RBI New Rule: ਭਾਰਤੀ ਰਿਜ਼ਰਵ ਬੈਂਕ ਯਾਨੀ (RBI) ਨੇ ਬੈਂਕਾਂ ਕਰਜ਼ਾ ਲੈਣ ਵਾਲਿਆਂ ਨੂੰ ਰਾਹਤ ਦਿੱਤੀ ਹੈ। RBI ਨੇ ਫਲੋਟਿੰਗ ਵਿਆਜ ਦਰ ਵਾਲੇ ਕਰਜ਼ਿਆਂ 'ਤੇ ਪ੍ਰੀ-ਪੇਮੈਂਟ ਚਾਰਜ ਖਤਮ ਕਰਨ ਦਾ ਫੈਸਲਾ ਕੀਤਾ ਹੈ। ਰਿਜ਼ਰਵ ਬੈਂਕ ਦਾ ਇਹ ਨਵਾਂ ਨਿਯਮ 1 ਜਨਵਰੀ, 2026 ਤੋਂ ਲਾਗੂ ਹੋਵੇਗਾ। ਇਸ ਨਾਲ ਦੇਸ਼ ਦੇ ਕਰੋੜਾਂ ਕਰਜ਼ਦਾਤਾਵਾਂ ਨੂੰ ਵੱਡੀ ਰਾਹਤ ਮਿਲੇਗੀ। ਦਰਅਸਲ ਜੇਕਰ ਕੋਈ ਵਿਅਕਤੀ ਸਮੇਂ ਤੋਂ ਪਹਿਲਾਂ ਆਪਣਾ ਪੂਰਾ ਕਰਜ਼ਾ ਜਾਂ ਥੋੜ੍ਹਾ ਹਿੱਸਾ ਵਾਪਸ ਕਰਦਾ ਹੈ ਤਾਂ ਬੈਂਕ ਪ੍ਰੀ-ਪੇਮੈਂਟ ਚਾਰਜ ਲੈਂਦਾ ਸੀ। ਨਵਾਂ ਨਿਯਮ ਸਾਰੇ ਬੈਂਕਾਂ ਤੇ ਨਿਯਮਿਤ ਸੰਸਥਾਵਾਂ ਲਈ ਲਾਜ਼ਮੀ ਹੋਵੇਗਾ ਜਿਸ ਵਿੱਚ ਗੈਰ-ਬੈਂਕਿੰਗ ਵਿੱਤ ਕੰਪਨੀਆਂ (NBFCs) ਵੀ ਸ਼ਾਮਲ ਹਨ। ਇਸ ਨਾਲ ਕਰੋੜਾਂ ਕਰਜ਼ਾ ਲੈਣ ਵਾਲਿਆਂ ਨੂੰ ਸਿੱਧਾ ਫਾਇਦਾ ਹੋਵੇਗਾ।
RBI ਦੇ ਫੈਸਲੇ ਦਾ ਕਿਸ ਨੂੰ ਫਾਇਦਾ ਹੋਵੇਗਾ?
ਇਸ ਫੈਸਲੇ ਨਾਲ ਉਨ੍ਹਾਂ ਵਿਅਕਤੀਆਂ ਨੂੰ ਫਾਇਦਾ ਹੋਵੇਗਾ ਜਿਨ੍ਹਾਂ ਨੇ ਗੈਰ-ਵਪਾਰਕ ਕੰਮ ਲਈ ਫਲੋਟਿੰਗ ਦਰ 'ਤੇ ਕਰਜ਼ਾ ਲਿਆ ਹੈ। ਭਾਵੇਂ ਕਿਸੇ ਵਿਅਕਤੀ ਨੇ ਇਕੱਲੇ ਜਾਂ ਸਹਿ-ਜ਼ਿੰਮੇਵਾਰ ਨਾਲ ਕਰਜ਼ਾ ਲਿਆ ਹੋਵੇ। ਕੋਈ ਵੀ ਬੈਂਕ ਜਾਂ NBFC ਅਜਿਹੇ ਸਾਰੇ ਕਰਜ਼ਿਆਂ 'ਤੇ ਪ੍ਰੀ-ਪੇਮੈਂਟ ਚਾਰਜ ਨਹੀਂ ਲੈ ਸਕੇਗਾ। ਇਸ ਤੋਂ ਇਲਾਵਾ ਜੇਕਰ ਕਿਸੇ ਵਿਅਕਤੀ ਨੇ ਕਾਰੋਬਾਰ ਲਈ ਕਰਜ਼ਾ ਲਿਆ ਹੈ ਜਾਂ ਕਿਸੇ ਸੂਖਮ ਤੇ ਛੋਟੇ ਉੱਦਮ (MSE) ਨੇ ਕਰਜ਼ਾ ਲਿਆ ਹੈ ਤਾਂ ਵੀ ਵਪਾਰਕ ਬੈਂਕ ਪ੍ਰੀ-ਪੇਮੈਂਟ ਚਾਰਜ ਨਹੀਂ ਲੈਣਗੇ। ਹਾਲਾਂਕਿ, ਇਹ ਛੋਟ ਕੁਝ ਸ਼੍ਰੇਣੀਆਂ ਦੇ ਸੰਸਥਾਨਾਂ 'ਤੇ ਲਾਗੂ ਨਹੀਂ ਹੋਵੇਗੀ।
ਕਿਹੜੇ ਸੰਸਥਾਨਾਂ ਨੂੰ ਲਾਭ ਨਹੀਂ ਮਿਲੇਗਾ?
1. ਸਮਾਲ ਫਾਈਨਾਂਸ ਬੈਂਕ
2. ਖੇਤਰੀ ਗ੍ਰਾਮੀਣ ਬੈਂਕ
3. ਸਥਾਨਕ ਖੇਤਰ ਬੈਂਕ
4. ਟੀਅਰ-4 ਅਰਬਨ ਕੋ-ਆਪਰੇਟਿਵ ਬੈਂਕ
5. NBFC–ਅਪਰ ਲੇਅਰ (NBFC-UL)
6. ਆਲ ਇੰਡੀਆ ਵਿੱਤੀ ਸੰਸਥਾ
50 ਲੱਖ ਤੱਕ ਦੇ ਕਰਜ਼ਿਆਂ 'ਤੇ ਰਾਹਤ
ਜੇਕਰ ਕਿਸੇ ਵਿਅਕਤੀ ਜਾਂ MSE ਨੇ ਉਪਰੋਕਤ ਸੰਸਥਾਵਾਂ ਤੋਂ 50 ਲੱਖ ਤੱਕ ਦਾ ਕਰਜ਼ਾ ਲਿਆ ਹੈ ਤਾਂ ਉਸ 'ਤੇ ਪ੍ਰੀ-ਪੇਮੈਂਟ ਚਾਰਜ ਨਹੀਂ ਲਏ ਜਾਣਗੇ। ਇਸ ਵਿੱਚ ਟੀਅਰ-3 ਅਰਬਨ ਕੋ-ਆਪਰੇਟਿਵ ਬੈਂਕ, ਸਟੇਟ ਐਂਡ ਸੈਂਟਰਲ ਕੋ-ਆਪਰੇਟਿਵ ਬੈਂਕ ਤੇ NBFC–ਅਪਰ ਲੇਅਰ (NBFC-ML) ਸ਼ਾਮਲ ਹਨ।
RBI ਨੇ ਇਹ ਫੈਸਲਾ ਕਿਉਂ ਲਿਆ?
ਆਰਬੀਆਈ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਬਹੁਤ ਸਾਰੇ ਨਿਯੰਤ੍ਰਿਤ ਸੰਸਥਾਨ ਪ੍ਰੀ-ਪੇਮੈਂਟ ਚਾਰਜਿਜ਼ ਸਬੰਧੀ ਵੱਖ-ਵੱਖ ਨੀਤੀਆਂ ਅਪਣਾ ਰਹੇ ਸਨ। ਇਸ ਨਾਲ ਗਾਹਕਾਂ ਵਿੱਚ ਭੰਬਲਭੂਸਾ ਤੇ ਵਿਵਾਦ ਪੈਦਾ ਹੋ ਰਿਹਾ ਸੀ। ਇਸ ਤੋਂ ਇਲਾਵਾ ਕੁਝ ਸੰਸਥਾਵਾਂ ਲੋਨ ਸਮਝੌਤੇ ਵਿੱਚ ਅਜਿਹੀਆਂ ਪਾਬੰਦੀਆਂ ਵਾਲੀਆਂ ਧਾਰਾਵਾਂ ਸ਼ਾਮਲ ਕਰ ਰਹੀਆਂ ਸਨ ਤਾਂ ਜੋ ਗਾਹਕ ਘੱਟ ਵਿਆਜ ਦਰ ਵਾਲੇ ਵਿਕਲਪ ਵਿੱਚ ਨਾ ਬਦਲ ਸਕਣ। ਆਰਬੀਆਈ ਨੇ ਕਿਹਾ ਕਿ ਇਹ ਰਾਹਤ ਲੋਨ ਦੀ ਅਦਾਇਗੀ ਦੇ ਸਰੋਤ 'ਤੇ ਨਿਰਭਰ ਨਹੀਂ ਕਰੇਗੀ। ਯਾਨੀ ਭਾਵੇਂ ਇਹ ਲੋਨ ਦਾ ਅੰਸ਼ਕ ਭੁਗਤਾਨ ਹੋਵੇ ਜਾਂ ਪੂਰਾ ਲੋਨ ਭੁਗਤਾਨ ਤੇ ਫੰਡ ਦਾ ਸਰੋਤ ਜੋ ਵੀ ਹੋਵੇ, ਹੁਣ ਕੋਈ ਚਾਰਜ ਨਹੀਂ ਲਾਇਆ ਜਾਵੇਗਾ। ਇਸ ਦੇ ਨਾਲ ਹੀ ਕਿਸੇ ਵੀ ਤਰ੍ਹਾਂ ਦਾ ਲਾਕ-ਇਨ ਪੀਰੀਅਡ ਲਾਜ਼ਮੀ ਨਹੀਂ ਹੋਵੇਗਾ।
ਫਿਕਸਡ ਟਰਮ ਲੋਨ 'ਤੇ ਕੀ ਲਾਭ ਹੋਵੇਗਾ?
ਨਵੇਂ ਨਿਯਮਾਂ ਅਨੁਸਾਰ ਫਿਕਸਡ ਟਰਮ ਲੋਨ 'ਤੇ ਜੇਕਰ ਪ੍ਰੀ-ਪੇਮੈਂਟ ਚਾਰਜ ਲਾਇਆ ਵੀ ਜਾਂਦਾ ਹੈ ਤਾਂ ਇਹ ਸਿਰਫ ਪ੍ਰੀ-ਪੇ ਕੀਤੀ ਗਈ ਰਕਮ 'ਤੇ ਅਧਾਰਤ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਓਵਰਡਰਾਫਟ ਜਾਂ ਕੈਸ਼ ਕ੍ਰੈਡਿਟ ਦੇ ਮਾਮਲਿਆਂ ਵਿੱਚ ਨਿਯਮ ਥੋੜ੍ਹਾ ਵੱਖਰਾ ਹੈ। ਜੇਕਰ ਕਰਜ਼ਾ ਲੈਣ ਵਾਲਾ ਸਮੇਂ ਤੋਂ ਪਹਿਲਾਂ ਰੀਨਿਊ ਨਾ ਕਰਨ ਬਾਰੇ ਸੂਚਿਤ ਕਰਦਾ ਹੈ ਤੇ ਨਿਰਧਾਰਤ ਮਿਤੀ 'ਤੇ ਲੋਨ ਪੂਰਾ ਕਰਦਾ ਹੈ ਤਾਂ ਕੋਈ ਪ੍ਰੀ-ਪੇਮੈਂਟ ਚਾਰਜ ਨਹੀਂ ਲਗਾਇਆ ਜਾਵੇਗਾ।
ਆਰਬੀਆਈ ਨੇ ਇਹ ਵੀ ਨਿਰਦੇਸ਼ ਦਿੱਤਾ ਹੈ ਕਿ ਪ੍ਰੀ-ਪੇਮੈਂਟ ਚਾਰਜ ਨਾਲ ਸਬੰਧਤ ਸਾਰੇ ਨਿਯਮਾਂ ਬਾਰੇ ਜਾਣਕਾਰੀ ਕਰਜ਼ਾ ਸਵੀਕ੍ਰਿਤੀ ਪੱਤਰ, ਇਕਰਾਰਨਾਮਾ ਤੇ ਮੁੱਖ ਤੱਥ ਬਿਆਨ (ਕੇਐਫਐਸ) ਵਿੱਚ ਦਿੱਤੀ ਜਾਣੀ ਚਾਹੀਦੀ ਹੈ। ਜੇਕਰ ਕੋਈ ਚਾਰਜ ਪਹਿਲਾਂ ਹੀ ਕੇਐਫਐਸ ਵਿੱਚ ਜ਼ਿਕਰ ਨਹੀਂ ਕੀਤਾ ਗਿਆ ਹੈ, ਤਾਂ ਇਸ ਨੂੰ ਬਾਅਦ ਵਿੱਚ ਵਸੂਲਿਆ ਨਹੀਂ ਜਾ ਸਕਦਾ। ਇਸ ਫੈਸਲੇ ਨੂੰ ਗਾਹਕਾਂ ਦੀ ਪਾਰਦਰਸ਼ਤਾ ਤੇ ਪ੍ਰਤੀਯੋਗੀ ਬੈਂਕਿੰਗ ਸੇਵਾਵਾਂ ਵੱਲ ਇੱਕ ਵੱਡਾ ਸੁਧਾਰ ਮੰਨਿਆ ਜਾ ਰਿਹਾ ਹੈ।
ਗਾਹਕਾਂ ਲਈ ਆਰਬੀਆਈ ਦੇ ਫੈਸਲੇ ਦਾ ਅਰਥ
ਆਰਬੀਆਈ ਦੇ ਇਸ ਫੈਸਲੇ ਦਾ ਅਰਥ ਹੈ ਕਿ ਜੇਕਰ ਤੁਸੀਂ ਫਲੋਟਿੰਗ ਵਿਆਜ ਦਰ 'ਤੇ ਕਰਜ਼ਾ (ਜਿਵੇਂ ਹੋਮ ਲੋਨ) ਲਿਆ ਹੈ ਤੇ ਤੁਸੀਂ ਇਸ ਨੂੰ ਨਿਰਧਾਰਤ ਮਿਤੀ ਤੋਂ ਪਹਿਲਾਂ ਥੋੜ੍ਹਾ ਜਾਂ ਪੂਰੀ ਤਰ੍ਹਾਂ ਵਾਪਸ ਕਰਨਾ ਚਾਹੁੰਦੇ ਹੋ, ਤਾਂ ਬੈਂਕ ਜਾਂ ਵਿੱਤੀ ਕੰਪਨੀ ਤੁਹਾਡੇ ਤੋਂ ਕੋਈ ਵੀ ਪ੍ਰੀ-ਪੇਮੈਂਟ ਜੁਰਮਾਨਾ ਨਹੀਂ ਵਸੂਲ ਸਕੇਗੀ। ਇਸ ਵਿੱਚ ਸ਼ਰਤ ਇਹ ਹੈ ਕਿ ਕਰਜ਼ਾ 1 ਜਨਵਰੀ, 2026 ਨੂੰ ਜਾਂ ਇਸ ਤੋਂ ਬਾਅਦ ਮਨਜ਼ੂਰ ਜਾਂ ਨਵਿਆਇਆ ਜਾਣਾ ਚਾਹੀਦਾ ਸੀ।