ATF Price Hike: ਆਉਣ ਵਾਲੇ ਦਿਨਾਂ ਵਿੱਚ ਹਵਾਈ ਸਫਰ ਮਹਿੰਗਾ ਹੋ ਸਕਦਾ ਹੈ। ਏਅਰਲਾਈਨਜ਼ ਕੰਪਨੀਆਂ ਹਵਾਈ ਯਾਤਰਾ ਨੂੰ ਮਹਿੰਗਾ ਕਰ ਸਕਦੀਆਂ ਹਨ। ਦਰਅਸਲ, ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ( Crude OIl Price) ਦੀਆਂ ਕੀਮਤਾਂ 'ਚ ਵਾਧੇ ਕਾਰਨ ਸਰਕਾਰੀ ਤੇਲ ਕੰਪਨੀਆਂ ਨੇ ਏਅਰਕ੍ਰਾਫਟ ਫਿਊਲ (ATF ) ਦੀਆਂ ਕੀਮਤਾਂ 'ਚ 3.2 ਫੀਸਦੀ ਦਾ ਵਾਧਾ ਕੀਤਾ ਹੈ।

ਜਿਸ ਤੋਂ ਬਾਅਦ ਦੇਸ਼ 'ਚ ਏਟੀਐੱਫ ਦੀਆਂ ਕੀਮਤਾਂ ਰਿਕਾਰਡ ਉੱਚਾਈ 'ਤੇ ਪਹੁੰਚ ਗਈਆਂ ਹਨ। ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ ਏਟੀਐਫ ਦੀਆਂ ਕੀਮਤਾਂ ਵਿੱਚ ਇਹ ਪੰਜਵਾਂ ਵਾਧਾ ਹੈ, ਪਰ ਕੱਚੇ ਤੇਲ ਦੇ ਮਹਿੰਗਾ ਹੋਣ ਦੇ ਬਾਵਜੂਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ 118ਵੇਂ ਦਿਨ ਸਥਿਰ ਰਹੀਆਂ।


ਜਨਤਕ ਖੇਤਰ ਦੀਆਂ ਪੈਟਰੋਲੀਅਮ ਕੰਪਨੀਆਂ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ 'ਚ ATF ਦੀ ਕੀਮਤ 3.2 ਫੀਸਦੀ ਵਧ ਕੇ 93,530 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ ਹੈ। ਇਹ ATF ਦਾ ਸਭ ਤੋਂ ਉੱਚਾ ਪੱਧਰ ਹੈ। ਅਗਸਤ 2008 ਵਿੱਚ ATF ਦੀ ਕੀਮਤ 71,028.26 ਰੁਪਏ ਪ੍ਰਤੀ ਕਿਲੋਲੀਟਰ ਸੀ,


ਜਦੋਂ ਅੰਤਰਰਾਸ਼ਟਰੀ ਪੱਧਰ 'ਤੇ ਕੱਚੇ ਤੇਲ ਦੀ ਕੀਮਤ 147 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਈ ਸੀ। ਮੰਗਲਵਾਰ ਨੂੰ ਬ੍ਰੈਂਟ ਕੱਚਾ ਤੇਲ 100 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਕਾਰੋਬਾਰ ਕਰ ਰਿਹਾ ਸੀ। ਤੇਲ ਕੰਪਨੀਆਂ ਹਰ ਪੰਦਰਵਾੜੇ ਹਵਾਈ ਈਂਧਨ ਦੀਆਂ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਜਦੋਂ 15 ਮਾਰਚ ਨੂੰ ਸਮੀਖਿਆ ਹੋਵੇਗੀ ਤਾਂ ਹਵਾਈ ਈਂਧਨ ਦੀਆਂ ਕੀਮਤਾਂ ਫਿਰ ਤੋਂ ਵਧ ਸਕਦੀਆਂ ਹਨ।


ਸਰਕਾਰੀ ਤੇਲ ਕੰਪਨੀਆਂ ਨੂੰ ਪੈਟਰੋਲ, ਡੀਜ਼ਲ ਅਤੇ ਹਵਾਈ ਈਂਧਨ ਦੀਆਂ ਕੀਮਤਾਂ ਤੈਅ ਕਰਨ ਦਾ ਅਧਿਕਾਰ ਹੈ। ਇਹ ਕੰਪਨੀਆਂ ਹਵਾਈ ਈਂਧਨ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਕਰ ਰਹੀਆਂ ਹਨ ਪਰ ਉੱਤਰ ਪ੍ਰਦੇਸ਼ ਅਤੇ ਪੰਜਾਬ ਵਰਗੇ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਹੋਣ ਕਾਰਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਨਹੀਂ ਕੀਤਾ ਜਾ ਰਿਹਾ ਹੈ। ਹਾਲਾਂਕਿ ਅਧਿਕਾਰਤ ਤੌਰ 'ਤੇ ਇਸ ਬਾਰੇ ਕੁਝ ਨਹੀਂ ਕਿਹਾ ਗਿਆ ਹੈ।