Rules Changing From 1st May: ਅੱਜ ਤੋਂ ਨਵਾਂ ਮਹੀਨਾ ਸ਼ੁਰੂ ਹੋਇਆ ਹੈ। ਹਰ ਮਹੀਨੇ ਦੀ ਤਰ੍ਹਾਂ ਮਈ ਮਹੀਨੇ ਵਿੱਚ ਕੁਝ ਨਿਯਮਾਂ 'ਚ ਬਦਲਾਅ ਹੋਇਆ ਹੈ। ਗੈਸ ਸਿਲੰਡਰ ਤੋਂ ਲੈ ਕੇ ਟੋਲ ਟੈਕਸ ਤੇ ਯੂਪੀਆਈ (UPI) 'ਚ ਕਈ ਤਰ੍ਹਾਂ ਦੇ ਬਦਲਾਅ ਹੋਏ ਹਨ, ਜਿਸ ਦਾ ਸਿੱਧਾ ਅਸਰ ਤੁਹਾਡੀ ਜੇਬ 'ਤੇ ਪਵੇਗਾ। ਇਸ ਤੋਂ ਇਲਾਵਾ ਮਹੀਨੇ ਦੀ ਸ਼ੁਰੂਆਤ 'ਚ ਬੈਂਕ ਵੀ ਬੰਦ ਰਹਿਣਗੇ। ਸਾਰੇ ਗਾਹਕ ਬੈਂਕਿੰਗ ਛੁੱਟੀਆਂ ਨੂੰ ਦੇਖ ਕੇ ਪਲਾਨਿੰਗ ਬਣਾ ਸਕਦੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ ਨਿਯਮਾਂ 'ਚ ਬਦਲਾਅ ਹੋਇਆ ਹੈ -

ਇਸ ਟੋਲ ਟੈਕਸ 'ਤੇ ਹੋਵੇਗੀ ਵਸੂਲੀ
ਕੇਂਦਰ ਸਰਕਾਰ ਵੱਲੋਂ ਲਖਨਊ ਤੋਂ ਗਾਜ਼ੀਪੁਰ ਜਾਣ ਵਾਲੇ ਪੂਰਵਾਂਚਲ ਐਕਸਪ੍ਰੈਸ ਵੇਅ 'ਤੇ ਵੀ ਟੋਲ ਟੈਕਸ ਅੱਜ ਤੋਂ ਵਸੂਲਿਆ ਜਾਵੇਗਾ। ਇਹ 340 ਕਿਲੋਮੀਟਰ ਲੰਬਾ ਐਕਸਪ੍ਰੈਸਵੇਅ ਹੈ। ਹੁਣ ਤੋਂ ਇਸ ਐਕਸਪ੍ਰੈਸ ਵੇਅ 'ਤੇ ਸਫ਼ਰ ਕਰਨ ਵਾਲਿਆਂ ਨੂੰ ਜ਼ਿਆਦਾ ਪੈਸੇ ਖਰਚਣੇ ਪੈਣਗੇ, ਮਤਲਬ ਉਨ੍ਹਾਂ ਦਾ ਸਫਰ਼ ਮਹਿੰਗਾ ਹੋ ਜਾਵੇਗਾ। ਟੋਲ ਟੈਕਸ ਵਸੂਲੀ ਦੀ ਦਰ 2.45 ਰੁਪਏ ਪ੍ਰਤੀ ਕਿਲੋਮੀਟਰ ਹੋ ਸਕਦੀ ਹੈ।

ਮਹਿੰਗਾ ਹੋ ਸਕਦਾ ਗੈਸ ਸਿਲੰਡਰ
ਸਰਕਾਰੀ ਤੇਲ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਗੈਸ ਸਿਲੰਡਰ ਦੀਆਂ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ। 1 ਮਈ ਨੂੰ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਸੋਧ ਕੀਤੀ ਗਈ ਹੈ। LPG ਸਿਲੰਡਰ ਦੀਆਂ ਕੀਮਤਾਂ 'ਚ ਅੱਜ ਯਾਨੀ 1 ਮਈ ਨੂੰ 100 ਰੁਪਏ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਇਹ ਵਾਧਾ ਵਪਾਰਕ ਐਲਪੀਜੀ ਸਿਲੰਡਰ 'ਤੇ ਹੋਇਆ ਹੈ। ਫਿਲਹਾਲ ਘਰੇਲੂ ਰਸੋਈ ਗੈਸ ਸਿਲੰਡਰ ਦੇ ਖਪਤਕਾਰਾਂ ਨੂੰ ਰਾਹਤ ਮਿਲੀ ਹੈ। ਦੱਸ ਦੇਈਏ ਕਿ ਪਿਛਲੇ ਮਹੀਨੇ ਯਾਨੀ 1 ਅਪ੍ਰੈਲ ਨੂੰ ਕਮਰਸ਼ੀਅਲ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 250 ਰੁਪਏ ਦਾ ਵਾਧਾ ਹੋਇਆ ਸੀ।

ਵਧਾਈ ਗਈ ਲਿਮਟ
ਇਸ ਤੋਂ ਇਲਾਵਾ ਜੇਕਰ ਤੁਸੀਂ ਆਈਪੀਓ 'ਚ ਨਿਵੇਸ਼ ਕਰਦੇ ਹੋ ਤਾਂ ਤੁਹਾਡੇ ਲਈ ਅਹਿਮ ਖ਼ਬਰ ਹੈ। ਦੱਸ ਦੇਈਏ ਕਿ ਜੇਕਰ ਰਿਟੇਲ ਨਿਵੇਸ਼ਕ ਯੂਪੀਆਈ ਦੇ ਜ਼ਰੀਏ ਆਈਪੀਓ 'ਚ ਕਾਫੀ ਪੈਸਾ ਨਿਵੇਸ਼ ਕਰਦੇ ਹਨ ਤਾਂ 1 ਮਈ ਤੋਂ ਵੱਡਾ ਬਦਲਾਅ ਹੋਇਆ ਹੈ। ਦੱਸ ਦੇਈਏ ਕਿ ਹੁਣ ਤੱਕ ਰਿਟੇਲ ਨਿਵੇਸ਼ਕ ਯੂਪੀਆਈ ਰਾਹੀਂ ਆਈਪੀਓ 'ਚ 2 ਲੱਖ ਰੁਪਏ ਦਾ ਨਿਵੇਸ਼ ਕਰ ਸਕਦੇ ਸਨ, ਪਰ 1 ਮਈ ਤੋਂ ਇਸ ਦੀ ਸੀਮਾ ਵਧਾ ਕੇ 5 ਲੱਖ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਲਗਾਤਾਰ ਕਈ ਦਿਨ ਬੰਦ ਰਹਿਣਗੇ ਬੈਂਕ
ਇਸ ਤੋਂ ਇਲਾਵਾ ਮਈ ਦੀ ਸ਼ੁਰੂਆਤ 'ਚ ਲਗਾਤਾਰ 3 ਦਿਨ ਬੈਂਕਾਂ 'ਚ ਕੰਮਕਾਜ ਨਹੀਂ ਹੋਵੇਗਾ। ਕਈ ਸ਼ਹਿਰਾਂ 'ਚ ਮਈ ਦੀ ਸ਼ੁਰੂਆਤ ਮਤਲਬ 1, 2 ਤੇ 3 ਤਰੀਕ ਨੂੰ ਬੈਂਕ ਬੰਦ ਰਹਿਣਗੇ। ਇਸ ਤੋਂ ਇਲਾਵਾ ਮਈ ਮਹੀਨੇ 'ਚ ਕੁੱਲ 13 ਦਿਨ ਬੈਂਕਾਂ 'ਚ ਛੁੱਟੀ ਹੈ।

ਦੱਸ ਦੇਈਏ ਕਿ 1 ਮਈ ਨੂੰ ਮਜ਼ਦੂਰ ਦਿਵਸ ਤੇ ਐਤਵਾਰ ਦੇ ਕਾਰਨ ਦੇਸ਼ ਭਰ ਦੇ ਬੈਂਕ ਬੰਦ ਰਹਿਣਗੇ। ਇਸ ਤੋਂ ਇਲਾਵਾ 2 ਮਈ ਨੂੰ ਭਗਵਾਨ ਸ੍ਰੀ ਪਰਸ਼ੂਰਾਮ ਜਯੰਤੀ ਹੈ, ਜਿਸ ਕਾਰਨ ਬੈਂਕਾਂ 'ਚ ਕੰਮਕਾਜ ਨਹੀਂ ਹੋਵੇਗਾ। ਇਸ ਤੋਂ ਇਲਾਵਾ 3 ਮਈ ਨੂੰ ਈਦ ਕਾਰਨ ਜ਼ਿਆਦਾਤਰ ਸ਼ਹਿਰਾਂ 'ਚ ਬੈਂਕ ਬੰਦ ਰਹਿਣਗੇ।