7th Pay Commission: ਪਿਛਲੇ ਮਹੀਨੇ ਸਤੰਬਰ ਦੇ ਅੰਤ 'ਚ ਕੇਂਦਰ ਸਰਕਾਰ ਨੇ ਆਪਣੇ ਮੁਲਾਜ਼ਮਾਂ ਲਈ ਮਹਿੰਗਾਈ ਭੱਤਾ ਵਧਾਉਣ ਦਾ ਐਲਾਨ ਕੀਤਾ ਸੀ। ਇਸ ਨੂੰ 34 ਫ਼ੀਸਦੀ ਤੋਂ ਵਧਾ ਕੇ 38 ਫ਼ੀਸਦੀ ਕਰ ਦਿੱਤਾ ਗਿਆ ਸੀ। ਉਦੋਂ ਤੋਂ ਕਈ ਸੂਬਾ ਸਰਕਾਰਾਂ ਨੇ ਆਪਣੇ ਮੁਲਾਜ਼ਮਾਂ ਲਈ ਮਹਿੰਗਾਈ ਭੱਤਾ ਵਧਾਉਣ ਲਈ ਘੋਸ਼ਨਾਵਾਂ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਹੁਣ ਇਸ ਕੜੀ 'ਚ ਇਕ ਹੋਰ ਸੂਬੇ ਦਾ ਨਾਂਅ ਜੁੜ ਗਿਆ ਹੈ।
ਝਾਰਖੰਡ ਸਰਕਾਰ ਦੀ ਕੈਬਨਿਟ ਨੇ ਸੋਮਵਾਰ ਨੂੰ ਆਪਣੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਮਹਿੰਗਾਈ ਭੱਤੇ 'ਚ 4 ਫ਼ੀਸਦੀ ਵਾਧਾ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਵਾਧਾ 1 ਜੁਲਾਈ 2022 ਤੋਂ ਲਾਗੂ ਹੋਵੇਗਾ। ਅਧਿਕਾਰੀ ਨੇ ਕਿਹਾ ਕਿ ਇਸ ਫ਼ੈਸਲੇ ਨਾਲ 1.35 ਲੱਖ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਫ਼ਾਇਦਾ ਹੋਵੇਗਾ। ਇਹ ਫ਼ੈਸਲਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ ਲਿਆ ਗਿਆ।
ਮਹਿੰਗਾਈ ਭੱਤਾ 34 ਫ਼ੀਸਦੀ ਤੋਂ ਵਧਾ ਕੇ 38 ਫ਼ੀਸਦੀ ਕੀਤਾ
ਕੈਬਨਿਟ ਸਕੱਤਰ ਵੰਦਨਾ ਡਾਡੇਲ ਨੇ ਦੱਸਿਆ ਕਿ ਇਸ ਫ਼ੈਸਲੇ ਨਾਲ ਸੂਬਾ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਮਹਿੰਗਾਈ ਭੱਤਾ 34 ਫ਼ੀਸਦੀ ਤੋਂ ਵੱਧ ਕੇ 38 ਫ਼ੀਸਦੀ ਹੋ ਗਿਆ ਹੈ। ਇਸ ਨਾਲ ਸੂਬੇ ਦੇ 1,93,000 ਮੁਲਾਜ਼ਮਾਂ ਨੂੰ ਲਾਭ ਹੋਵੇਗਾ। ਡੀਏ 'ਚ ਵਾਧੇ ਕਾਰਨ ਸੂਬਾ ਸਰਕਾਰ 'ਤੇ 42 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ।
ਝਾਰਖੰਡ ਦੇ ਸਰਕਾਰੀ ਮੁਲਾਜ਼ਮਾਂ ਦੀ ਤਨਖਾਹ 'ਚ ਕਿੰਨਾ ਹੋਵੇਗਾ ਵਾਧਾ?
ਝਾਰਖੰਡ ਸਰਕਾਰ ਦੇ ਮਹਿੰਗਾਈ ਭੱਤੇ 'ਚ ਵਾਧੇ ਕਾਰਨ ਮੁਲਾਜ਼ਮਾਂ ਦੀ ਤਨਖਾਹ 500 ਤੋਂ 9500 ਰੁਪਏ ਤੱਕ ਵੱਧ ਸਕਦੀ ਹੈ। ਇਸੇ ਤਰ੍ਹਾਂ ਪੈਨਸ਼ਨਰਾਂ ਅਤੇ ਪਰਿਵਾਰਕ ਪੈਨਸ਼ਨਰਾਂ ਦੇ ਡੀਏ 'ਚ ਵੀ ਵਾਧਾ ਕੀਤਾ ਗਿਆ ਹੈ।
ਕੇਂਦਰੀ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ 'ਚ ਹਾਲ ਹੀ ਵਿੱਚ ਹੋਇਆ ਵਾਧਾ
28 ਸਤੰਬਰ 2022 ਨੂੰ ਮੋਦੀ ਸਰਕਾਰ (Modi Government) ਨੇ ਕੇਂਦਰ ਸਰਕਾਰ ਦੇ 1 ਕਰੋੜ ਤੋਂ ਵੱਧ ਮੁਲਾਜ਼ਮਾਂ (Central Government Employees) ਅਤੇ ਪੈਨਸ਼ਨਰਾਂ (Pensioners) ਲਈ ਮਹਿੰਗਾਈ ਭੱਤਾ ਵਧਾਉਣ ਦਾ ਐਲਾਨ ਕੀਤਾ ਸੀ।