3 officers Dismissed: ਸੋਸ਼ਲ ਮੀਡੀਆ ਉੱਪਰ ਵੱਡੀ ਖਬਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਨੇ ਇੰਟਰਨੈੱਟ ਉੱਪਰ ਤਹਿਲਕਾ ਮਚਾ ਦਿੱਤਾ ਹੈ। ਦੱਸ ਦੇਈਏ ਕਿ ਐੱਚ. ਡੀ. ਐੱਫ. ਸੀ. ਬੈਂਕ ਨੇ ਆਪਣੇ 3 ਅਧਿਕਾਰੀਆਂ ਨੂੰ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਹੈ। ਇਨ੍ਹਾਂ ਅਧਿਕਾਰੀਆਂ ’ਤੇ ਕ੍ਰੈਡਿਟ ਸੁਇਸ ਦੇ ਐਡੀਸ਼ਨਲ ਟਿਅਰ 1 ਬਾਂਡਸ ਦੀ ਮਿਸ-ਸੇਲਿੰਗ ’ਚ ਸ਼ਾਮਲ ਹੋਣ ਦਾ ਦੋਸ਼ ਹੈ। ਇਨ੍ਹਾਂ ’ਚ ਬ੍ਰਾਂਚ ਬੈਂਕਿੰਗ ਦੇ ਗਰੁੱਪ ਹੈੱਡ ਸੰਪਤ ਕੁਮਾਰ, ਐਗਜ਼ੀਕਿਊਟਿਵ ਵਾਈਸ ਪ੍ਰੈਜ਼ੀਡੈਂਟ (ਮਿਡਲ ਈਸਟ, ਅਫਰੀਕਾ ਅਤੇ ਐੱਨ. ਆਰ. ਆਈ. ਆਨਸ਼ੋਰ ਬਿਜ਼ਨੈੱਸ) ਅਤੇ ਪਾਇਲ ਮੰਧਾਇਨ ਸ਼ਾਮਲ ਹਨ। ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ। ਬੈਂਕ ਨੇ ਕਥਿਤ ਮਿਸ-ਸੇਲਿੰਗ ਮਾਮਲੇ ਦੀ ਜਾਂਚ ਦੌਰਾਨ ਇਹ ਕਾਰਵਾਈ ਕੀਤੀ ਹੈ। ਹਾਲਾਂਕਿ, ਐੱਚ. ਡੀ. ਐੱਫ. ਸੀ. ਬੈਂਕ ਨੇ ਇਸ ਬਾਰੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ।

Continues below advertisement

ਅਤਨੂ ਚੱਕਰਵਰਤੀ ਦੇ ਅਸਤੀਫ਼ੇ ਤੋਂ ਬਾਅਦ ਮੱਚੀ ਹਲਚਲ  

ਇਸ ਦੌਰਾਨ ਐੱਚ. ਡੀ. ਐੱਫ. ਸੀ. ਬੈਂਕ ਦੇ ਸ਼ੇਅਰਾਂ ’ਚ ਅੱਜ ਵੀ ਗਿਰਾਵਟ ਆਈ। ਸ਼ੇਅਰ ਬਾਜ਼ਾਰ ’ਚ ਤੇਜ਼ੀ ਦੇ ਬਾਵਜੂਦ ਬੈਂਕ ਦਾ ਸ਼ੇਅਰ 2.41 ਫੀਸਦੀ ਦੀ ਗਿਰਾਵਟ ਨਾਲ 780.45 ਰੁਪਏ ’ਤੇ ਬੰਦ ਹੋਇਆ। ਅਤਨੂ ਚੱਕਰਵਰਤੀ ਦੇ ਅਚਾਨਕ ਅਸਤੀਫ਼ਾ ਦੇਣ ਨਾਲ ਵੀਰਵਾਰ ਨੂੰ ਬੈਂਕ ਦਾ ਸ਼ੇਅਰ ਕਾਰੋਬਾਰ ਦੇ ਦੌਰਾਨ 9 ਫੀਸਦੀ ਡਿੱਗ ਗਿਆ ਸੀ। ਬੈਂਕ ਦਾ ਸ਼ੇਅਰ ਪਿਛਲੇ ਸਾਲ 23 ਅਕਤੂਬਰ ਨੂੰ 1020 ਰੁਪਏ ਦੇ ਆਲ ਟਾਈਮ ਹਾਈ ’ਤੇ ਪਹੁੰਚਿਆ ਸੀ ਪਰ ਉਸ ਤੋਂ ਬਾਅਦ ਇਸ ’ਚ 21 ਫੀਸਦੀ ਦੀ ਗਿਰਾਵਟ ਆਈ ਹੈ।

Continues below advertisement

ਭਾਰਤ ਦੇ ਸਭ ਤੋਂ ਵੱਡੇ ਪ੍ਰਾਈਵੇਟ ਲੈਂਡਰ ਐੱਚ. ਡੀ. ਐੱਫ. ਸੀ. ਬੈਂਕ ਲਈ ਸ਼ੁੱਕਰਵਾਰ ਦਾ ਦਿਨ ਵੀ ਖ਼ਰਾਬ ਰਿਹਾ ਹੈ। ਬੀਤੇ ਵੀਰਵਾਰ ਨੂੰ ਚੇਅਰਮੈਨ ਦੇ ਅਸਤੀਫ਼ੇ ਤੋਂ ਬਾਅਦ ਬੈਂਕ ਦਾ ਸ਼ੇਅਰ 5 ਫੀਸਦੀ ਹੇਠਾਂ ਚਲਾ ਗਿਆ ਸੀ। ਉੱਥੇ ਹੀ, ਅੱਜ ਭਾਵ ਸ਼ੁੱਕਰਵਾਰ ਨੂੰ ਵੀ ਬਿਕਵਾਲੀ ਜਾਰੀ ਰਹੀ। ਬੈਂਕ ਦੇ ਸ਼ੇਅਰ ਸ਼ੁੱਕਰਵਾਰ ਨੂੰ ਬੀ. ਐੱਸ. ਈ. ’ਤੇ 2 ਫੀਸਦੀ ਹੋਰ ਡਿੱਗ ਕੇ ਦਿਨ ਦੇ ਸਭ ਤੋਂ ਹੇਠਲੇ ਪੱਧਰ 781 ਰੁਪਏ ’ਤੇ ਪਹੁੰਚ ਗਏ, ਜੋ ਇਹ ਦਰਸਾਉਂਦਾ ਹੈ ਕਿ ਵੀਰਵਾਰ ਨੂੰ ਸ਼ੇਅਰ ’ਚ ਆਈ 5 ਫੀਸਦੀ ਦੀ ਵੱਡੀ ਗਿਰਾਵਟ ਤੋਂ ਬਾਅਦ ਵੀ ਕਮਜ਼ੋਰੀ ਬਣੀ ਹੋਈ ਹੈ।

 ਨਿਵੇਸ਼ਕਾਂ ਦੇ ਲਗਭਗ 1 ਲੱਖ ਕਰੋੜ ਰੁਪਏ ਡੁੱਬੇ

ਵੀਰਵਾਰ ਦੀ ਗਿਰਾਵਟ ਨੇ ਨਿਵੇਸ਼ਕਾਂ ਦੇ ਲੱਗਭਗ 1 ਲੱਖ ਕਰੋੜ ਰੁਪਏ ਕੁਝ ਹੀ ਸਮੇਂ ’ਚ ਡੁਬੋ ਦਿੱਤੇ ਸਨ। ਅੱਜ ਦੀ ਗਿਰਾਵਟ ਨਾਲ ਐੱਚ. ਡੀ. ਐੱਫ. ਸੀ. ਬੈਂਕ ਦੇ ਸ਼ੇਅਰ ਦੀ ਕੀਮਤ 2 ਸੈਸ਼ਨਾਂ ’ਚ 7.5 ਫੀਸਦੀ ਡਿੱਗ ਚੁੱਕੀ ਹੈ। ਏ. ਡੀ. ਆਰ. ਐੱਸ. ’ਚ ਲਗਾਤਾਰ ਗਿਰਾਵਟ, ਸਾਬਕਾ ਚੇਅਰਮੈਨ ਅਤਨੂ ਚੱਕਰਵਰਤੀ ਦੇ ਅਚਾਨਕ ਅਸਤੀਫ਼ੇ ਤੋਂ ਬਾਅਦ ਨਿਵੇਸ਼ਕਾਂ ਦੇ ਵਿਚਾਲੇ ਬਣੀ ਚਿੰਤਾ ਨੂੰ ਦਿਖਾਉਂਦੀ ਹੈ। ਵੀਰਵਾਰ ਨੂੰ ਸ਼ੇਅਰ ’ਚ ਭਾਰੀ ਬਿਕਵਾਲੀ ਦੇਖਣ ਨੂੰ ਮਿਲੀ, ਜਿਸ ਨਾਲ ਮਾਰਕੀਟ ਕੈਪੀਟਲਾਈਜ਼ੇਸ਼ਨ ’ਚ ਆਈ ਕਮੀ ਇਕ ਸਮੇਂ ਲੱਗਭਗ 1 ਲੱਖ ਕਰੋੜ ਰੁਪਏ ਤੱਕ ਪਹੁੰਚ ਗਈ ਸੀ। ਇਸ ਬਿਕਵਾਲੀ ਦਾ ਕਾਰਨ ਚੱਕਰਵਰਤੀ ਦਾ ਅਸਤੀਫ਼ਾ ਸੀ, ਜਿਸ ’ਚ ਉਨ੍ਹਾਂ ਨੇ ਕਿਹਾ ਸੀ ਕਿ ਪਿਛਲੇ 2 ਸਾਲਾਂ ’ਚ ਬੈਂਕ ਦੇ ਅੰਦਰ ਕੁਝ ਘਟਨਾਵਾਂ ਅਤੇ ਕੰਮ ਕਰਨ ਦੇ ਤਰੀਕੇ ਉਨ੍ਹਾਂ ਦੇ ਨਿੱਜੀ ਕਦਰਾਂ-ਕੀਮਤਾਂ ਅਤੇ ਸੋਚ ਮੁਤਾਬਕ ਨਹੀਂ ਸਨ।

ਬੈਂਕ ਦੇ ਚੀਫ਼ ਐਗਜ਼ੀਕਿਊਟਿਵ ਅਤੇ ਮੈਨੇਜਿੰਗ ਡਾਇਰੈਕਟਰ ਸ਼ਸ਼ੀਧਰ ਜਗਦੀਸ਼ਨ ਨੇ ਕਿਹਾ ਕਿ ਬੋਰਡ ਨੇ ਚੱਕਰਵਰਤੀ ਨੂੰ ਆਪਣੇ ਫੈਸਲੇ ’ਤੇ ਫਿਰ ਤੋਂ ਸੋਚਣ ਅਤੇ ਆਪਣੀਆਂ ਚਿੰਤਾਵਾਂ ਨੂੰ ਸਪੱਸ਼ਟ ਕਰਨ ਲਈ ਕਿਹਾ ਸੀ। ਉਨ੍ਹਾਂ ਦੱਸਿਆ ਕਿ ਬੋਰਡ ਦੇ ਹਰ ਮੈਂਬਰ ਨੇ ਉਨ੍ਹਾਂ ਨੂੰ ਆਪਣਾ ਅਸਤੀਫ਼ਾ ਵਾਪਸ ਲੈਣ ਜਾਂ ਹੋਰ ਜਾਣਕਾਰੀ ਦੇਣ ਲਈ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ।