ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟ ਬੋਰਡ ਬੀ.ਸੀ.ਸੀ.ਆਈ. ਦੀ ਕਮਾਈ ਨੇ ਰਿਕਾਰਡ ਤੋੜ ਦਿੱਤੇ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਪਿਛਲੇ ਪੰਜ ਵਿੱਤੀ ਸਾਲਾਂ ਵਿੱਚ 27,411 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਬੀ.ਸੀ.ਸੀ.ਆਈ. ਇਹ ਕਮਾਈ ਮੀਡੀਆ ਅਧਿਕਾਰਾਂ, ਸਪੌਂਸਰਸ਼ਿਪ ਸੌਦਿਆਂ ਅਤੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਦੇ ਮਾਲੀਆ ਸ਼ੇਅਰਾਂ ਤੋਂ ਕਰਦਾ ਹੈ। ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਰਾਜ ਸਭਾ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ।


 ਦੱਸ ਦਈਏ ਕਿ ਰਾਜ ਸਭਾ ਵਿੱਚ, ਸ਼ਿਵ ਸੈਨਾ ਦੇ ਸੰਸਦ ਮੈਂਬਰ ਅਨਿਲ ਦੇਸਾਈ ਨੇ ਵਿੱਤ ਮੰਤਰੀ ਪੰਕਜ ਚੌਧਰੀ ਨੂੰ ਪੁੱਛਿਆ ਸੀ ਕਿ ਸਰਕਾਰ ਵਿਸ਼ਵ ਪੱਧਰ 'ਤੇ ਦੂਜੇ ਸਭ ਤੋਂ ਅਮੀਰ ਖੇਡ ਸੰਗਠਨ ਵਜੋਂ ਬੀ.ਸੀ.ਸੀ.ਆਈ. ਦੀ ਸਥਿਤੀ ਬਾਰੇ ਜਾਣਦੀ ਹੈ। ਉਨ੍ਹਾਂ ਨੇ ਸਰਕਾਰ ਨੂੰ ਪਿਛਲੇ ਪੰਜ ਸਾਲਾਂ ਵਿੱਚ ਬੀ.ਸੀ.ਸੀ.ਆਈ. ਦੀ ਆਮਦਨ, ਖਰਚ ਅਤੇ ਟੈਕਸਾਂ ਬਾਰੇ ਜਾਣਕਾਰੀ ਦੇਣ ਦੀ ਬੇਨਤੀ ਕੀਤੀ। ਇਸ ਦੇ ਜਵਾਬ 'ਚ ਪੰਕਜ ਚੌਧਰੀ ਨੇ ਬੀਤੇ ਮੰਗਲਵਾਰ ਨੂੰ ਕਿਹਾ ਕਿ ਸਰਕਾਰ ਵਿਸ਼ਵ ਪੱਧਰ 'ਤੇ ਖੇਡ ਸੰਗਠਨਾਂ ਦੀ ਵਿੱਤੀ ਸਥਿਤੀ ਬਾਰੇ ਅੰਕੜੇ ਨਹੀਂ ਰੱਖਦੀ, ਪਰ ਬੀ.ਸੀ.ਸੀ.ਆਈ. ਦੇ ਅੰਕੜਿਆਂ ਨੂੰ ਉੱਚ ਸਦਨ ਨਾਲ ਸਾਂਝਾ ਕਰਦੀ ਹੈ। ਇਸ ਅਨੁਸਾਰ, ਸਾਲ 2017 ਵਿੱਚ, ਬੀ.ਸੀ.ਸੀ.ਆਈ. ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਮੀਡੀਆ ਅਧਿਕਾਰ ਸਟਾਰ ਇੰਡੀਆ, ਜਿਸਨੂੰ ਹੁਣ ਡਿਜ਼ਨੀ ਸਟਾਰ ਵਜੋਂ ਜਾਣਿਆ ਜਾਂਦਾ ਹੈ, ਨੂੰ 16,147 ਕਰੋੜ ਰੁਪਏ ਵਿੱਚ ਵੇਚ ਦਿੱਤਾ। ਇਹ ਰਕਮ ਦੁੱਗਣੀ ਤੋਂ ਵੀ ਵੱਧ ਸੀ ਕਿਉਂਕਿ 2008 ਤੋਂ 2017 ਦੇ 10 ਸਾਲਾਂ ਦੌਰਾਨ ਸੋਨੀ ਪਿਕਚਰਜ਼ ਨੈੱਟਵਰਕ ਨੂੰ 8200 ਕਰੋੜ ਰੁਪਏ ਵਿੱਚ ਉਹੀ ਆਈ.ਪੀ.ਐਲ ਅਧਿਕਾਰ ਵੇਚੇ ਗਏ ਸਨ। ਬੀ.ਸੀ.ਸੀ.ਆਈ. ਨੇ ਪੇ.ਟੀ.ਐਮ, ਐਮ.ਪੀ.ਐਲ, ਬਾਈਜੂ ਅਤੇ ਮਾਸਟਰਕਾਰਡ ਵਰਗੇ ਬ੍ਰਾਂਡਾਂ ਨਾਲ ਸਪੌਂਸਰਸ਼ਿਪ ਸੌਦੇ ਵੀ ਕੀਤੇ ਸਨ। 


ਜ਼ਿਕਰਯੋਗ ਹੈ ਕਿ ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟ ਬੋਰਡ ਬੀ.ਸੀ.ਸੀ.ਆਈ. ਨੇ ਇਨ੍ਹਾਂ ਪੰਜ ਸਾਲਾਂ 'ਚ 4,298 ਕਰੋੜ ਰੁਪਏ ਦਾ ਇਨਕਮ ਟੈਕਸ ਅਦਾ ਕੀਤਾ ਹੈ। ਇਸ ਦੌਰਾਨ ਬੋਰਡ ਨੇ 15,170 ਕਰੋੜ ਰੁਪਏ ਦਾ ਖਰਚਾ ਦਿਖਾਇਆ ਹੈ। ਬੀ.ਸੀ.ਸੀ.ਆਈ. ਨੇ FY2018 ਵਿੱਚ 2,917 ਕਰੋੜ ਰੁਪਏ ਦੀ ਆਮਦਨੀ ਪੈਦਾ ਕੀਤੀ, ਜੋ ਆਈ.ਪੀ.ਐਲ,  ਅਤੇ ਭਾਰਤ ਕ੍ਰਿਕਟ ਮੀਡੀਆ ਅਧਿਕਾਰਾਂ ਤੋਂ ਆਮਦਨ ਵਿੱਚ ਵਾਧੇ ਕਾਰਨ FY22 ਵਿੱਚ ਵੱਧ ਕੇ 7,606 ਕਰੋੜ ਰੁਪਏ ਹੋ ਗਈ। ਬੀ.ਸੀ.ਸੀ.ਆਈ. ਦੀ ਆਮਦਨ ਵਿੱਤੀ ਸਾਲ 2024 ਵਿੱਚ ਅਗਲੇ ਪੱਧਰ ਤੱਕ ਪਹੁੰਚਣ ਦੀ ਉਮੀਦ ਹੈ ਕਿਉਂਕਿ ਇਸ ਨੇ ਡਿਜ਼ਨੀ ਸਟਾਰ ਅਤੇ ਵਾਇਆਕਾਮ 18 ਨਾਲ ਪੰਜ ਸਾਲਾਂ ਲਈ 48,390 ਕਰੋੜ ਰੁਪਏ ਦੇ ਸੌਦੇ ਕੀਤੇ ਹਨ। ਇਸ ਨੇ ਐਡੀਡਾਸ ਅਤੇ ਡ੍ਰੀਮ11 ਵਰਗੇ ਨਵੇਂ ਸਪੌਂਸਰਾਂ ਨਾਲ ਵੀ ਇਕਰਾਰਨਾਮੇ 'ਤੇ ਦਸਤਖਤ ਕੀਤੇ ਹਨ।


ਕ੍ਰਿਕਟ ਬੋਰਡ ਨੇ ਮਹਿਲਾ ਪ੍ਰੀਮੀਅਰ ਲੀਗ ਦੀ ਸ਼ੁਰੂਆਤ ਵੀ ਕੀਤੀ, ਜੋ ਇਸ ਸਾਲ ਸਫਲ ਰਹੀ। ਬੋਰਡ ਨੇ ਪੰਜ ਮਹਿਲਾ ਪ੍ਰੀਮੀਅਰ ਲੀਗ ਟੀਮਾਂ ਦੀ ਵਿਕਰੀ ਤੋਂ 4,670 ਕਰੋੜ ਰੁਪਏ ਇਕੱਠੇ ਕੀਤੇ। ਮਹਿਲਾ ਪ੍ਰੀਮੀਅਰ ਲੀਗ ਮੀਡੀਆ ਅਧਿਕਾਰ 951 ਕਰੋੜ ਰੁਪਏ ਵਿੱਚ ਵਾਇਆਕਾਮ 18 ਨੂੰ ਵੇਚੇ ਗਏ। ਮਹਿਲਾ ਪ੍ਰੀਮੀਅਰ ਲੀਗ ਲਈ 200 ਕਰੋੜ ਰੁਪਏ ਦਾ ਸਪੌਂਸਰਸ਼ਿਪ ਸੌਦਾ ਵੀ ਕੀਤਾ ਗਿਆ ਸੀ।