ਸਾਗਰ ਰੇਲਵੇ ਸਟੇਸ਼ਨ ਤੋਂ ਬਾਹਰ ਨਿਕਲ ਹੀ ਰਿਹਾ ਸੀ ਕਿ ਉੱਥੇ ਇੱਕ ਅੱਧਖੜ ਉਮਰ ਦੀ ਔਰਤ ਨੇ ਇੱਕ ਪਰਚੀ ਓਹਦੇ ਵੱਲ ਵਧਾਉਂਦੇ ਹੋਏ ਕਿਹਾ ਕਿ 'ਪੁੱਤਰ ਸਾਨੂੰ ਘਰਦਿਆਂ ਨੇ ਲੈਣ ਆਉਣਾ ਸੀ, ਉਹ ਆਏ ਨਹੀਂ ਆਏ, ਇਹ ਉਨ੍ਹਾਂ ਦਾ ਨੰਬਰ ਹੈ, ਤੁਸੀਂ ਆਪਣੇ ਮੋਬਾਈਲ ਫੋਨ ਤੋਂ ਉਨ੍ਹਾਂ ਨਾਲ ਗੱਲ ਕਰਵਾ ਦਿਓ, ਸਾਡਾ ਮੋਬਾਈਲ ਬੰਦ ਹੋ ਗਿਆ ਹੈ'। ਸਾਗਰ ਨੇ ਆਂਟੀ ਕੋਲੋਂ ਨੰਬਰ ਲਿਆ ਤੇ ਆਪਣੇ ਮੋਬਾਈਲ ਤੋਂ ਉਨ੍ਹਾਂ ਦੀ ਗੱਲ ਕਰਵਾ ਦਿੱਤੀ।



ਹਾਲੇ ਆਂਟੀ ਗੱਲ ਹੀ ਕਰ ਰਹੀ ਸੀ ਕਿ ਇੰਨੀ ਦੇਰ ਵਿੱਚ ਦੋ ਜਵਾਨ ਕੁੜੀਆਂ ਜੋ ਸ਼ਾਇਦ ਉਸ ਬਜ਼ੁਰਗ ਔਰਤ ਦੇ ਨਾਲ ਹੀ ਸਨ, ਉਹ ਵੀ ਉੱਥੇ ਪਹੁੰਚ ਗਈਆਂ। ਬਜ਼ੁਰਗ ਆਂਟੀ ਸ਼ਾਇਦ ਚੰਗੀ ਤਰ੍ਹਾਂ ਸਮਝ ਨਹੀਂ ਪਾ ਰਹੀ ਸੀ, ਇਸ ਲਈ ਉਨ੍ਹਾਂ ਵਿੱਚੋਂ ਇੱਕ ਕੁੜੀ ਨੇ ਫ਼ੋਨ ਫੜਿਆ ਤੇ ਸਲੀਕੇ ਨਾਲ ਪਾਸੇ ਹੋ ਕੇ ਗੱਲ ਕਰਨ ਲੱਗ ਪਈ। ਗੱਲ ਕਰਦੀ ਦੇ ਗੱਲਾਂ ਨਾਲ ਖਹਿੰਦੇ ਝੁੰਮਕੇ ਤੇ ਖੁੱਲ੍ਹੇ ਵਾਲ ਕਿਸੇ ਦਾ ਵੀ ਧਿਆਨ ਖਿੱਚ ਸਕਦੇ ਸੀ।


ਇਧਰ ਨੇੜੇ ਹੀ ਮੋਟੀਆਂ-ਮੋਟੀਆਂ ਅੱਖਾਂ ਤੇ ਪੀਲੇ ਸੂਟ ਵਾਲੀ  20 ਕੁ ਸਾਲਾਂ ਦੀ ਦੂਜੀ ਕੁੜੀ ਵੀ ਸਫ਼ਰ ਤੋਂ ਆਈ ਹੋਣ ਕਰਕੇ ਆਪਣੇ ਆਪ ਨੂੰ ਕਾਹਲੀ ਕਾਹਲੀ ਸ਼ਿੰਗਾਰ ਰਹੀ ਸੀ। ਉਸ ਨੇ ਵਾਲ ਵਾਹ ਕੇ ਥੋੜ੍ਹੇ ਸੈੱਟ ਜਿਹੇ ਕੀਤੇ ਤੇ ਫੇਰ ਬੈਂਚ ਤੇ ਬਹਿ ਕੇ ਬੁੱਲ੍ਹਾ 'ਤੇ ਲਿਪਸਟਿਕ ਲਾਉਣ ਲੱਗ ਪਈ। ਛੋਟੇ ਜਿਹੇ ਗੋਲ ਸ਼ੀਸ਼ੇ 'ਚ ਸਾਗਰ ਨੂੰ ਪਿੱਛੋਂ ਉਸ ਦੇ ਇਕੱਲੇ ਬੁੱਲ ਹੀ ਨਜ਼ਰ ਆ ਰਹੇ ਸੀ ਜੋ ਇਵੇਂ ਲੱਗਦਾ ਸੀ ਕਿ ਕਿਸੇ ਨੇ ਗੁਲਾਬ ਦੇ ਫੁੱਲ ਦੀਆਂ ਦੋ ਪੰਖੜੀਆਂ ਸਲੀਕੇ ਨਾਲ ਸਜਾ ਕੇ ਰੱਖੀਆਂ ਹੋਣ।


ਪਹਿਲੀ ਕੁੜੀ ਨੇ ਫੋਨ 'ਤੇ ਗੱਲ ਖ਼ਤਮ ਕੀਤੀ ਤੇ ਸਾਗਰ ਦਾ ਮੋਬਾਈਲ ਉਸ ਨੂੰ ਵਾਪਸ ਫੜਾਉਂਦੇ ਹੋਏ ਹੱਸ ਕੇ ਅੱਧੀਆਂ ਕੁ ਅੱਖਾਂ ਬੰਦ ਕਰਕੇ ਬੋਲੀ, ਜੀ ਤੁਹਾਡਾ ਬਹੁਤ ਬਹੁਤ ਧੰਨਵਾਦ... ਤੁਸੀ ਇੱਥੋਂ ਲੋਕਲ ਹੀ ਓ ? ਸਾਗਰ ਨੇ ਕਿਹਾ ਹਾਂਜੀ, ਉਸ ਨੇ ਹੱਥ ਮਿਲਾਉਂਦੇ ਹੋਏ ਕਿਹਾ 'ਮੈਂ ਸਿਮਰਨ ਤੇ ਇਹ ਗਗਨ ਨੇ ਤੇ ਇਹ ਸਾਡੀ ਆਂਟੀ... ਸਾਗਰ ਨੇ ਆਪਣਾ ਨਾਮ ਦੱਸਿਆ ਤੇ ਨਾਲ ਹੀ ਇਹ ਵੀ ਦੱਸਿਆ ਕਿ ਉਹ ਮੀਡੀਆ ਇੰਡਸਟਰੀ ਵਿੱਚ ਕੰਮ ਕਰਦਾ ਹੈ। 



ਉਹ ਬੋਲੀ ਵਾਹ ਬਹੁਤ ਸੋਹਣਾ ਨਾਮ ਐ ਤੇ ਤੁਸੀਂ ਆਪਣੇ ਨਾਮ ਵਰਗੇ ਹੀ ਓ...ਸਾਗਰ ਵਾਂਗ ਵਿਸ਼ਾਲ ਦਿਲ...ਹੱਥ ਮਿਲਾਉਂਦੇ ਹੋਏ...ਮਜਾਕੀਆ ਲਹਿਜੇ 'ਚ ਬੋਲੀ...ਸਾਗਰ ਸਾਹਿਬ...ਰਹਿਮਤ ਦੀਆਂ ਕੁਝ ਬੂੰਦਾਂ ਸਾਡੇ ਹਿੱਸੇ ਕਰਨ ਲਈ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਜੀ...ਜਿਉਂ ਹੀ ਉਸ ਨੇ ਅੱਖਾਂ ਮਟਕਾ ਕੇ ਹੱਸਦੇ ਹੋਏ ਉਸ ਨਾਲ ਹੱਥ ਮਿਲਾਇਆ, ਸਾਗਰ ਨੂੰ ਲੱਗਿਆ ਜਿਵੇਂ ਉਸ ਕੁੜੀ ਨੇ ਉਸ ਦੇ ਦਿਲ ਅੰਦਰ ਬਹਿ ਕੇ ਕੁੰਢੀ ਲਗਾ ਲਈ ਹੋਵੇ...।


ਸਾਗਰ ਨੇ ਥੋੜ੍ਹਾ ਸੰਗੇ ਹੋਏ...ਅੱਖਾਂ 'ਚ ਅੱਖਾਂ ਪਾ ਕੇ ਕਿਹਾ...ਕੋਈ ਨਹੀਂ ਜੀ ਧੰਨਵਾਦ ਵਾਲੀ ਕਿਹੜੀ ਗੱਲ ਐ..। ਸ਼ਾਇਦ ਬੇਗਾਨਾ ਸ਼ਹਿਰ ਹੋਣ ਕਰਕੇ ਆਂਟੀ ਥੋੜ੍ਹੀ ਘਬਰਾਈ ਹੋਈ ਸੀ। ਸਾਗਰ ਨੇ ਪੁੱਛਿਆ ਆਂਟੀ ਤੁਸੀ ਸ਼ਾਇਦ ਕਿਤਿਓਂ ਬਾਹਰੋਂ ਆਏ ਓ...! ਕੋਈ ਹੋਰ ਮਦਦ ਚਾਹੀਦੀ ਹੈ ਤਾਂ ਦੱਸੋ ? ਉਨ੍ਹਾਂ ਨੇ ਕਿਹਾ ਤੁਹਾਡਾ ਬਹੁਤ-ਬਹੁਤ ਧੰਨਵਾਦ ਪੁੱਤਰ। ਹੁਣ ਗੱਲ ਹੋ ਗਈ ਓਹ ਆ ਹੀ ਰਹੇ ਨੇ। ਸਾਗਰ ਨੇ ਦੁਬਾਰਾ ਫਿਰ ਸਿਰ ਦੇ ਇਸ਼ਾਰੇ ਨਾਲ ਵਿਦਾ ਲਈ ਤੇ ਵਾਪਸ ਆਪਣੇ ਦਫ਼ਤਰ ਪਹੁੰਚ ਗਿਆ।'



ਓਸ ਕੁੜੀ ਦਾ ਹੱਥ ਮਿਲਾਉਣ ਦਾ ਸਟਾਇਲ, ਹੱਥ ਜੋੜਕੇ ਸ਼ੁਕਰੀਆ ਕਰਨ ਦੀ ਅਦਾ...ਤੇ ਗੱਲਾਂ ਨਾਲ ਖਹਿੰਦੇ ਓਹ ਝੁਮਕੇ ਓਹਨੂੰ ਵਾਰ ਵਾਰ ਚੇਤੇ ਆ ਰਹੇ ਸੀ। ਸਾਗਰ ਦੇ ਦਿਲ ਤੇ ਓਹ ਕੁੜੀ ਗੂਹੜੀ ਛਾਪ ਛੱਡ ਗਈ ਸੀ...ਓਹ ਸ਼ਾਮ ਤੱਕ ਓਸੇ ਕੁੜੀ ਦੇ ਖਿਆਲਾਂ ਵਿੱਚ ਗੁਆਚਾ ਰਿਹਾ...ਓਸਦੀ ਦਫਤਰ ਵਿੱਚ ਹੀ ਮੇਜ 'ਤੇ ਸਿਰ ਰੱਖਕੇ ਬੈਠੇ ਦੀ ਕਦੋਂ ਅੱਖ ਲੱਗ ਗਈ ਉਸ ਨੂੰ ਪਤਾ ਹੀ ਨਹੀਂ ਚੱਲਿਆ।


ਅਚਾਨਕ ਤਿੰਨ-ਚਾਰ ਘੰਟੇ ਬਾਅਦ ਫੋਨ ਦੀ ਘੰਟੀ ਨਾਲ ਓਹ ਤ੍ਰਭਕ ਕੇ ਉੱਠਿਆ, ਪੁਲਿਸ ਸਟੇਸ਼ਨ ਵੱਲੋਂ ਫੋਨ ਸੀ ਕਿ ਤੁਸੀਂ ਤੁਰੰਤ ਪੁਲਿਸ ਸਟੇਸ਼ਨ ਪੁੱਜੋ, ਸਾਗਰ ਮੀਡੀਆ ਤੋਂ ਸੀ ਤੇ ਉਸ ਦੀ ਵਧੀਆ ਜਾਣ-ਪਹਿਚਾਣ ਸੀ। ਪਤਾ ਕੀਤਾ ਤਾਂ ਸਿਰਫ ਇੰਨਾ ਹੀ ਪਤਾ ਲੱਗਾ ਕਿ ਕਿਸੇ ਕੇਸ ਦੇ ਸਿਲਸਿਲੇ ਵਿੱਚ ਉਨ੍ਹਾਂ ਨੂੰ ਸਾਗਰ ਦੀ ਜ਼ਰੂਰਤ ਸੀ।


ਸਾਗਰ ਕੁਝ ਪੱਤਰਕਾਰ ਸਾਥੀਆਂ ਨਾਲ ਜਦੋਂ ਪੁਲਿਸ ਸਟੇਸ਼ਨ ਪਹੁੰਚਿਆ ਤਾਂ ਉੱਥੇ ਉਹੀ ਆਂਟੀ ਤੇ ਨਾਲ ਉਹ ਦੋ ਕੁੜੀਆਂ ਵੀ ਬੈਠੀਆਂ ਸੀ। ਉਸ ਨੂੰ ਇੰਸਪੈਕਟਰ ਨੇ ਪੁੱਛਿਆ ਕਿ ਤੁਸੀਂ ਜਾਣਦੇ ਓ ਇਨ੍ਹਾਂ ਨੂੰ? ਸਾਗਰ ਨੇ ਦੱਸਿਆ ਕਿ ਹਾਂ ਅੱਜ ਮੈਨੂੰ ਸਟੇਸ਼ਨ ਉੱਤੇ ਇਵੇਂ-ਇਵੇਂ ਮਿਲੀਆਂ ਸੀ ਤੇ ਇਸ ਤਰ੍ਹਾਂ ਓਹਨੇ ਇਨ੍ਹਾਂ ਦੇ ਪਰਿਵਾਰ ਵਾਲਿਆਂ ਨਾਲ ਮੇਰੇ ਫ਼ੋਨ ਤੋਂ ਗੱਲ ਕਰਵਾਈ ਸੀ। ਉਸ ਬਜ਼ੁਰਗ ਅੰਟੀ ਨੂੰ ਪੁੱਛਿਆ ਕਿ ਤੁਸੀ ਇਸ ਨੂੰ (ਸਾਗਰ ਨੂੰ) ਕਦੋਂ ਤੋਂ ਜਾਣਦੇ ਓ...ਤਾਂ ਉਨ੍ਹਾਂ ਨੇ ਵੀ ਇਹੀ ਦੱਸਿਆ ਕਿ ਮੈਂ ਤਾਂ ਇਨ੍ਹਾਂ ਨੂੰ ਅੱਜ ਹੀ ਮਿਲੀ ਸੀ ਸਟੇਸ਼ਨ ਉੱਤੇ। 



ਸਾਗਰ ਨੇ ਪੁਲਿਸ ਅਫਸਰ ਨੂੰ ਪੁੱਛਿਆ ਕਿ ਮਾਮਲਾ ਕੀ ਹੈ? ਤਾਂ ਉਨ੍ਹਾਂ ਨੇ ਕਿਹਾ ਕਿ ਸ਼੍ਰੀਮਾਨ ਜੀ ਬਚ ਗਏ ਹੋ ਤੁਸੀਂ...ਅਸੀਂ ਇਨ੍ਹਾਂ ਲੋਕਾਂ ਨੂੰ ਫਾਲੋ ਕਰ ਰਹੇ ਸੀ। ਇਹ ਔਰਤ ਦੇਹ-ਵਪਾਰ ਦਾ ਧੰਦਾ ਕਰਦੀ ਹੈ ਤੇ ਹਰਿਆਣਾ ਵੱਲੋਂ ਲੜਕੀਆਂ ਲਿਆ ਕੇ ਇੱਥੇ ਲੋਕਾਂ ਨੂੰ ਸਪਲਾਈ ਕਰਦੀ ਹੈ। ਅਸੀਂ ਅੱਜ ਟਰੈਪ ਲਗਾਇਆ ਹੋਇਆ ਸੀ। ਜਿਸ ਵਿਅਕਤੀ ਨੂੰ ਕਾਲ ਕੀਤੀ ਗਈ ਸੀ, ਓਹਨੂੰ ਅਸੀਂ ਪਹਿਲਾਂ ਹੀ ਦਬੋਚਿਆ ਹੋਇਆ ਸੀ। ਉਸ ਦੀ ਰਿਸੀਵਿੰਗ ਕਾਲ ਵਿੱਚ ਤੁਹਾਡਾ ਨੰਬਰ ਸੀ, ਓਸੇ ਵਿਅਕਤੀ ਦੇ ਜਰੀਏ ਇਹ ਕੁੜੀਆਂ ਸਪਲਾਈ ਕੀਤੀਆਂ ਜਾਣੀਆਂ ਸਨ। 



ਇਹ ਗੱਲ ਸੁਣਦੇ ਹੀ ਸਾਗਰ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਇੰਸਪੈਕਟਰ ਨੇ ਦੱਸਿਆ ਕਿ ਇਹ ਕੁੜੀਆਂ ਯੂਨੀਵਰਸਿਟੀ 'ਚ ਪੜ੍ਹਦੀਆਂ ਨੇ ਤੇ ਦੋਵੇਂ ਹੋਸਟਲ 'ਚ ਰਹਿੰਦੀਆਂ ਨੇ। ਆਪਣੇ ਵਾਧੂ ਖਰਚੇ ਪੂਰੇ ਕਰਨ ਲਈ ਮਹੀਨੇ 'ਚ 4-5 ਦਿਨ ਬਾਹਰ ਲਾ ਆਉਂਦੀਆਂ ਨੇ। ਇਸ ਤੋਂ ਬਾਅਦ ਉਸ ਔਰਤ ਨੇ ਅੱਧਾ ਘੰਟਾ ਜੋ ਡਰਾਮਾ ਕੀਤਾ ਉਹ ਗਾਲੀ-ਗਲੋਚ... ਉਹ ਪੁਲਿਸ ਨਾਲ ਉਲਝਣ ਦਾ ਕ੍ਰਿਮੀਨਲ ਪ੍ਰੋਫਸ਼ਨਲ ਸਟਾਇਲ ਵੇਖ ਕੇ ਸਾਗਰ ਦੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਗਈਆਂ। 


ਓਹ ਕੁੜੀਆਂ ਸ਼ਾਇਦ ਇਸ ਅੰਜ਼ਾਮ ਤੋਂ ਬਿਲਕੁਲ ਅਣਜਾਣ ਸਨ। ਓਹਨਾ ਦਾ ਰੋ ਰੋ ਕੇ ਬੁਰਾ ਹਾਲ ਸੀ...ਕੁੜੀਆਂ ਨੇ ਮਹਿਲਾ ਸਬ ਇੰਸਪੈਕਟਰ ਦੇ ਪੈਰ ਫੜਦਿਆਂ ਦੁਹਾਈ ਪਾਈ ਕਿ ਓਹਨਾ ਨੂੰ ਜਾਣ ਦਿਓ ਜੇ ਉਹਨਾਂ ਦੇ ਮਾਪਿਆਂ ਨੂੰ ਪਤਾ ਲੱਗਾ ਤਾਂ ਓਹ 'ਤੇ ਥਾਂ ਤੇ ਹੀ ਮਰ ਜਾਣਗੇ। ਓਹਨਾਂ ਦੀਆਂ ਅੱਖਾਂ 'ਚ ਪਛਤਾਵਾ ਸੀ ਤੇ ਅੱਜ ਜ਼ਮੀਨ ਓਹਨਾ ਨੂੰ ਮਰਨ ਲਈ ਥਾਂ ਨਹੀਂ ਸੀ ਦੇ ਰਹੀ। ਸੱਚੀਂ ਉਸ ਬਜ਼ੁਰਗ ਆਂਟੀ ਨੂੰ ਸਟੇਸ਼ਨ 'ਤੇ ਪਹਿਲੀ ਵਾਰ ਵੇਖਕੇ ਇੱਕ ਵਾਰ ਵੀ ਨਹੀਂ ਸੀ ਲੱਗਾ ਕਿ ਉਹ ਅਜਿਹਾ ਕੰਮ ਵੀ ਕਰ ਸਕਦੀ ਹੈ।


ਖ਼ੈਰ ਸਾਗਰ ਦੀ ਕਿਸਮਤ ਚੰਗੀ ਸੀ ਕਿ ਮੀਡੀਆ ਇੰਡਸਟਰੀ ਵਿੱਚ ਹੋਣ ਦੇ ਚਲਦੇ ਉਸ ਨਾਲ ਜੋ ਵੀ ਗੱਲ ਕੀਤੀ ਗਈ, ਉਹ ਇੰਕਵਾਇਰੀ ਦਾ ਇੱਕ ਹਿੱਸਾ ਸੀ। ਜੇਕਰ ਉਸ ਦੀ ਜਗ੍ਹਾ ਕੋਈ ਹੋਰ ਹੁੰਦਾ ਤਾਂ ਸਭ ਤੋਂ ਪਹਿਲਾਂ ਪੁਲਿਸ ਚੰਗੀ ਤਰ੍ਹਾਂ ਪਰੇਡ ਕਰਦੀ ਤੇ ਜੋ ਬਦਨਾਮੀ ਹੋਣੀ ਸੀ, ਓਹ ਅਲੱਗ। ਸਾਗਰ ਤੇ ਉਸ ਦੇ ਨਾਲ ਗਏ ਪੱਤਰਕਾਰਾਂ ਨੇ SHO ਨੂੰ ਕਿਹਾ ਕਿ ਕੁੜੀਆਂ ਭਟਕੀਆਂ ਹੋਈਆਂ ਨੇ। ਇਨ੍ਹਾਂ ਦੇ ਭਵਿੱਖ ਦਾ ਖਿਆਲ ਰੱਖਦੇ ਹੋਏ ਥੋੜ੍ਹਾ ਨਰਮਦਿਲੀ ਵਿਖਾਉਣ ਦੀ ਅਪੀਲ ਕੀਤੀ ਤੇ ਓਥੋਂ ਆ ਗਏ।


ਅੱਜ ਵੀ ਓਹ ਤਸਵੀਰਾਂ ਜਦੋਂ ਵੀ ਸਾਗਰ ਦੇ ਜ਼ਿਹਨ 'ਚ ਆਉਂਦੀਆਂ ਨੇ ਤਾਂ ਕਈ ਅਣਸੁਲਝੇ ਸਵਾਲ ਉਸ ਦੇ ਦਿਮਾਗ 'ਚ ਆ ਜਾਂਦੇ ਨੇ...ਓਸ ਔਰਤ ਦੀ ਏਸ ਧੰਦੇ 'ਚ ਆਉਣ ਦੀ ਕੀ ਮਜ਼ਬੂਰੀ ਰਹੀ ਹੋਏਗੀ ? ਓਹ ਠਾਣੇ 'ਚ ਬੈਂਚ ਤੇ ਬੈਠੀਆਂ ਡੁਸਕੇ ਲਾਉਂਦੀਆਂ ਕੁੜੀਆਂ ਦੀ ਆਪੇ ਵਧਾਈਆਂ ਜ਼ਰੂਰਤਾਂ, ਇਰਾਦੇ ਤੇ ਸੋਚ। ਕਈ ਕੁਝ ਦਿਮਾਗ 'ਚ ਚੱਲਦਾ। 



ਦਰਅਸਲ ਤੇਜ਼ ਰਫਤਾਰ ਜ਼ਿੰਦਗੀ 'ਚ ਤੇਜੀ ਨਾਲ ਅੱਗੇ ਵਧਣ ਦੀ ਹੋੜ ਦੇ ਚਲਦਿਆਂ ਅਸੀਂ ਆਪਣੀਆਂ ਖਵਾਇਸ਼ਾਂ ਤੇ ਹਸਰਤਾਂ ਨੂੰ ਹੋਰ ਵਧਾ ਲੈਂਦੇ ਹਾਂ ਤੇ ਉਨ੍ਹਾਂ ਨੂੰ ਪੂਰੇ ਕਰਨ ਦੇ ਚੱਕਰ 'ਚ ਸਹੀ ਗਲਤ ਰਾਹ ਨਹੀਂ ਦੇਖਦੇ, ਕਈ ਲੋਕ ਕਾਮਯਾਬੀ ਲਈ ਤੇ ਕਈ ਲੋਗ ਅਯਾਸ਼ੀ ਜਾਂ ਕਹਿ ਲਓ ਅਸਥਾਈ ਮਾਨਸਿਕ ਸੰਤੁਸ਼ਟੀ ਲਈ ਅਜਿਹੇ ਕਦਮ ਚੁੱਕ ਬੈਠਦੇ ਨੇ ਜਿੰਨਾ ਦੈਂ ਅੰਜ਼ਾਮ ਹਮੇਸ਼ਾਂ ਲਈ ਇੱਕ ਪੀੜ ਜਾਂ ਦਾਗ ਦੇ ਜਾਂਦੇ ਹਨ। 


ਕੁੱਲ ਮਿਲਾ ਕੇ ਸਿੱਟਾ ਇਹੋ ਨਿਕਲਦਾ ਕਿ ਕਾਮਯਾਬੀ ਦਾ ਕੋਈ ਸ਼ੌਰਟ ਕਟ ਨਹੀਂ ਹੁੰਦਾ ਤੇ ਮਿਹਨਤ ਤੇ ਇਮਾਨਦਾਰੀ ਦੀ ਕਮਾਈ ਵਰਗੀ ਕੋਈ ਕਮਾਈ ਨਹੀਂ ਹੁੰਦੀ। ਥੋੜ੍ਹਾਂ ਖਾ ਲਓ ਘੱਟ ਖਾ ਲਓ ਸਸਤਾ ਪਹਿਨ ਲਓ ਪਰ ਗ਼ਲਤ ਰਾਹ ਨਾ ਚੁਣੋ ਤਾਂ ਕਿ ਸਵੇਰੇ ਸ਼ਾਮ ਸ਼ੀਸ਼ਾ ਵੇਖਦਿਆਂ ਤੁਹਾਨੂੰ ਡਰ ਨਾ ਲੱਗੇ...ਖੁਦ ਅੱਗੇ ਤੇ ਸਮਾਜ ਅੱਗੇ ਨੀਵੀਂ ਨਾ ਪਾਉਣੀ ਪਵੇ।


-ਦੀਪਤੀ ਸ਼ਰਮਾ