7th Pay Commission: ਕੇਂਦਰ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਜਲਦ ਹੀ ਖੁਸ਼ਖਬਰੀ ਮਿਲਣ ਵਾਲੀ ਹੈ। ਕੇਂਦਰ ਸਰਕਾਰ ਮਹਿੰਗਾਈ ਭੱਤੇ (DA) ਵਿਚ ਵਾਧੇ ਦਾ ਐਲਾਨ ਕਰਨ ਵਾਲੀ ਹੈ। ਮੀਡੀਆ ਰਿਪੋਰਟਾਂ ਰਾਹੀਂ ਅਗਲੇ ਇਕ-ਦੋ ਹਫ਼ਤਿਆਂ ਵਿੱਚ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਹੋਣ ਜਾ ਰਹੀ ਹੈ ਅਤੇ ਇਸ ਵਿਚ ਡੀਏ ਵਾਧੇ ਦਾ ਐਲਾਨ ਕੀਤਾ ਜਾਵੇਗਾ।


ਦੱਸ ਦਈਏ ਕਿ ਕੇਂਦਰ ਸਰਕਾਰ ਸਾਲ ਵਿਚ ਦੋ ਵਾਰ- ਜਨਵਰੀ ਅਤੇ ਜੁਲਾਈ ਵਿੱਚ ਮਹਿੰਗਾਈ ਭੱਤੇ ਵਿੱਚ ਵਾਧਾ ਕਰਦੀ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਦੀਵਾਲੀ ਤੋਂ ਪਹਿਲਾਂ ਹੀ ਸਰਕਾਰੀ ਮੁਲਾਜ਼ਮਾਂ ਲਈ ਚੰਗੀ ਖਬਰ ਆਉਣ ਵਾਲੀ ਹੈ। ਸਰਕਾਰ ਸੀਪੀਆਈ-ਆਈਡਬਲਯੂ ਦੇ ਆਧਾਰ ਉਤੇ ਮਹਿੰਗਾਈ ਭੱਤੇ ਅਤੇ ਮਹਿੰਗਾਈ ਰਾਹਤ ਦੀਆਂ ਦਰਾਂ ਵਧਾਉਂਦੀ ਹੈ, ਯਾਨੀ ਡੀਏ ਅਤੇ ਡੀਆਰ ਦੀਆਂ ਦਰਾਂ ਵਿਚ ਬਦਲਾਅ ਹੁੰਦਾ ਹੈ।


ਮਹਿੰਗਾਈ ਭੱਤਾ ਕਿੰਨਾ ਵਧੇਗਾ
ਮਹਿੰਗਾਈ ਭੱਤਾ (CPI-IW) ਯਾਨੀ Consumer Price Index Number for Industrial Workers ਦੇ ਆਧਾਰ ਉਤੇ ਤਿਆਰ ਕੀਤਾ ਜਾਂਦਾ ਹੈ। ਡੀਏ ਦੇ ਇਸ ਵਾਧੇ ਤੋਂ ਬਾਅਦ ਲੱਖਾਂ ਮੁਲਾਜ਼ਮਾਂ ਨੂੰ ਲਾਭ ਮਿਲਣ ਵਾਲਾ ਹੈ। AICPI-IW ਦੇ ਜਨਵਰੀ-ਜੁਲਾਈ ਦੇ ਅੰਕੜਿਆਂ ਮੁਤਾਬਕ ਸਰਕਾਰੀ ਮੁਲਾਜ਼ਮਾਂ ਦਾ ਡੀਏ 3 ਫੀਸਦੀ ਵਧਣ ਵਾਲਾ ਹੈ। ਇਹ ਵਧਿਆ ਹੋਇਆ ਮਹਿੰਗਾਈ ਭੱਤਾ ਜੁਲਾਈ 2024 ਤੋਂ ਲਾਗੂ ਮੰਨਿਆ ਜਾਵੇਗਾ।



ਜੂਨ ਲਈ ਏਆਈਸੀਪੀਆਈ ਸੂਚਕਾਂਕ 141.4 ਪੁਆਇੰਟ ਉਤੇ ਆ ਗਿਆ ਹੈ, ਜਿਸ ਨੇ ਮਈ ਦੇ 139.9 ਅੰਕਾਂ ਤੋਂ ਵਾਧਾ ਦਿਖਾਇਆ ਹੈ। ਇਸ ਦੇ ਆਧਾਰ ‘ਤੇ ਮਹਿੰਗਾਈ ਭੱਤੇ ਦਾ ਸਕੋਰ 53.36 ਫੀਸਦੀ ਉਤੇ ਆ ਗਿਆ ਹੈ। ਪਿਛਲੀ ਵਾਰ ਯਾਨੀ ਜਨਵਰੀ ਵਿਚ ਇਹ ਸਕੋਰ 50.84 ਫੀਸਦੀ ਸੀ। CPI-IW ਦੇ ਤਾਜ਼ਾ ਅੰਕੜਿਆਂ ਤੋਂ ਬਾਅਦ, ਮਹਿੰਗਾਈ ਭੱਤੇ ਨੂੰ 3 ਫੀਸਦੀ ਵਧਾਉਣ ਦਾ ਫੈਸਲਾ ਲਿਆ ਜਾ ਸਕਦਾ ਹੈ।


ਆਖਰੀ ਮਹਿੰਗਾਈ ਭੱਤੇ ਦਾ ਐਲਾਨ ਮਾਰਚ 2024 ਵਿਚ ਕੀਤਾ ਗਿਆ ਸੀ। ਕੇਂਦਰ ਸਰਕਾਰ ਨੇ ਮਹਿੰਗਾਈ ਭੱਤੇ (DA) ਅਤੇ ਮਹਿੰਗਾਈ ਰਾਹਤ (DR) ਦੋਵਾਂ ਵਿੱਚ 4-4 ਪ੍ਰਤੀਸ਼ਤ ਵਾਧਾ ਕੀਤਾ ਸੀ, ਜੋ ਜਨਵਰੀ ਤੋਂ ਲਾਗੂ ਹੋਇਆ ਸੀ। ਇਸ ਤੋਂ ਬਾਅਦ ਡੀਏ ਅਤੇ ਡੀਆਰ ਦੀ ਦਰ ਵਧ ਕੇ 50 ਫੀਸਦੀ ਤੋਂ ਉਪਰ ਹੋ ਗਈ ਹੈ।