ਬਹੁਤ ਸਾਰੇ ਲੋਕ ਆਪਣੇ ਕੀਮਤੀ ਸਮਾਨ ਨੂੰ ਸੁਰੱਖਿਅਤ ਰੱਖਣ ਦੇ ਲਈ ਬੈਂਕ ਲਾਕਰਾਂ ਦੀ ਵਰਤੋਂ ਕਰਦੇ ਹਨ। ਖਾਸ ਕਰਕੇ ਮਹਿਲਾਵਾਂ ਜਿਨ੍ਹਾਂ ਕੋਲ ਕੀਮਤੀ ਗਹਿਣੇ ਹੁੰਦੇ ਹਨ। ਤੁਹਾਨੂੰ ਦੱਸ ਦਈਏ ਬੈਂਕ ਲਾਕਰਾਂ ਨੂੰ ਲੈ ਕੇ ਹੁਣ ਬੈਂਕਾਂ ਵਿੱਚ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਭਾਰਤ ਦੀ ਵਿੱਤ ਮੰਤਰਾਲਾ ਵੱਲੋਂ 1 ਨਵੰਬਰ 2025 ਤੋਂ ਬੈਂਕਿੰਗ ਸਿਸਟਮ ਵਿੱਚ ਕਈ ਮਹੱਤਵਪੂਰਨ ਬਦਲਾਅ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਵਿੱਚ ਬੈਂਕ ਖਾਤਿਆਂ ਤੋਂ ਲੈ ਕੇ ਲਾਕਰ ਰੱਖਣ ਦੇ ਨਿਯਮਾਂ ਤੱਕ ਤਬਦੀਲੀਆਂ ਕੀਤੀਆਂ ਗਈਆਂ ਹਨ ਅਤੇ ਕੁਝ ਨਵੇਂ ਨਿਯਮ ਵੀ ਲਾਗੂ ਕੀਤੇ ਗਏ ਹਨ।
ਅਸਲ ਵਿੱਚ, ਇਸ ਦੌਰਾਨ ਕੁੱਲ 5 ਕਾਨੂੰਨਾਂ ਵਿੱਚ ਸੋਧ ਕੀਤੀ ਗਈ ਹੈ। ਇਨ੍ਹਾਂ ਵਿੱਚ ਬੈਂਕ ਖਾਤਿਆਂ ਨਾਲ ਜੁੜੇ ਨਿਯਮਾਂ ਤੋਂ ਲੈ ਕੇ ਬੈਂਕ ਵਿੱਚ ਤੁਹਾਡੇ ਲਾਕਰਾਂ ਸੰਬੰਧੀ ਕਾਨੂੰਨਾਂ ਤੱਕ ਤਬਦੀਲੀਆਂ ਸ਼ਾਮਲ ਹਨ। ਆਓ ਜਾਣਦੇ ਹਾਂ ਕਿ ਬੈਂਕ ਦੇ ਇਹ ਨਵੇਂ ਨਿਯਮ ਕੀ ਹਨ ਅਤੇ ਲਾਕਰਾਂ ਨਾਲ ਜੁੜੇ ਕਿਹੜੇ ਬਦਲਾਅ ਕੀਤੇ ਗਏ ਹਨ।
ਇਹ ਚੀਜ਼ ਕਰ ਦਿੱਤੀ ਲਾਜ਼ਮੀ
ਲਾਕਰ ਨਾਲ ਜੁੜੇ ਨਿਯਮਾਂ ਵਿੱਚ ਵੀ ਹੁਣ ਤਬਦੀਲੀਆਂ ਕੀਤੀਆਂ ਗਈਆਂ ਹਨ। ਮੰਨਿਆ ਜਾ ਰਿਹਾ ਹੈ ਕਿ ਬੈਂਕਿੰਗ ਸਿਸਟਮ ਵਿੱਚ ਕੀਤੇ ਗਏ ਇਹ ਬਦਲਾਅ ਲੋਕਾਂ ਲਈ ਕਾਫੀ ਲਾਹੇਵੰਦ ਸਾਬਤ ਹੋਣਗੇ। ਨਵੇਂ ਨਿਯਮਾਂ ਅਨੁਸਾਰ ਹੁਣ ਬੈਂਕ ਲਾਕਰ ਦੇ ਮਾਲਕ ਨੂੰ ਇੱਕ ਪ੍ਰਾਇਓਰਿਟੀ ਲਿਸਟ ਦੇਣੀ ਲਾਜ਼ਮੀ ਹੋਵੇਗੀ, ਜਿਸ ਵਿੱਚ ਇਹ ਦਰਸਾਇਆ ਜਾਵੇਗਾ ਕਿ ਮਾਲਕ ਦੀ ਮੌਤ ਤੋਂ ਬਾਅਦ ਕੌਣ ਉਸ ਲਾਕਰ ਨੂੰ ਖੋਲ੍ਹ ਸਕੇਗਾ।
ਬੈਂਕ ਲਾਕਰ ਲਈ ਲੋਕ ਇਕ ਦੇ ਬਾਅਦ ਇਕ ਨਾਮਜ਼ਦਗੀ (nomination) ਕਰ ਸਕਣਗੇ, ਜਿਸ ਦਾ ਅਰਥ ਹੈ ਕਿ ਲਾਕਰ ਵਿੱਚ ਰੱਖੇ ਕੀਮਤੀ ਸਮਾਨ ਜਿਵੇਂ ਗਹਿਣੇ ਜਾਂ ਦਸਤਾਵੇਜ਼ਾਂ ਲਈ ਵੱਧ ਤੋਂ ਵੱਧ ਚਾਰ ਨਾਮ ਦਰਜ ਕਰਵਾਏ ਜਾ ਸਕਦੇ ਹਨ। ਪਰ ਧਿਆਨ ਵਿੱਚ ਰੱਖਣ ਵਾਲੀ ਗੱਲ ਇਹ ਹੈ ਕਿ ਇਹ ਚਾਰ ਨਾਮ ਕ੍ਰਮਵਾਰ ਤੌਰ ‘ਤੇ ਲਾਗੂ ਹੋਣਗੇ — ਭਾਵ ਕਿ ਜੇ ਪਹਿਲਾ ਵਿਅਕਤੀ ਮੌਜੂਦ ਨਹੀਂ ਹੋਵੇਗਾ ਤਾਂ ਹੀ ਦੂਜੇ ਵਿਅਕਤੀ ਦਾ ਨਾਮ ਲਿਸਟ ਵਿੱਚ ਆਵੇਗਾ ਅਤੇ ਉਹ ਲਾਕਰ ਖੋਲ੍ਹ ਸਕੇਗਾ।ਇਸ ਨਵੇਂ ਨਿਯਮ ਦਾ ਮਕਸਦ ਪਰਿਵਾਰਕ ਜਾਂ ਕਾਨੂੰਨੀ ਝਗੜਿਆਂ ਨੂੰ ਘਟਾਉਣਾ ਅਤੇ ਪ੍ਰਕਿਰਿਆ ਨੂੰ ਆਸਾਨ ਬਣਾਉਣਾ ਹੈ, ਤਾਂ ਜੋ ਇੱਕ ਸਮੇਂ ‘ਤੇ ਸਿਰਫ ਇੱਕ ਵਿਅਕਤੀ ਹੀ ਲਾਕਰ ਤੱਕ ਪਹੁੰਚ ਸਕੇ ਤੇ ਕੋਈ ਗੜਬੜ ਜਾਂ ਦੇਰੀ ਨਾ ਹੋਵੇ।
ਬੈਂਕ ਦੇ ਨਿਯਮਾਂ ਵਿੱਚ ਕੀਤੇ ਗਏ ਬਦਲਾਅ ਦੇ ਪਿੱਛੇ ਕਈ ਵੱਡੇ ਕਾਰਨ ਹਨ। ਅਸਲ ਵਿੱਚ ਹੁਣ ਗਾਹਕ ਆਪਣੇ ਹਰ ਨੋਮੀਨੀ ਨੂੰ ਆਪਣੀ ਬਚਤ ਦਾ ਇੱਕ ਨਿਰਧਾਰਤ ਪ੍ਰਤੀਸ਼ਤ ਦੇ ਸਕੇਗਾ, ਤਾਂ ਜੋ ਕੁੱਲ ਮਿਲਾ ਕੇ 100 ਫੀਸਦੀ ਹਿੱਸਾ ਸਪੱਸ਼ਟ ਤੌਰ ‘ਤੇ ਵੰਡਿਆ ਜਾ ਸਕੇ। ਇਸ ਨਾਲ ਪੂਰਾ ਪ੍ਰਕਿਰਿਆ ਪਾਰਦਰਸ਼ੀ ਅਤੇ ਆਸਾਨ ਬਣ ਜਾਵੇਗੀ।ਇਸ ਤੋਂ ਇਲਾਵਾ, ਜਲਦੀ ਹੀ ਬੈਂਕਿੰਗ ਕੰਪਨੀ ਰੂਲਜ਼ 2025 ਵੀ ਜਾਰੀ ਕੀਤੇ ਜਾਣਗੇ। ਇਨ੍ਹਾਂ ਨਿਯਮਾਂ ਤਹਿਤ ਸਾਰੇ ਬੈਂਕਾਂ ਵਿੱਚ ਨੋਮੀਨੇਸ਼ਨ ਕਰਨ, ਰੱਦ ਕਰਨ, ਇਸ ਲਈ ਲੋੜੀਂਦੇ ਫਾਰਮ ਦੀ ਜਾਣਕਾਰੀ ਅਤੇ ਹੋਰ ਪ੍ਰਕਿਰਿਆ ਨੂੰ ਇਕਸਾਰ ਕੀਤਾ ਜਾਵੇਗਾ। ਇਹ ਸਾਰੇ ਬਦਲਾਅ ਕਰਨ ਦਾ ਮੁੱਖ ਉਦੇਸ਼ ਬੈਂਕਿੰਗ ਸਿਸਟਮ ਨੂੰ ਮਜ਼ਬੂਤ ਬਣਾਉਣਾ, ਸੁਰੱਖਿਆ ਵਧਾਉਣਾ ਅਤੇ ਲੋਕਾਂ ਨੂੰ ਬਿਹਤਰ ਤੇ ਗੁਣਵੱਤਾ ਵਾਲੀਆਂ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਨਾ ਹੈ।