Sugar Export Limit Likely: ਘਰੇਲੂ ਬਾਜ਼ਾਰ 'ਚ ਚੀਨੀ ਦੀਆਂ ਵਧਦੀਆਂ ਕੀਮਤਾਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੱਡਾ ਫੈਸਲਾ ਲੈ ਸਕਦੀ ਹੈ। ਖੰਡ ਦੀ ਬਰਾਮਦ ਨੂੰ ਰੋਕਣ ਲਈ ਸਰਕਾਰ ਬਰਾਮਦ ਸੀਮਾ ਤੈਅ ਕਰ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਇਸ ਸੀਜ਼ਨ 'ਚ 10 ਮਿਲੀਅਨ ਟਨ ਚੀਨੀ ਦੀ ਬਰਾਮਦ ਸੀਮਾ ਤੈਅ ਕਰ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਇਹ ਛੇ ਸਾਲਾਂ ਵਿੱਚ ਪਹਿਲੀ ਵਾਰ ਹੋਵੇਗਾ ਜਦੋਂ ਸਰਕਾਰ ਖੰਡ ਦੇ ਨਿਰਯਾਤ 'ਤੇ ਕੋਈ ਪਾਬੰਦੀ ਲਗਾਏਗੀ।
ਖੰਡ ਦੀਆਂ ਕੀਮਤਾਂ ਵਿੱਚ ਵਾਧਾ
ਖਪਤਕਾਰ ਮਾਮਲਿਆਂ ਦੇ ਮੰਤਰਾਲੇ ਦੇ ਮੁੱਲ ਨਿਗਰਾਨੀ ਡਿਵੀਜ਼ਨ ਮੁਤਾਬਕ 23 ਮਈ ਨੂੰ ਘਰੇਲੂ ਬਾਜ਼ਾਰ 'ਚ ਖੰਡ ਦੀ ਔਸਤ ਕੀਮਤ 41.58 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਜਦੋਂ ਕਿ ਵੱਧ ਤੋਂ ਵੱਧ ਕੀਮਤ 53 ਰੁਪਏ ਪ੍ਰਤੀ ਕਿਲੋ ਅਤੇ ਘੱਟੋ-ਘੱਟ ਕੀਮਤ 35 ਰੁਪਏ ਪ੍ਰਤੀ ਕਿਲੋ ਹੈ।
ਮਹਿੰਗਾਈ 'ਤੇ ਨਕੇਲ ਕੱਸਣ ਦੀ ਤਿਆਰੀ
ਮੋਦੀ ਸਰਕਾਰ ਨੇ ਕਣਕ ਅਤੇ ਆਟੇ ਦੀਆਂ ਵਧਦੀਆਂ ਕੀਮਤਾਂ ਦੇ ਮੱਦੇਨਜ਼ਰ ਪਹਿਲਾਂ ਹੀ ਕਣਕ ਦੀ ਬਰਾਮਦ 'ਤੇ ਪਾਬੰਦੀ ਲਗਾ ਦਿੱਤੀ ਹੈ। ਹੁਣ ਜਦੋਂ ਘਰੇਲੂ ਬਾਜ਼ਾਰ ਵਿੱਚ ਖੰਡ ਦੀਆਂ ਕੀਮਤਾਂ ਵਿੱਚ ਉਛਾਲ ਆਇਆ ਹੈ, ਸਰਕਾਰ ਖੰਡ ਦੀ ਬਰਾਮਦ ਉੱਤੇ ਪਾਬੰਦੀ ਲਗਾਉਣ ਬਾਰੇ ਵਿਚਾਰ ਕਰ ਰਹੀ ਹੈ, ਜਿਸਦਾ ਐਲਾਨ ਜਲਦੀ ਹੋਣ ਦੀ ਉਮੀਦ ਹੈ।
ਭਾਰਤ ਦੂਜਾ ਸਭ ਤੋਂ ਵੱਡਾ ਬਰਾਮਦਕਾਰ
ਭਾਰਤ ਦੁਨੀਆ ਵਿੱਚ ਖੰਡ ਦਾ ਸਭ ਤੋਂ ਵੱਡਾ ਉਤਪਾਦਕ ਹੈ। ਇਸ ਦੇ ਨਾਲ ਹੀ, ਬ੍ਰਾਜ਼ੀਲ ਸਭ ਤੋਂ ਵੱਡਾ ਨਿਰਯਾਤਕ ਦੇਸ਼ ਹੈ, ਉਸ ਤੋਂ ਬਾਅਦ ਭਾਰਤ ਹੈ। ਦਰਅਸਲ, ਅਕਤੂਬਰ 2021 ਤੋਂ ਅਪ੍ਰੈਲ 2022 ਦਰਮਿਆਨ ਭਾਰਤ ਨੇ 71 ਲੱਖ ਟਨ ਖੰਡ ਦਾ ਨਿਰਯਾਤ ਕੀਤਾ ਹੈ, ਜੋ ਕਿ 64 ਫੀਸਦੀ ਵੱਧ ਹੈ। ਮਈ ਮਹੀਨੇ ਵਿੱਚ 8 ਤੋਂ 10 ਲੱਖ ਟਨ ਖੰਡ ਬਰਾਮਦ ਹੋਣ ਦੀ ਸੰਭਾਵਨਾ ਹੈ। 2021-22 ਵਿੱਚ 90 ਲੱਖ ਖੰਡ ਬਰਾਮਦ ਹੋਣ ਦੀ ਉਮੀਦ ਹੈ। ਜਦੋਂ ਕਿ ਇਸ ਤੋਂ ਪਹਿਲਾਂ ਸਾਲ ਵਿੱਚ ਕਰੀਬ 72 ਲੱਖ ਟਨ ਖੰਡ ਦੀ ਬਰਾਮਦ ਕੀਤੀ ਗਈ ਸੀ।
ਚੀਨੀ ਕੰਪਨੀਆਂ ਦੇ ਸ਼ੇਅਰ 'ਚ ਗਿਰਾਵਟ
ਚੀਨੀ ਨਿਰਯਾਤ 'ਤੇ ਰੋਕ ਦੀਆਂ ਰਿਪੋਰਟਾਂ ਦੇ ਵਿਚਕਾਰ ਖੰਡ ਉਤਪਾਦਕ ਕੰਪਨੀਆਂ ਦੇ ਸ਼ੇਅਰਾਂ 'ਚ ਜ਼ਬਰਦਸਤ ਗਿਰਾਵਟ ਆਈ ਹੈ। ਡਾਲਮੀਆ ਭਾਰਤ ਸ਼ੂਗਰ ਦੇ ਸ਼ੇਅਰ 'ਚ 6.99 ਫੀਸਦੀ, ਸ਼ਕਤੀ ਸ਼ੂਗਰਜ਼ ਦੇ ਸ਼ੇਅਰ 'ਚ 6.30 ਫੀਸਦੀ, ਸ਼੍ਰੀ ਰੇਣੂਕਾ ਸ਼ੂਗਰਜ਼ ਦੇ ਸ਼ੇਅਰ 'ਚ 6.66 ਫੀਸਦੀ, ਬਲਰਾਮ ਚੀਨੀ ਦੇ ਸ਼ੇਅਰ 'ਚ 4.94 ਫੀਸਦੀ ਦੀ ਗਿਰਾਵਟ ਵੇਖਣ ਨੂੰ ਮਿਲੀ।
ਇਹ ਵੀ ਪੜ੍ਹੋ: IPL 2022 Qualifier 1: ਗੁਜਰਾਤ ਖਿਲਾਫ ਇੱਕ ਵਿਕਟ ਲੈ ਕੇ ਯੁਜਵੇਂਦਰ ਚਾਹਲ ਬਣਾਵੇਗਾ ਇਹ ਰਿਕਾਰਡ