TRAI Update: ਆਉਣ ਵਾਲੇ ਦਿਨਾਂ ਵਿੱਚ, ਗਾਹਕਾਂ ਲਈ ਬੈਂਕਾਂ, ਬ੍ਰੋਕਰੇਜ ਹਾਊਸਾਂ, ਬੀਮਾ ਕੰਪਨੀਆਂ ਅਤੇ ਪੈਨਸ਼ਨ ਫੰਡਾਂ ਤੋਂ ਆਉਣ ਵਾਲੀਆਂ ਕਾਲਾਂ ਦੀ ਪਛਾਣ ਕਰਨਾ ਆਸਾਨ ਹੋ ਜਾਵੇਗਾ। ਟੈਲੀਕਾਮ ਸੈਕਟਰ ਰੈਗੂਲੇਟਰ ਟਰਾਈ ਨੇ ਟ੍ਰਾਂਜੈਕਸ਼ਨਲ ਅਤੇ ਸਰਵਿਸਿਜ਼ ਕਾਲਾਂ ਲਈ 160 ਸੀਰੀਜ਼ ਨੰਬਰ ਅਲਾਟ ਕੀਤੇ ਹਨ। ਭਾਰਤੀ ਰਿਜ਼ਰਵ ਬੈਂਕ, SEBI, IRDAI, PFRDA ਦੁਆਰਾ ਨਿਯੰਤ੍ਰਿਤ ਵਿੱਤੀ ਸੰਸਥਾਵਾਂ ਆਪਣੇ ਗਾਹਕਾਂ ਨੂੰ ਕਾਲ ਕਰਨ ਲਈ ਇਸ ਲੜੀ ਦੇ ਨੰਬਰਾਂ ਦੀ ਵਰਤੋਂ ਕਰਨਗੀਆਂ।



ਇਸ ਮੀਟਿੰਗ ਦੇ ਵਿੱਚ ਲਿਆ ਗਿਆ ਖਾਸ ਫੈਸਲਾ


ਸੰਚਾਰ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ 14 ਜੂਨ, 2024 ਨੂੰ ਟਰਾਈ ਨੇ ਭਾਰਤੀ ਰਿਜ਼ਰਵ ਬੈਂਕ, ਸੇਬੀ, ਆਈਆਰਡੀਏਆਈ ਅਤੇ ਹੋਰ ਵਿੱਤੀ ਸੰਸਥਾਵਾਂ ਸਮੇਤ 25 ਬੈਂਕਾਂ ਅਤੇ ਸਰਕਾਰੀ, ਨਿੱਜੀ ਅਤੇ ਵਿਦੇਸ਼ੀ ਬੈਂਕਾਂ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਕੀਤੀਆਂ ਹਨ। ਸਾਰੇ ਦੂਰਸੰਚਾਰ ਸੇਵਾ ਪ੍ਰਦਾਤਾਵਾਂ ਤੋਂ ਇਲਾਵਾ ਐਸੋਸੀਏਸ਼ਨ ਆਫ ਨੈਸ਼ਨਲ ਸਟਾਕ ਐਕਸਚੇਂਜ ਮੈਂਬਰਜ਼ ਆਫ ਇੰਡੀਆ (ANMI) ਦੇ ਮੈਂਬਰਾਂ ਨੇ ਵੀ ਇਸ ਮੀਟਿੰਗ ਵਿੱਚ ਹਿੱਸਾ ਲਿਆ ਜਿਸ ਵਿੱਚ ਇਹ ਫੈਸਲਾ ਲਿਆ ਗਿਆ।


ਨਾਗਰਿਕਾਂ ਨੂੰ ਧੋਖਾਧੜੀ ਦਾ ਸ਼ਿਕਾਰ ਹੋਣ ਤੋਂ ਬਚਾਇਆ ਜਾਵੇਗਾ


ਟਰਾਈ ਦੀਆਂ ਸਿਫ਼ਾਰਸ਼ਾਂ ਦੇ ਬਾਅਦ, ਟ੍ਰਾਂਜੈਕਸ਼ਨਲ ਅਤੇ ਸਰਵਿਸ ਵਾਇਸ ਕਾਲਾਂ ਲਈ 160 ਸੀਰੀਜ਼ ਅਲਾਟ ਕੀਤੀਆਂ ਗਈਆਂ ਹਨ। ਪਹਿਲੇ ਪੜਾਅ ਵਿੱਚ, ਇਸਨੂੰ ਭਾਰਤੀ ਰਿਜ਼ਰਵ ਬੈਂਕ, ਸੇਬੀ, ਆਈਆਰਡੀਏਆਈ, ਪੀਐਫਆਰਡੀਏ ਦੁਆਰਾ ਨਿਯੰਤ੍ਰਿਤ ਵਿੱਤੀ ਸੰਸਥਾਵਾਂ ਲਈ ਰੱਖਿਆ ਗਿਆ ਹੈ। ਇਸ ਦੇ ਲਾਗੂ ਹੋਣ ਤੋਂ ਬਾਅਦ, ਕਾਲ ਕਰਨ ਵਾਲੀਆਂ ਸੰਸਥਾਵਾਂ ਦੀ ਪਛਾਣ ਕੀਤੀ ਜਾਵੇਗੀ ਅਤੇ ਨਾਗਰਿਕਾਂ ਨੂੰ ਧੋਖਾਧੜੀ ਦਾ ਸ਼ਿਕਾਰ ਹੋਣ ਤੋਂ ਬਚਾਇਆ ਜਾਵੇਗਾ।


ਸਪੈਮ ਕਾਲਾਂ ਨੂੰ ਰੋਕਿਆ ਜਾ ਸਕਦਾ ਹੈ


ਮੀਟਿੰਗ ਵਿੱਚ 140 ਸੀਰੀਜ਼ ਜੋ ਕਿ ਪ੍ਰਚਾਰ ਲਈ ਵਰਤੀ ਜਾਂਦੀ ਹੈ, ਦੇ ਸੰਚਾਲਨ ਬਾਰੇ ਵੀ ਚਰਚਾ ਕੀਤੀ ਗਈ। ਇਸ ਨੂੰ DLT ਪਲੇਟਫਾਰਮ 'ਤੇ ਮਾਈਗਰੇਟ ਕੀਤਾ ਜਾ ਰਿਹਾ ਹੈ। ਇਨ੍ਹਾਂ ਦੋਵਾਂ ਫੈਸਲਿਆਂ ਰਾਹੀਂ 10 ਅੰਕਾਂ ਵਾਲੇ ਨੰਬਰਾਂ ਤੋਂ ਆਉਣ ਵਾਲੀਆਂ ਸਪੈਮ ਕਾਲਾਂ ਨੂੰ ਰੋਕਿਆ ਜਾ ਸਕਦਾ ਹੈ।


ਡੀਸੀਏ ਸਹੂਲਤ ਦੇ ਜ਼ਰੀਏ, ਬੈਂਕਾਂ, ਬੀਮਾ ਕੰਪਨੀਆਂ ਅਤੇ ਹੋਰ ਸੰਸਥਾਵਾਂ ਲਈ SMS ਜਾਂ ਵਾਇਸ ਦੁਆਰਾ ਪ੍ਰਚਾਰ ਸੰਬੰਧੀ ਸੰਚਾਰ ਭੇਜਣ ਲਈ ਗਾਹਕ ਦੀ ਪ੍ਰਵਾਨਗੀ ਪ੍ਰਾਪਤ ਕਰਨਾ ਆਸਾਨ ਹੋ ਜਾਵੇਗਾ। ਸਾਰੇ ਰੈਗੂਲੇਟਰਾਂ, ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨੇ ਵਾਇਸ ਕਾਲਾਂ ਰਾਹੀਂ ਸਪੈਮ ਨੂੰ ਰੋਕਣ 'ਤੇ ਜ਼ੋਰ ਦਿੱਤਾ। ਸਾਰੇ ਹਿੱਸੇਦਾਰਾਂ ਨੇ ਇਸ ਨੂੰ ਨਿਰਧਾਰਤ ਸਮੇਂ ਅੰਦਰ ਲਾਗੂ ਕਰਨ ਦਾ ਭਰੋਸਾ ਦਿੱਤਾ ਹੈ।