ਰਵਨੀਤ ਕੌਰ ਦੀ ਰਿਪੋਰਟ
ਚੰਡੀਗੜ੍ਹ : ਸਰੋਜਨੀ ਨਾਇਡੂ (Sarojini Naidu) ਦਾ ਜਨਮ 13 ਫਰਵਰੀ 1879 ਨੂੰ ਹੋਇਆ ਸੀ। ਉਨ੍ਹਾਂ ਦੇ ਪਿਤਾ ਅਘੋਰਨਾਥ ਚਟੋਪਾਧਿਆਏ ਇਕ ਵਿਗਿਆਨੀ ਤੇ ਸਿੱਖਿਆ ਸ਼ਾਸਤਰੀ ਸਨ। ਉਨ੍ਹਾਂ ਨੇ ਹੈਦਰਾਬਾਦ ਦੇ ਨਿਜ਼ਾਮ ਕਾਲਜ ਦੀ ਸਥਾਪਨਾ ਕੀਤੀ। ਉਨ੍ਹਾਂ ਦੀ ਮਾਂ ਵਰਦਾ ਸੁੰਦਰੀ ਇਕ ਕਵਿਤਰੀ ਸੀ ਅਤੇ ਬੰਗਾਲੀ ਭਾਸ਼ਾ 'ਚ ਕਵਿਤਾਵਾਂ ਲਿਖਦੀ ਸੀ। ਸਰੋਜਨੀ ਅੱਠ ਭੈਣ-ਭਰਾਵਾਂ 'ਚੋਂ ਸਭ ਤੋਂ ਵੱਡੀ ਸੀ। ਉਨ੍ਹਾਂ ਇਕ ਭਰਾ ਵੀਰੇਂਦਰਨਾਥ, ਇੱਕ ਕ੍ਰਾਂਤੀਕਾਰੀ ਸੀ ਅਤੇ ਇਕ ਭਰਾ ਹਰਿਦ੍ਰਨਾਥ, ਇੱਕ ਕਵੀ, ਕਹਾਣੀਕਾਰ ਅਤੇ ਕਲਾਕਾਰ ਸੀ। ਸਰੋਜਨੀ ਨਾਇਡੂ ਇੱਕ ਹੁਸ਼ਿਆਰ ਵਿਦਿਆਰਥਣ ਸੀ ਤੇ ਉਰਦੂ, ਤੇਲਗੂ, ਅੰਗਰੇਜ਼ੀ, ਬੰਗਾਲੀ ਅਤੇ ਫ਼ਾਰਸੀ ਵਿੱਚ ਨਿਪੁੰਨ ਸੀ।
ਬਾਰ੍ਹਾਂ ਸਾਲ ਦੀ ਛੋਟੀ ਉਮਰ ਵਿਚ ਉਨ੍ਹਾਂ ਨੇ ਦਸਵੀਂ ਦੀ ਪ੍ਰੀਖਿਆ ਪਾਸ ਕਰ ਲਈ ਤੇ ਮਦਰਾਸ ਪ੍ਰੈਜ਼ੀਡੈਂਸੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਸੀ। ਉਨ੍ਹਾਂ ਦੇ ਪਿਤਾ ਚਾਹੁੰਦੇ ਸਨ ਕਿ ਉਹ ਇੱਕ ਗਣਿਤ-ਸ਼ਾਸਤਰੀ ਜਾਂ ਵਿਗਿਆਨੀ ਬਣੇ ਪਰ ਉਨ੍ਹਾਂ ਦੀ ਦਿਲਚਸਪੀ ਕਵਿਤਾ ਵਿੱਚ ਸੀ। ਹੈਦਰਾਬਾਦ ਦਾ ਨਿਜ਼ਾਮ ਉਨ੍ਹਾਂ ਦੀ ਸ਼ਾਇਰੀ ਤੋਂ ਬਹੁਤ ਪ੍ਰਭਾਵਿਤ ਹੋਇਆ ਅਤੇ ਉਨ੍ਹਾਂ ਨੇ ਸਰੋਜਨੀ ਨਾਇਡੂ ਨੂੰ ਵਿਦੇਸ਼ ਵਿੱਚ ਪੜ੍ਹਨ ਲਈ ਵਜ਼ੀਫ਼ਾ ਦਿੱਤਾ। ਉਹ 16 ਸਾਲ ਦੀ ਉਮਰ ਵਿੱਚ ਇੰਗਲੈਂਡ ਚਲੇ ਗਏ ਉੱਥੇ ਉਨ੍ਹਾਂ ਨੇ ਪਹਿਲਾਂ ਕਿੰਗਜ਼ ਕਾਲਜ ਲੰਡਨ ਵਿੱਚ ਦਾਖਲਾ ਲਿਆ, ਫਿਰ ਗ੍ਰੀਟਨ ਕਾਲਜ, ਕੈਮਬ੍ਰਿਜ ਵਿੱਚ ਪੜ੍ਹਾਈ ਕੀਤੀ। ਉੱਥੇ ਉਹ ਉਸ ਸਮੇਂ ਦੇ ਉੱਘੇ ਕਵੀਆਂ, ਆਰਥਰ ਸਾਈਮਨ ਅਤੇ ਐਡਮੰਡ ਗੋਸੇ ਨੂੰ ਮਿਲੇ। ਐਡਮੰਡ ਨੇ ਸਰੋਜਨੀ ਨੂੰ ਭਾਰਤੀ ਵਿਸ਼ਿਆਂ ਨੂੰ ਧਿਆਨ ਵਿਚ ਰੱਖ ਕੇ ਲਿਖਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਨਾਇਡੂ ਨੂੰ ਆਪਣੀ ਕਵਿਤਾ ਵਿੱਚ ਭਾਰਤ ਦੇ ਪਹਾੜਾਂ, ਨਦੀਆਂ, ਮੰਦਰਾਂ ਅਤੇ ਸਮਾਜਿਕ ਵਾਤਾਵਰਣ ਨੂੰ ਸ਼ਾਮਲ ਕਰਨ ਲਈ ਪ੍ਰੇਰਿਤ ਕੀਤਾ।
ਕੈਰੀਅਰ
ਉਸ ਦੇ ਸੰਗ੍ਰਹਿ 'ਦ ਗੋਲਡਨ ਥ੍ਰੈਸ਼ਹੋਲਡ' (1905), 'ਦਿ ਬਰਡ ਆਫ਼ ਟਾਈਮ' (1912) ਅਤੇ 'ਦ ਬ੍ਰੋਕਨ ਵਿੰਗ' (1912) ਨੂੰ ਬਹੁਤ ਸਾਰੇ ਭਾਰਤੀਆਂ ਅਤੇ ਅੰਗਰੇਜ਼ੀ ਭਾਸ਼ਾ ਦੇ ਪਾਠਕਾਂ ਦੁਆਰਾ ਪਸੰਦ ਕੀਤਾ ਗਿਆ ਸੀ। 15 ਸਾਲ ਦੀ ਉਮਰ ਵਿੱਚ ਉਹ ਡਾ. ਗੋਵਿੰਦਰਾਜੁਲੂ ਨਾਇਡੂ ਨੂੰ ਮਿਲੀ ਅਤੇ ਉਨ੍ਹਾਂ ਨਾਲ ਪਿਆਰ ਹੋ ਗਿਆ। ਡਾਕਟਰ ਗੋਵਿੰਦਰਾਜੁਲੂ ਇੱਕ ਗੈਰ-ਬ੍ਰਾਹਮਣ ਅਤੇ ਪੇਸ਼ੇ ਤੋਂ ਡਾਕਟਰ ਸਨ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸਰੋਜਨੀ ਦਾ 19 ਸਾਲ ਦੀ ਉਮਰ ਵਿੱਚ ਵਿਆਹ ਹੋ ਗਿਆ। ਉਨ੍ਹਾਂ ਨੇ ਇੰਟਰਕਾਸਟ ਵਿਆਹ ਕਰਵਾਇਆ ਸੀ ਜੋ ਉਸ ਸਮੇਂ ਜਾਇਜ਼ ਨਹੀਂ ਸੀ। ਇਹ ਇਕ ਤਰ੍ਹਾਂ ਨਾਲ ਕ੍ਰਾਂਤੀਕਾਰੀ ਕਦਮ ਸੀ ਪਰ ਉਸ ਦੇ ਪਿਤਾ ਨੇ ਉਸ ਦਾ ਪੂਰਾ ਸਾਥ ਦਿੱਤਾ ਸੀ।
ਉਨ੍ਹਾਂ ਦਾ ਵਿਆਹੁਤਾ ਜੀਵਨ ਖੁਸ਼ਹਾਲ ਸੀ ਅਤੇ ਉਨ੍ਹਾਂ ਦੇ ਚਾਰ ਬੱਚੇ ਵੀ ਸਨ - ਜੈਸੂਰੀਆ, ਪਦਮਜ, ਰਣਧੀਰ ਅਤੇ ਲੀਲਾਮਣੀ। ਉਹ ਬੰਗਾਲ ਦੀ ਵੰਡ ਦੌਰਾਨ 1905 ਵਿੱਚ ਭਾਰਤੀ ਰਾਸ਼ਟਰੀ ਅੰਦੋਲਨ ਵਿੱਚ ਸ਼ਾਮਲ ਹੋ ਗਏ ਸਨ। ਇਸ ਅੰਦੋਲਨ ਦੌਰਾਨ ਉਹ ਗੋਪਾਲ ਕ੍ਰਿਸ਼ਨ ਗੋਖਲੇ, ਰਾਬਿੰਦਰਨਾਥ ਟੈਗੋਰ, ਮੁਹੰਮਦ ਅਲੀ ਜਿਨਾਹ, ਐਨੀ ਬੇਸੈਂਟ, ਸੀਪੀ ਰਾਮਾ ਸਵਾਮੀ ਅਈਅਰ, ਗਾਂਧੀ ਜੀ ਅਤੇ ਜਵਾਹਰ ਲਾਲ ਨਹਿਰੂ ਨੂੰ ਮਿਲੇ। ਉਸਨੇ ਭਾਰਤ ਵਿੱਚ ਔਰਤਾਂ ਦੇ ਸਸ਼ਕਤੀਕਰਨ ਅਤੇ ਔਰਤਾਂ ਦੇ ਅਧਿਕਾਰਾਂ ਲਈ ਵੀ ਆਪਣੀ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਨੇ ਰਾਜ ਪੱਧਰ ਤੋਂ ਲੈ ਕੇ ਛੋਟੇ ਸ਼ਹਿਰਾਂ ਤੱਕ ਹਰ ਥਾਂ ਔਰਤਾਂ ਨੂੰ ਜਾਗਰੂਕ ਕੀਤਾ।
ਸਾਲ 1925 ਵਿੱਚ ਉਹ ਇੰਡੀਅਨ ਨੈਸ਼ਨਲ ਕਾਂਗਰਸ ਦੀ ਪ੍ਰਧਾਨ ਚੁਣੇ ਗਏ। ਉਹ ਸਿਵਲ ਨਾਫ਼ਰਮਾਨੀ ਅੰਦੋਲਨ ਵਿੱਚ ਗਾਂਧੀ ਜੀ ਦੇ ਨਾਲ ਜੇਲ੍ਹ ਵੀ ਗਏ ਸਨ। 1942 ਦੇ 'ਭਾਰਤ ਛੱਡੋ ਅੰਦੋਲਨ' ਵਿੱਚ ਉਨ੍ਹਾਂ ਨੂੰ 21 ਮਹੀਨੇ ਜੇਲ੍ਹ ਵੀ ਜਾਣਾ ਪਿਆ। ਗਾਂਧੀ ਜੀ ਨਾਲ ਉਨ੍ਹਾਂ ਦੇ ਚੰਗੇ ਸਬੰਧ ਸਨ ਅਤੇ ਉਹ ਉਨ੍ਹਾਂ ਨੂੰ ਮਿਕੀ ਮਾਊਸ ਕਹਿ ਕੇ ਬੁਲਾਉਂਦੇ ਸਨ। ਸਰੋਜਨੀ ਆਜ਼ਾਦੀ ਤੋਂ ਬਾਅਦ ਭਾਰਤ ਦੀ ਪਹਿਲੀ ਮਹਿਲਾ ਗਵਰਨਰ ਬਣੀ। ਉੱਤਰ ਪ੍ਰਦੇਸ਼ ਦਾ ਰਾਜਪਾਲ ਐਲਾਨੇ ਜਾਣ ਤੋਂ ਬਾਅਦ ਉਹ ਲਖਨਊ ਵਿੱਚ ਵਸ ਗਏ। 2 ਮਾਰਚ 1949 ਨੂੰ ਲਖਨਊ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਉਲੱਬਧੀਆਂ :
ਭਾਰਤ ਦੀ ਨਾਈਟਿੰਗੇਲ ਵਜੋਂ ਜਾਣੀ ਜਾਂਦੀ ਸਰੋਜਨੀ ਨਾਇਡੂ ਭਾਰਤੀ ਰਾਸ਼ਟਰੀ ਕਾਂਗਰਸ ਦੀ ਪਹਿਲੀ ਮਹਿਲਾ ਪ੍ਰਧਾਨ ਸੀ। ਉਸ ਨੂੰ ਆਜ਼ਾਦੀ ਤੋਂ ਬਾਅਦ ਪਹਿਲੀ ਮਹਿਲਾ ਰਾਜਪਾਲ ਵੀ ਐਲਾਨਿਆ ਗਿਆ ਸੀ। ਸਰੋਜਨੀ ਨਾਇਡੂ ਇੱਕ ਮਸ਼ਹੂਰ ਕਵਿਤਰੀ, ਸੁਤੰਤਰਤਾ ਸੈਨਾਨੀ ਅਤੇ ਆਪਣੇ ਸਮੇਂ ਦੀ ਇੱਕ ਮਹਾਨ ਬੁਲਾਰਾ ਰਹੇ ਸਨ।