2000 Rupee Notes: ਬੈਂਕਿੰਗ ਸੈਕਟਰ ਰੈਗੂਲੇਟਰ ਆਰਬੀਆਈ (ਰਿਜ਼ਰਵ ਬੈਂਕ ਆਫ ਇੰਡੀਆ) ਨੇ ਕਿਹਾ ਹੈ ਕਿ 30 ਅਪ੍ਰੈਲ, 2024 ਤੱਕ 2000 ਰੁਪਏ ਦੇ ਨੋਟਾਂ ਦਾ ਸਰਕੂਲੇਸ਼ਨ 29 ਮਾਰਚ, 2024 ਨੂੰ 8202 ਕਰੋੜ ਰੁਪਏ ਤੋਂ ਘਟ ਕੇ 7961 ਕਰੋੜ ਰੁਪਏ ਰਹਿ ਗਿਆ ਹੈ। ਆਰਬੀਆਈ ਨੇ ਕਿਹਾ ਕਿ 30 ਅਪ੍ਰੈਲ ਤੱਕ 2000 ਰੁਪਏ ਦੇ ਕੁੱਲ 97.76 ਫੀਸਦੀ ਨੋਟ ਬੈਂਕਿੰਗ ਸਿਸਟਮ ਵਿੱਚ ਵਾਪਸ ਆ ਚੁੱਕੇ ਹਨ।



ਭਾਰਤੀ ਰਿਜ਼ਰਵ ਬੈਂਕ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ 19 ਮਈ, 2023 ਨੂੰ ਆਰਬੀਆਈ ਨੇ 2000 ਰੁਪਏ ਦੇ ਨੋਟਾਂ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਸੀ। ਉਸ ਸਮੇਂ, ਬੈਂਕਿੰਗ ਪ੍ਰਣਾਲੀ ਵਿੱਚ ਕੁੱਲ 3.56 ਲੱਖ ਕਰੋੜ ਰੁਪਏ ਮੁੱਲ ਦੇ 2000 ਰੁਪਏ ਦੇ ਨੋਟ ਪ੍ਰਚਲਨ ਵਿੱਚ ਮੌਜੂਦ ਸਨ। 30 ਅਪ੍ਰੈਲ 2024 ਨੂੰ ਹੁਣ ਇਹ ਘਟ ਕੇ 7961 ਕਰੋੜ ਰੁਪਏ ਰਹਿ ਗਿਆ ਹੈ। ਯਾਨੀ ਕਿ 2.73 ਲੱਖ ਕਰੋੜ ਰੁਪਏ ਦੇ 2000 ਦੇ ਨੋਟ ਬੈਂਕਿੰਗ ਸਿਸਟਮ 'ਚ ਜਮ੍ਹਾ ਹੋ ਚੁੱਕੇ ਹਨ। ਮਤਲਬ ਸਿਰਫ 2.24 ਫੀਸਦੀ ਨੋਟ ਹੀ ਵਾਪਸ ਆਉਣੇ ਬਾਕੀ ਹਨ।


2000 ਰੁਪਏ ਦੇ ਨੋਟ ਜਮ੍ਹਾ ਕਰਨ ਜਾਂ ਬਦਲਣ ਦੀ ਸਹੂਲਤ ਉਪਲਬਧ ਕੀਤੀ ਗਈ ਸੀ


ਆਰਬੀਆਈ ਨੇ ਕਿਹਾ ਕਿ 2000 ਰੁਪਏ ਦੇ ਨੋਟਾਂ ਨੂੰ ਬਦਲਣ ਦੀ ਸਹੂਲਤ 19 ਮਈ, 2023 ਤੋਂ ਹੀ ਉਸਦੇ 19 issue offices ਵਿੱਚ ਸ਼ੁਰੂ ਕੀਤੀ ਗਈ ਸੀ। ਆਰਬੀਆਈ ਨੇ ਕਿਹਾ ਕਿ 7 ਅਕਤੂਬਰ, 2023 ਤੱਕ ਸਾਰੇ ਬੈਂਕਾਂ ਵਿੱਚ 2000 ਰੁਪਏ ਦੇ ਨੋਟ ਜਮ੍ਹਾ ਕਰਨ ਜਾਂ ਬਦਲਣ ਦੀ ਸਹੂਲਤ ਉਪਲਬਧ ਸੀ। 9 ਅਕਤੂਬਰ, 2023 ਤੋਂ, ਆਰਬੀਆਈ ਦਫਤਰ ਵੀ ਵਿਅਕਤੀਆਂ ਜਾਂ ਸੰਸਥਾਵਾਂ ਤੋਂ 2000 ਰੁਪਏ ਦੇ ਨੋਟ ਸਵੀਕਾਰ ਕਰ ਰਹੇ ਹਨ ਅਤੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾ ਕਰ ਰਹੇ ਹਨ।


ਆਰਬੀਆਈ ਨੇ ਕਿਹਾ ਕਿ ਇਸ ਤੋਂ ਇਲਾਵਾ ਆਮ ਲੋਕ ਵੀ ਡਾਕਘਰਾਂ ਰਾਹੀਂ 2000 ਰੁਪਏ ਦੇ ਨੋਟ ਭੇਜ ਕੇ ਆਪਣੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾ ਰਹੇ ਹਨ। ਇਸ ਸਹੂਲਤ ਦਾ ਲਾਭ ਲੈਣ ਲਈ RBI ਦਫਤਰ ਜਾਣ ਦੀ ਕੋਈ ਲੋੜ ਨਹੀਂ ਹੈ।


ਆਰਬੀਆਈ ਨੇ ਇੱਕ ਵਾਰ ਫਿਰ ਸਪੱਸ਼ਟ ਕੀਤਾ ਹੈ ਕਿ 2,000 ਰੁਪਏ ਦਾ ਨੋਟ ਲੀਗਲ ਟੈਂਡਰ ਰਹੇਗਾ। 9 ਮਈ, 2023 ਨੂੰ, ਆਰਬੀਆਈ ਨੇ 2,000 ਰੁਪਏ ਦੇ ਨੋਟਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ ਅਤੇ ਕਿਹਾ ਸੀ ਕਿ ਕਲੀਨ ਨੋਟ ਪਾਲਿਸੀ ਦੇ ਤਹਿਤ, ਆਰਬੀਆਈ ਨੇ 2000 ਰੁਪਏ ਦੇ ਨੋਟਾਂ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਫੈਸਲਾ ਕੀਤਾ ਹੈ।