Central Government Pensioners : ਨੌਕਰੀ ਤੋਂ ਰਿਟਾਇਰ ਹੋਣ ਤੋਂ ਬਾਅਦ ਹਰ ਮੁਲਾਜ਼ਮ ਨੂੰ ਆਪਣੀ ਪੈਨਸ਼ਨ ਅਤੇ ਸਰਕਾਰ ਵੱਲੋਂ ਮਿਲਣ ਵਾਲੇ ਬਕਾਏ ਦੀ ਉਡੀਕ ਰਹਿੰਦੀ ਹੈ। ਕਈ ਵਾਰ ਪੈਨਸ਼ਨ ਨਾਲ ਸਬੰਧਤ ਸਾਰੇ ਦਸਤਾਵੇਜ਼ ਜਮ੍ਹਾਂ ਕਰਵਾਉਣ ਤੋਂ ਬਾਅਦ ਵੀ ਮੁਲਾਜ਼ਮ ਦਾ ਕੋਈ ਵਾਧੂ ਸਰਕਾਰੀ ਬਕਾਇਆ ਸਾਹਮਣੇ ਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਕਈ ਵਾਰ ਇਸ ਬਕਾਏ ਨੂੰ ਰਿਕਾਰਡ ਵਿੱਚ ਸ਼ਾਮਲ ਕਰਨ ਵਿੱਚ ਦੇਰੀ ਹੋ ਜਾਂਦੀ ਹੈ।
ਹੁਣ ਇਸ ਮਾਮਲੇ ਨੂੰ ਲੈ ਕੇ ਕੇਂਦਰ ਸਰਕਾਰ ਨੇ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਹਨ। ਨਵੇਂ ਨਿਰਦੇਸ਼ਾਂ ਮੁਤਾਬਕ ਜੇਕਰ ਕਿਸੇ ਮੁਲਾਜ਼ਮ ਦੇ ਪੈਨਸ਼ਨ ਨਾਲ ਜੁੜੇ ਦਸਤਾਵੇਜ਼ ਜਮ੍ਹਾਂ ਹੋਣ ਤੋਂ ਬਾਅਦ ਵੀ ਕੋਈ ਵਾਧੂ ਸਰਕਾਰੀ ਬਕਾਇਆ ਸਾਹਮਣੇ ਆਉਂਦਾ ਹੈ ਤਾਂ ਇਸ ਦੀ ਜਾਣਕਾਰੀ ਤੁਰੰਤ ਲੇਖਾ ਅਧਿਕਾਰੀ (Accounts Officer) ਨੂੰ ਦੇਣੀ ਪਵੇਗੀ।
ਪੈਨਸ਼ਨ ਨਿਯਮਾਂ ਦੀ ਪਾਲਣਾ ਕਰਨ ਦੇ ਨਿਰਦੇਸ਼
ਪੈਨਸ਼ਨ ਅਤੇ ਪੈਨਸ਼ਨਰ ਭਲਾਈ ਵਿਭਾਗ (Department of Pension and Pensioners' Welfare) ਵੱਲੋਂ 24 ਅਕਤੂਬਰ 2026 ਨੂੰ ਦਫ਼ਤਰੀ ਮੈਮੋਰੰਡਮ ਜਾਰੀ ਕੀਤਾ ਗਿਆ ਹੈ। ਇਸ ਵਿੱਚ ਸਾਰੇ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਪੈਨਸ਼ਨ ਨਾਲ ਜੁੜੇ ਨਿਯਮਾਂ ਦੀ ਸਹੀ ਢੰਗ ਨਾਲ ਪਾਲਣਾ ਕਰਨ ਲਈ ਕਿਹਾ ਗਿਆ ਹੈ।
ਲੇਖਾ ਅਧਿਕਾਰੀ ਨੂੰ ਦੇਣੀ ਪਵੇਗੀ ਜਾਣਕਾਰੀ
ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਜੇਕਰ ਕਿਸੇ ਮੁਲਾਜ਼ਮ ਦੇ ਪੈਨਸ਼ਨ ਦਸਤਾਵੇਜ਼ ਲੇਖਾ ਅਧਿਕਾਰੀ ਕੋਲ ਭੇਜਣ ਤੋਂ ਬਾਅਦ ਕੋਈ ਨਵਾਂ ਸਰਕਾਰੀ ਬਕਾਇਆ ਸਾਹਮਣੇ ਆਉਂਦਾ ਹੈ ਤਾਂ ਸਬੰਧਤ ਵਿਭਾਗ ਨੂੰ ਇਸ ਦੀ ਜਾਣਕਾਰੀ ਤੁਰੰਤ ਲੇਖਾ ਅਧਿਕਾਰੀ ਤੱਕ ਪਹੁੰਚਾਉਣੀ ਪਵੇਗੀ। ਇਸ ਦੀ ਜ਼ਿੰਮੇਵਾਰੀ ਸਬੰਧਤ ਵਿਭਾਗ ਦੇ ਮੁਖੀ ਦੀ ਹੋਵੇਗੀ। ਯਾਨੀ ਪੈਨਸ਼ਨ ਦੀ ਫਾਈਲ ਭੇਜਣ ਤੋਂ ਬਾਅਦ ਵੀ ਜੇਕਰ ਕੋਈ ਵਾਧੂ ਬਕਾਇਆ ਪਤਾ ਲੱਗਦਾ ਹੈ ਤਾਂ ਉਸ ਨੂੰ ਰਿਕਾਰਡ ਵਿੱਚ ਸ਼ਾਮਲ ਕਰਨਾ ਜ਼ਰੂਰੀ ਹੋਵੇਗਾ।
ਉਦਾਹਰਨ ਨਾਲ ਸਮਝੋ
ਮੰਨ ਲਓ ਕੋਈ ਸਰਕਾਰੀ ਮੁਲਾਜ਼ਮ ਰਿਟਾਇਰ ਹੋ ਰਿਹਾ ਹੈ। ਉਸ ਦੇ ਵਿਭਾਗ ਨੇ ਪੈਨਸ਼ਨ ਨਾਲ ਜੁੜੇ ਸਾਰੇ ਦਸਤਾਵੇਜ਼ ਅਤੇ ਬਕਾਏ ਦਾ ਵੇਰਵਾ ਲੇਖਾ ਅਧਿਕਾਰੀ ਨੂੰ ਭੇਜ ਦਿੱਤਾ ਹੈ ਪਰ ਇਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਮੁਲਾਜ਼ਮ ਦਾ ਕੁਝ ਹੋਰ ਸਰਕਾਰੀ ਬਕਾਇਆ ਵੀ ਬਾਕੀ ਹੈ, ਜਿਸ ਨੂੰ ਪਹਿਲਾਂ ਰਿਕਾਰਡ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ। ਅਜਿਹੀ ਸਥਿਤੀ ਵਿੱਚ ਵਿਭਾਗ ਦੇ ਮੁਖੀ ਨੂੰ ਤੁਰੰਤ ਲੇਖਾ ਅਧਿਕਾਰੀ ਨੂੰ ਇਸ ਦੀ ਜਾਣਕਾਰੀ ਦੇਣੀ ਪਵੇਗੀ, ਤਾਂ ਜੋ ਨਵੇਂ ਬਕਾਏ ਦਾ ਹਿਸਾਬ ਵੀ ਰਿਕਾਰਡ ਵਿੱਚ ਦਰਜ ਕੀਤਾ ਜਾ ਸਕੇ।
ਕੀ ਪੈਨਸ਼ਨਰਾਂ ਨੂੰ ਭਰਨਾ ਪਵੇਗਾ ਕੋਈ ਨਵਾਂ ਫਾਰਮ?
ਇਸ ਨਵੇਂ ਨਿਰਦੇਸ਼ ਤੋਂ ਬਾਅਦ ਪੈਨਸ਼ਨਰਾਂ ਦੇ ਮਨ ਵਿੱਚ ਸਵਾਲ ਹੈ ਕਿ ਕੀ ਉਨ੍ਹਾਂ ਨੂੰ ਕੋਈ ਵੱਖਰਾ ਫਾਰਮ ਭਰਨਾ ਪਵੇਗਾ ਜਾਂ ਨਵੀਂ ਪ੍ਰਕਿਰਿਆ ਅਪਣਾਉਣੀ ਪਵੇਗੀ? ਤਾਂ ਦੱਸ ਦੇਈਏ ਕਿ ਸਰਕਾਰ ਵੱਲੋਂ ਪੈਨਸ਼ਨਰਾਂ ਲਈ ਕੋਈ ਨਵੀਂ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਗਈ ਹੈ। ਨਾ ਹੀ ਉਨ੍ਹਾਂ ਨੂੰ ਕੋਈ ਵੱਖਰਾ ਫਾਰਮ ਭਰਨ ਦੀ ਲੋੜ ਹੈ।
ਵਾਧੂ ਬਕਾਇਆ ਆਉਣ 'ਤੇ ਕੀ ਹੋਵੇਗਾ?
ਜੇਕਰ ਕਿਸੇ ਰਿਟਾਇਰ ਹੋਏ ਮੁਲਾਜ਼ਮ ਦਾ ਕੋਈ ਵਾਧੂ ਸਰਕਾਰੀ ਬਕਾਇਆ ਸਾਹਮਣੇ ਆਉਂਦਾ ਹੈ ਤਾਂ ਇਸ ਦੀ ਜਾਣਕਾਰੀ ਦੇਣ ਦੀ ਜ਼ਿੰਮੇਵਾਰੀ ਸਬੰਧਤ ਵਿਭਾਗ ਦੇ ਅਧਿਕਾਰੀਆਂ ਦੀ ਹੋਵੇਗੀ। ਪੈਨਸ਼ਨਰ ਨੂੰ ਇਸ ਲਈ ਵੱਖਰੇ ਤੌਰ 'ਤੇ ਕੋਈ ਕਾਰਵਾਈ ਨਹੀਂ ਕਰਨੀ ਪਵੇਗੀ। ਇਸ ਨਿਰਦੇਸ਼ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਪੈਨਸ਼ਨ ਨਾਲ ਜੁੜੇ ਦਸਤਾਵੇਜ਼ ਭੇਜਣ ਤੋਂ ਬਾਅਦ ਵੀ ਜੇਕਰ ਕੋਈ ਬਕਾਇਆ ਸਾਹਮਣੇ ਆਉਂਦਾ ਹੈ ਤਾਂ ਉਹ ਸਰਕਾਰੀ ਰਿਕਾਰਡ ਵਿੱਚ ਦਰਜ ਹੋਵੇ ਅਤੇ ਉਸ ਦੀ ਜਾਣਕਾਰੀ ਸਬੰਧਤ ਅਧਿਕਾਰੀ ਤੱਕ ਪਹੁੰਚੇ।