Amul Milk Price Hike : ਹੁਣ ਰੋਜ਼ਾਨਾ ਸਵੇਰੇ ਚਾਹ ਅਤੇ ਕੌਫੀ ਪੀਣੀ ਵੀ ਮਹਿੰਗੀ ਹੋਣ ਜਾ ਰਹੀ ਹੈ। ਮਦਰ ਡੇਅਰੀ ਤੋਂ ਬਾਅਦ ਹੁਣ ਦੇਸ਼ ਦੀ ਪ੍ਰਮੁੱਖ ਡੇਅਰੀ ਕੰਪਨੀ ਅਮੂਲ (Amul) ਨੇ ਵੀ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਰਿਪੋਰਟਾਂ ਮੁਤਾਬਕ ਅਮੂਲ ਗੋਲਡ ਦੀ ਕੀਮਤ ਵਿੱਚ 4 ਰੁਪਏ ਪ੍ਰਤੀ ਲੀਟਰ ਅਤੇ ਅਮੂਲ ਤਾਜ਼ਾ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ।
ਇਸ ਫੈਸਲੇ ਦਾ ਸਿੱਧਾ ਅਸਰ ਉਨ੍ਹਾਂ ਪਰਿਵਾਰਾਂ ਦੇ ਮਹੀਨਾਵਾਰ ਬਜਟ 'ਤੇ ਪਵੇਗਾ, ਜਿਨ੍ਹਾਂ ਦੇ ਘਰਾਂ ਵਿੱਚ ਰੋਜ਼ਾਨਾ ਅਮੂਲ ਦਾ ਦੁੱਧ ਵਰਤਿਆ ਜਾਂਦਾ ਹੈ। ਖਾਸ ਕਰਕੇ ਬੱਚਿਆਂ ਲਈ ਦੁੱਧ ਖਰੀਦਣ ਅਤੇ ਚਾਹ-ਕੌਫੀ ਬਣਾਉਣ ਵਾਲਿਆਂ ਨੂੰ ਹੁਣ ਪਹਿਲਾਂ ਨਾਲੋਂ ਵੱਧ ਪੈਸੇ ਖਰਚਣੇ ਪੈਣਗੇ।
ਕਿੰਨੀਆਂ ਵਧੀਆਂ ਦੁੱਧ ਦੀਆਂ ਕੀਮਤਾਂ?
ਅਮੂਲ ਨੇ ਦੁੱਧ ਦੀਆਂ ਕੀਮਤਾਂ ਵਿੱਚ ਕਰੀਬ 4 ਤੋਂ 5 ਫੀਸਦੀ ਤੱਕ ਵਾਧਾ ਕੀਤਾ ਹੈ। ਇਸ ਤੋਂ ਬਾਅਦ ਅਮੂਲ ਗੋਲਡ, ਅਮੂਲ ਤਾਜ਼ਾ ਅਤੇ ਫੁੱਲ ਕ੍ਰੀਮ ਦੁੱਧ ਦੀਆਂ ਕੀਮਤਾਂ ਵਿੱਚ 2 ਤੋਂ 4 ਰੁਪਏ ਤੱਕ ਦਾ ਵਾਧਾ ਹੋਇਆ ਹੈ। ਅਮੂਲ ਗੋਲਡ ਦੀ ਕੀਮਤ ਵਿੱਚ 4 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਇਸ ਨਾਲ ਇਸ ਦੀ ਕੀਮਤ 70 ਰੁਪਏ ਤੋਂ ਵਧ ਕੇ 74 ਰੁਪਏ ਪ੍ਰਤੀ ਲੀਟਰ ਹੋ ਗਈ ਹੈ।
ਇਸੇ ਤਰ੍ਹਾਂ ਅਮੂਲ ਤਾਜ਼ਾ ਦੁੱਧ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਅਮੂਲ ਗੋਲਡ ਦੀ ਕੀਮਤ ਵਿੱਚ 5.5 ਫੀਸਦੀ ਅਤੇ ਅਮੂਲ ਤਾਜ਼ਾ ਦੀ ਕੀਮਤ ਵਿੱਚ 3.3 ਫੀਸਦੀ ਦਾ ਵਾਧਾ ਹੋਇਆ ਹੈ। ਇਹ ਨਵੀਆਂ ਕੀਮਤਾਂ 12 ਨਵੰਬਰ 2026 ਯਾਨੀ ਕੱਲ੍ਹ ਸਵੇਰ ਤੋਂ ਲਾਗੂ ਹੋ ਜਾਣਗੀਆਂ।
ਕਿਉਂ ਵਧਾਈਆਂ ਗਈਆਂ ਦੁੱਧ ਦੀਆਂ ਕੀਮਤਾਂ?
ਦੁੱਧ ਦੀਆਂ ਕੀਮਤਾਂ ਵਿੱਚ ਵਾਧੇ ਦਾ ਮੁੱਖ ਕਾਰਨ ਪਸ਼ੂਆਂ ਦੇ ਹਰੇ ਅਤੇ ਸੁੱਕੇ ਚਾਰੇ, ਪਸ਼ੂ ਖੁਰਾਕ ਅਤੇ ਪੈਕੇਜਿੰਗ ਦੀ ਲਾਗਤ ਵਿੱਚ ਵਾਧਾ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਮਾਲ ਦੀ ਢੋਆ-ਢੁਆਈ ਦਾ ਖਰਚਾ ਵੀ ਵਧਿਆ ਹੈ। ਇਨ੍ਹਾਂ ਵਧਦੀਆਂ ਲਾਗਤਾਂ ਕਾਰਨ ਡੇਅਰੀ ਕੰਪਨੀਆਂ ਨੇ ਦੁੱਧ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਨਾਲ ਆਮ ਲੋਕਾਂ ਦੀ ਜੇਬ 'ਤੇ ਵਾਧੂ ਬੋਝ ਪੈਣਾ ਤੈਅ ਹੈ।