Mobile Phone Bills: ਲੋਕ ਸਭਾ ਚੋਣਾਂ ਤੋਂ ਬਾਅਦ ਮੋਬਾਈਲ ਫੋਨ ਉਪਭੋਗਤਾਵਾਂ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਭਾਰਤ ਵਿੱਚ ਸੱਤ ਪੜਾਵਾਂ ਵਿੱਚ ਲੋਕ ਸਭਾ ਚੋਣਾਂ ਦੀ ਪ੍ਰਕਿਰਿਆ ਚੱਲ ਰਹੀ ਹੈ। 1 ਜੂਨ ਨੂੰ ਆਖਰੀ ਪੜਾਅ ਦੀ ਵੋਟਿੰਗ ਤੋਂ ਬਾਅਦ 4 ਜੂਨ ਨੂੰ ਵੋਟਾਂ ਦੀ ਗਿਣਤੀ ਹੋਣੀ ਹੈ। ਇਕਨਾਮਿਕ ਟਾਈਮਜ਼ 'ਚ ਛਪੀ ਖਬਰ ਮੁਤਾਬਕ ਚੋਣਾਂ ਤੋਂ ਬਾਅਦ ਮੋਬਾਈਲ ਫੋਨ ਉਪਭੋਗਤਾਵਾਂ ਦੇ ਬਿੱਲਾਂ 'ਚ ਕਰੀਬ 25 ਫੀਸਦੀ ਦਾ ਵਾਧਾ ਹੋ ਸਕਦਾ ਹੈ। ਈਟੀ 'ਚ ਪ੍ਰਕਾਸ਼ਿਤ ਖਬਰ 'ਚ ਦੱਸਿਆ ਗਿਆ ਕਿ ਟੈਲੀਕਾਮ ਕੰਪਨੀਆਂ ਹਾਲ ਹੀ ਦੇ ਸਾਲਾਂ 'ਚ ਟੈਰਿਫ ਵਾਧੇ ਦੇ ਚੌਥੇ ਦੌਰ ਦੀ ਤਿਆਰੀ ਕਰ ਰਹੀਆਂ ਹਨ। ਕੰਪਨੀਆਂ ਦੇ ਇਸ ਕਦਮ ਤੋਂ ਬਾਅਦ ਟੈਲੀਕਾਮ ਕੰਪਨੀਆਂ ਦੀ ਆਮਦਨ ਵਧੇਗੀ।


ਬ੍ਰੋਕਰੇਜ ਐਕਸਿਸ ਕੈਪੀਟਲ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੰਪਨੀਆਂ ਵਧਦੀ ਮੁਕਾਬਲੇਬਾਜ਼ੀ ਤੇ ਵੱਡੇ 5ਜੀ ਨਿਵੇਸ਼ ਤੋਂ ਬਾਅਦ ਮੁਨਾਫੇ ਵਿੱਚ ਸੁਧਾਰ ਦੀ ਉਮੀਦ ਕਰ ਰਹੀਆਂ ਹਨ। ਸਰਕਾਰੀ ਸਹਾਇਤਾ ਕਾਰਨ ਆਉਣ ਵਾਲੇ ਸਮੇਂ ਵਿੱਚ ਟੈਲੀਕਾਮ ਆਪਰੇਟਰ ਤੋਂ 25% ਵਾਧੇ ਦੀ ਉਮੀਦ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਵੇਂ ਕੀਮਤਾਂ 'ਚ ਵਾਧਾ ਜ਼ਿਆਦਾ ਲੱਗਦਾ ਹੈ ਪਰ ਸ਼ਹਿਰਾਂ ਤੇ ਪਿੰਡਾਂ 'ਚ ਰਹਿਣ ਵਾਲੇ ਲੋਕਾਂ ਲਈ ਇਹ ਆਮ ਗੱਲ ਹੈ। 



ਸ਼ਹਿਰਾਂ 'ਚ ਰਹਿਣ ਵਾਲੇ ਲੋਕ ਆਪਣੇ ਕੁੱਲ ਖਰਚ ਦਾ 3.2 ਫੀਸਦੀ ਟੈਲੀਕਾਮ 'ਤੇ ਖਰਚ ਕਰਦੇ ਸਨ। ਟੈਰਿਫ ਵਧਣ ਮਗਰੋਂ ਇਹ ਵਧ ਕੇ 3.6 ਫੀਸਦੀ ਹੋ ਜਾਵੇਗਾ। ਇਸ ਦੇ ਨਾਲ ਹੀ ਪਿੰਡਾਂ 'ਚ ਰਹਿਣ ਵਾਲੇ ਲੋਕਾਂ ਦਾ ਟੈਲੀਕਾਮ 'ਤੇ ਖਰਚ 5.2 ਫੀਸਦੀ ਤੋਂ ਵਧ ਕੇ 5.9 ਫੀਸਦੀ ਹੋ ਜਾਵੇਗਾ। ਰਿਪੋਰਟ 'ਚ ਕਿਹਾ ਗਿਆ ਹੈ ਕਿ ਜੇਕਰ ਟੈਲੀਕਾਮ ਕੰਪਨੀਆਂ ਬੇਸਿਕ ਪਲਾਨ ਦੀ ਕੀਮਤ 'ਚ 25 ਫੀਸਦੀ ਦਾ ਵਾਧਾ ਕਰਦੀਆਂ ਹਨ ਤਾਂ ਉਨ੍ਹਾਂ ਦਾ ਪ੍ਰਤੀ ਯੂਜ਼ਰ ਔਸਤ ਮਾਲੀਆ (ARPU) 16 ਫੀਸਦੀ ਵਧ ਜਾਵੇਗਾ। ਇਸ ਦਾ ਮਤਲਬ ਹੈ ਕਿ ਹਰ ਯੂਜ਼ਰ ਤੋਂ ਏਅਰਟੈੱਲ ਦੀ ਕਮਾਈ 29 ਰੁਪਏ ਤੇ ਜਿਓ ਦੀ ਹਰ ਯੂਜ਼ਰ ਤੋਂ ਕਮਾਈ 26 ਰੁਪਏ ਵਧੇਗੀ।



ਪ੍ਰਤੀ ਉਪਭੋਗਤਾ 100 ਰੁਪਏ ਤੱਕ ਦੇ ਵਾਧੇ ਦੀ ਉਮੀਦ
ਮਾਰਚ 2024 ਨੂੰ ਖਤਮ ਹੋਣ ਵਾਲੀ ਤਿਮਾਹੀ ਲਈ ਜੀਓ ਦੀ ਪ੍ਰਤੀ ਗਾਹਕ ਔਸਤ ਕਮਾਈ (ARPU) 181.7 ਰੁਪਏ ਸੀ। ਅਕਤੂਬਰ-ਦਸੰਬਰ 2023 ਤਿਮਾਹੀ ਲਈ ਭਾਰਤੀ ਏਅਰਟੈੱਲ ਦਾ ARPU 208 ਰੁਪਏ ਸੀ ਤੇ ਵੋਡਾਫੋਨ ਆਈਡੀਆ (Vi) ਦਾ 145 ਰੁਪਏ ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਟੈਲੀਕਾਮ ਕੰਪਨੀਆਂ 5ਜੀ ਵਿੱਚ ਹੋਣ ਵਾਲੇ ਖਰਚਿਆਂ ਦੀ ਭਰਪਾਈ ਕਰਨ ਲਈ ਫੋਨ ਰੀਚਾਰਜ ਪੈਕ ਦੀ ਕੀਮਤ ਵਿੱਚ ਬਦਲਾਅ ਕਰਨਗੀਆਂ। ਉਨ੍ਹਾਂ ਮੁਤਾਬਕ ਪਲਾਨ ਦੀ ਕੀਮਤ 'ਚ 10-15 ਫੀਸਦੀ ਵਾਧੇ ਨਾਲ ਕੰਪਨੀਆਂ ਦੇ ਏਆਰਪੀਯੂ 'ਚ ਕਰੀਬ 100 ਰੁਪਏ ਦਾ ਵਾਧਾ ਹੋ ਸਕਦਾ ਹੈ।


ਉਨ੍ਹਾਂ ਦਾ ਕਹਿਣਾ ਹੈ ਕਿ ਗਾਹਕ ਟੈਲੀਕਾਮ ਕੰਪਨੀਆਂ ਨੂੰ ਨਹੀਂ ਛੱਡਣਗੇ। ਮਾਹਿਰਾਂ ਦਾ ਮੰਨਣਾ ਹੈ ਕਿ ਮੋਬਾਈਲ ਰੀਚਾਰਜ ਪੈਕ ਦੀ ਕੀਮਤ 'ਚ ਵਾਧੇ ਦਾ ਸਭ ਤੋਂ ਜ਼ਿਆਦਾ ਫਾਇਦਾ ਭਾਰਤੀ ਏਅਰਟੈੱਲ ਤੇ ਜੀਓ ਨੂੰ ਹੋਵੇਗਾ। ਕੋਟਕ ਇੰਸਟੀਚਿਊਸ਼ਨਲ ਇਕੁਇਟੀਜ਼ ਦੀ ਰਿਪੋਰਟ ਅਨੁਸਾਰ, ਪਿਛਲੀਆਂ ਤਿੰਨ ਟੈਰਿਫ ਵਾਧੇ ਤੋਂ ਬਾਅਦ ਦਰ ਵਿੱਚ 14-102% ਦਾ ਵਾਧਾ ਹੋਇਆ ਸੀ। ਦੋਵਾਂ ਟੈਲੀਕਾਮ ਕੰਪਨੀਆਂ ਨੇ ਸਤੰਬਰ 2019 ਤੇ ਸਤੰਬਰ 2023 ਦਰਮਿਆਨ ਆਪਣੇ ARPU ਵਿੱਚ ਕ੍ਰਮਵਾਰ 58% ਤੇ 33% ਦਾ ਵਾਧਾ ਕੀਤਾ ਹੈ।