Bank holidays- ਬੈਂਕ ਕਰਮਚਾਰੀਆਂ ਨੂੰ ਹਫਤੇ ਵਿਚ ਦੋ ਛੁੱਟੀਆਂ ਦੇਣ ਦੀ ਇਕ ਵਾਰ ਫਿਰ ਚਰਚਾ ਛਿੜ ਗਈ ਹੈ। ਦਰਅਸਲ, ਐਸਬੀਆਈ ਚੇਅਰਮੈਨ ਦੀ ਟਿੱਪਣੀ ਤੋਂ ਬਾਅਦ ਇਹ ਮੁੱਦਾ ਇੱਕ ਵਾਰ ਫਿਰ ਸੁਰਖੀਆਂ ਵਿਚ ਆ ਗਿਆ ਹੈ। ਇਸ ਤੋਂ ਪਹਿਲਾਂ 2024 ਦੀ ਸ਼ੁਰੂਆਤ ਵਿਚ 5 ਦਿਨਾਂ ਦੇ ਕੰਮ ਵਾਲੇ ਹਫ਼ਤੇ ਦੀ ਮੰਗ ਨੇ ਜ਼ੋਰ ਫੜਿਆ ਸੀ।


ਇਸ ਤੋਂ ਬਾਅਦ ਮਾਰਚ ਮਹੀਨੇ ਵਿਚ ਅਜਿਹੀਆਂ ਖਬਰਾਂ ਆਈਆਂ ਸਨ ਕਿ 5 ਦਿਨ ਦੇ ਕੰਮਕਾਜੀ ਹਫਤੇ ਦੇ ਰਾਹ ਵਿਚਲੀਆਂ ਸਾਰੀਆਂ ਰੁਕਾਵਟਾਂ ਦੂਰ ਹੋ ਗਈਆਂ ਹਨ ਅਤੇ ਹੁਣ ਸਿਰਫ ਵਿੱਤ ਮੰਤਰਾਲੇ ਦੀ ਮਨਜ਼ੂਰੀ ਦੀ ਉਡੀਕ ਹੈ। 4 ਮਹੀਨੇ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਬੈਂਕ ਮੁਲਾਜ਼ਮਾਂ ਦਾ 5 ਦਿਨਾਂ ਦਾ ਹਫ਼ਤੇ ਦਾ ਇੰਤਜ਼ਾਰ ਖ਼ਤਮ (Bank holiday list) ਨਹੀਂ ਹੋ ਰਿਹਾ।



ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ SBI ਦੇ ਚੇਅਰਮੈਨ ਦਿਨੇਸ਼ ਖਾਰਾ ਨੂੰ ਇਸ ਬਾਰੇ ਪੁੱਛਿਆ ਗਿਆ। ਉਨ੍ਹਾਂ ਨੂੰ ਪੁੱਛਿਆ ਗਿਆ ਕਿ ਬੈਂਕ ਕਰਮਚਾਰੀਆਂ ਵੱਲੋਂ ਕੀਤੀ ਗਈ 5 ਦਿਨਾਂ ਹਫ਼ਤੇ ਦੀ ਮੰਗ ਉਤੇ ਕੀ ਅੱਪਡੇਟ ਹੈ। ਐਸਬੀਆਈ ਚੇਅਰਮੈਨ ਨੇ ਇਸ ਸਵਾਲ ਦਾ ਜਵਾਬ ਦੇਣ ਤੋਂ ਬਚਦੇ ਹੋਏ ਕਿਹਾ ਕਿ ਇਹ ਇਸ ਮੀਟਿੰਗ ਦਾ ਮੁੱਦਾ ਨਹੀਂ ਹੈ। ਖਾਰਾ ਐਸਬੀਆਈ ਦੀ ਪਹਿਲੀ ਤਿਮਾਹੀ ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ।


ਦਰਅਸਲ, ਬੈਂਕ ਕਰਮਚਾਰੀ ਯੂਨੀਅਨ ਵਿਚ ਐਸਬੀਆਈ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੀ ਗਿਣਤੀ ਸਭ ਤੋਂ ਵੱਧ ਹੈ। ਬੈਂਕ ਕਰਮਚਾਰੀਆਂ ਦੀ ਯੂਨੀਅਨ ਨੇ ਮਾਰਚ ਵਿੱਚ ਬੈਂਕਾਂ ਦੇ ਸੰਗਠਨ IBA ਯਾਨੀ ਇੰਡੀਅਨ ਬੈਂਕਸ ਐਸੋਸੀਏਸ਼ਨ ਨਾਲ ਇੱਕ ਸਮਝੌਤਾ ਕੀਤਾ ਸੀ। ਸਮਝੌਤੇ ਤੋਂ ਬਾਅਦ ਕਰਮਚਾਰੀ ਯੂਨੀਅਨ ਨੇ ਕਿਹਾ ਸੀ ਕਿ ਬੈਂਕ ਕਰਮਚਾਰੀਆਂ ਨੂੰ ਤਨਖਾਹ ਵਧਾਉਣ ਅਤੇ ਮਹੀਨੇ ਦੇ ਹਰ ਸ਼ਨੀਵਾਰ ਨੂੰ ਐਤਵਾਰ ਵਾਂਗ ਛੁੱਟੀ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਮੌਜੂਦਾ ਸਮੇਂ ਵਿਚ ਬੈਂਕ ਮੁਲਾਜ਼ਮਾਂ ਨੂੰ ਮਹੀਨੇ ਦੇ ਦੋ ਹਫ਼ਤੇ ਦੋ-ਦੋ ਛੁੱਟੀਆਂ ਮਿਲਦੀਆਂ ਹਨ, ਪਰ ਬਾਕੀ ਦੋ ਹਫ਼ਤਿਆਂ ਵਿੱਚ ਉਨ੍ਹਾਂ ਨੂੰ 6-6 ਦਿਨ ਕੰਮ ਕਰਨਾ ਪੈਂਦਾ ਹੈ।