BSNL Merger with BBNL : ਸਰਕਾਰ ਭਾਰਤ ਬਰਾਡਬੈਂਡ ਨਿਗਮ ਲਿਮਿਟੇਡ (BBNL) ਨੂੰ ਘਾਟੇ 'ਚ ਚੱਲ ਰਹੀ ਜਨਤਕ ਖੇਤਰ ਦੀ ਦੂਰਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ ਲਿਮਿਟੇਡ (BSNL) ਨਾਲ ਮਿਲਾਉਣ ਦੀ ਤਿਆਰੀ ਕਰ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਬੀਐਸਐਨਐਲ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਪੀਕੇ ਪੁਰਵਾਰ ਨੇ ਦੱਸਿਆ ਕਿ ਇਹ ਰਲੇਵਾਂ ਇਸੇ ਮਹੀਨੇ ਹੋ ਜਾਵੇਗਾ।
BSNL ਨੂੰ ਦੇ ਰਹੀ ਬਦਲਾਅ ਦਾ ਮੌਕਾ
ਆਲ ਇੰਡੀਆ ਗ੍ਰੈਜੂਏਟ ਇੰਜਨੀਅਰਜ਼ ਐਂਡ ਟੈਲੀਕਾਮ ਆਫੀਸਰਜ਼ ਐਸੋਸੀਏਸ਼ਨ (AIGTOA) ਵੱਲੋਂ ਹਾਲ ਹੀ ਵਿੱਚ ਕਰਵਾਏ ਗਏ ਇੱਕ ਪ੍ਰੋਗਰਾਮ ਵਿੱਚ ਉਨ੍ਹਾਂ ਕਿਹਾ ਕਿ ਸਰਕਾਰ ਬੀਐਸਐਨਐਲ (BBNL) ਨੂੰ ਬਦਲਣ ਦਾ ਮੌਕਾ ਦੇ ਰਹੀ ਹੈ। ਪੁਰਵਾਰ ਨੇ ਹਾਲ ਹੀ ਵਿੱਚ ਏਆਈਜੀਟੀਓਏ ਦੀ ਆਲ ਇੰਡੀਆ ਕਾਨਫਰੰਸ ਵਿੱਚ ਕਿਹਾ ਕਿ ਸਰਕਾਰ ਨੇ ਬੀਬੀਐਨਐਲ ਨੂੰ ਬੀਐਸਐਨਐਲ ਵਿੱਚ ਰਲੇਵੇਂ ਕਰਨ ਦਾ ਨੀਤੀਗਤ ਫੈਸਲਾ ਲਿਆ ਹੈ। ਇਸ ਦਾ ਮਤਲਬ ਹੈ ਕਿ ਆਲ ਇੰਡੀਆ ਪੱਧਰ 'ਤੇ BBNL ਦਾ ਸਾਰਾ ਕੰਮ BSNL ਕੋਲ ਜਾਣਾ ਹੈ।
ਕੇਂਦਰੀ ਮੰਤਰੀ ਨਾਲ ਹੋਈ ਬੈਠਕ
ਕੇਂਦਰੀ ਦੂਰਸੰਚਾਰ ਮੰਤਰੀ ਨਾਲ ਆਪਣੀ ਮੀਟਿੰਗ ਦਾ ਹਵਾਲਾ ਦਿੰਦਿਆਂ ਪੁਰਵਾਰ ਨੇ ਕਿਹਾ ਕਿ ਇਸ ਸਬੰਧ ਵਿੱਚ ਉਨ੍ਹਾਂ ਦੀ ਇੱਕ ਘੰਟਾ ਮੀਟਿੰਗ ਹੋਈ। BSNL ਕੋਲ ਪਹਿਲਾਂ ਹੀ 6.8 ਲੱਖ ਕਿਲੋਮੀਟਰ ਤੋਂ ਵੱਧ ਆਪਟੀਕਲ ਫਾਈਬਰ ਕੇਬਲ (OFC) ਦਾ ਨੈੱਟਵਰਕ ਹੈ।
ਸਰਕਾਰ 44,720 ਕਰੋੜ ਰੁਪਏ ਨਿਵੇਸ਼ ਕਰੇਗੀ
ਫਰਵਰੀ ਵਿੱਚ ਪੇਸ਼ ਕੀਤੇ ਗਏ ਬਜਟ ਵਿੱਚ ਸਰਕਾਰ ਨੇ ਐਲਾਨ ਕੀਤਾ ਹੈ ਕਿ 2022-23 ਵਿੱਚ BSNL ਵਿੱਚ ਪੂੰਜੀ ਵਜੋਂ 44,720 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਵੀਆਰਐਸ ਸਕੀਮ ਲਿਆਉਣ ਲਈ ਕੰਪਨੀ ਨੂੰ 3300 ਕਰੋੜ ਰੁਪਏ ਦਿੱਤੇ ਜਾਣਗੇ। ਇਸ ਦੇ ਨਾਲ ਹੀ 4ਜੀ ਸਪੈਕਟ੍ਰਮ ਦੀ ਵੰਡ ਲਈ ਭੁਗਤਾਨ ਦੇ ਬਦਲੇ ਜੀਐਸਟੀ ਲਈ 3550 ਕਰੋੜ ਰੁਪਏ ਵੀ ਕੰਪਨੀ ਨੂੰ ਅਦਾ ਕੀਤੇ ਜਾਣਗੇ।
ਤੁਹਾਨੂੰ ਦੱਸ ਦੇਈਏ ਕਿ ਵੀਆਰਐਸ ਸਕੀਮ ਲਈ ਕੁੱਲ 7443.57 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ, ਜੋ ਬੀਐਸਐਨਐਲ ਤੇ ਐਮਟੀਐਨਐਲ ਦੋਵਾਂ ਸਰਕਾਰੀ ਟੈਲੀਕਾਮ ਕੰਪਨੀਆਂ ਦੇ ਕਰਮਚਾਰੀਆਂ ਲਈ ਹੋਵੇਗੀ। ਸਰਕਾਰ ਅਗਲੇ ਵਿੱਤੀ ਸਾਲ 'ਚ BSNL 'ਚ ਜਿੰਨੀ ਰਾਸ਼ੀ ਪਾਉਣ ਜਾ ਰਹੀ ਹੈ, ਕੰਪਨੀ 4ਜੀ ਸਪੈਕਟਰਮ ਖਰੀਦਣ 'ਤੇ ਖਰਚ ਕਰੇਗੀ, ਇਸ ਦੇ ਨਾਲ ਹੀ ਟੈਕਨਾਲੋਜੀ ਅਪਗ੍ਰੇਡੇਸ਼ਨ ਅਤੇ ਪੁਨਰਗਠਨ 'ਤੇ ਖਰਚ ਕੀਤੀ ਜਾਵੇਗੀ।