੰਜਾਬੀ ਸਾਹਿਤ ਵਿੱਚ ਜਿੱਥੇ ਸਾਡੇ ਵਿਦਵਾਨਾਂ ਨੇ ਅਨੇਕਾਂ ਹੀ ਖੋਜਾਂ ਕੀਤੀਆਂ ਪਰ ਕਵੀਸ਼ਰੀ ਸਬੰਧੀ ਕੋਈ ਜ਼ਿਆਦਾ ਮਿਹਨਤ ਨਹੀਂ ਕੀਤੀ। ਇਸ ਪ੍ਰਤੀ ਵਧੇਰੇ ਨਿਰਾਸ਼ਾ ਹੀ ਝਲਣੀ ਪਈ ਹੈ ਜਿਸ ਦਾ ਮੁੱਖ ਕਾਰਨ ਹੈ ਕਿ ਸਾਡੀ ਸੋਚ ਇਸ ਕਲਾ ਨੂੰ ਪਿੰਡਾਂ ਦੇ ਸਾਧਾਰਨ ਲੋਕਾਂ ਦੀ ਸਮਝ ਵਾਲੀ ਕਵਿਤਾ ਮੰਨ ਕੇ ਦੁਨੀਆ ਸਾਹਮਣੇ ਪੇਸ਼ ਕਰ ਰਹੀ ਹੈ।
- - - - - - - - - Advertisement - - - - - - - - -