7th Pay Commission: ਕੇਂਦਰੀ ਕਰਮਚਾਰੀਆਂ ਲਈ ਵੱਡਾ ਅਪਡੇਟ ਸਾਹਮਣੇ ਆਇਆ ਹੈ। ਜਲਦ ਹੀ ਸਰਕਾਰ ਇਨ੍ਹਾਂ ਲੋਕਾਂ ਨੂੰ ਮਹਿੰਗਾਈ ਭੱਤੇ 'ਚ ਵਾਧੇ ਦਾ ਤੋਹਫਾ ਦੇ ਸਕਦੀ ਹੈ। 31 ਜੁਲਾਈ ਨੂੰ ਕਿਰਤ ਮੰਤਰਾਲੇ ਵੱਲੋਂ ਏਆਈਸੀਪੀਆਈ ਸੂਚਕਾਂਕ ਦੇ ਅੰਕੜੇ ਜਾਰੀ ਕੀਤੇ ਜਾਣਗੇ। ਇਸ ਤੋਂ ਬਾਅਦ ਇਹ ਤੈਅ ਕੀਤਾ ਜਾਵੇਗਾ ਕਿ ਕੇਂਦਰੀ ਅਤੇ ਸਰਕਾਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਵਿੱਚ ਕਿੰਨੇ ਫੀਸਦੀ ਦਾ ਵਾਧਾ ਕੀਤਾ ਜਾਵੇਗਾ। ਹਾਲਾਂਕਿ ਏਆਈਸੀਪੀਆਈ ਦੇ ਹੁਣ ਤੱਕ ਦੇ ਅੰਕੜੇ ਦੱਸ ਰਹੇ ਹਨ ਕਿ ਮਹਿੰਗਾਈ ਭੱਤੇ ਵਿੱਚ 4 ਫੀਸਦੀ ਦਾ ਵਾਧਾ ਹੋ ਸਕਦਾ ਹੈ।


ਜ਼ਿਕਰਯੋਗ ਹੈ ਕਿ ਸਾਲ ਵਿੱਚ ਦੋ ਵਾਰ ਕੇਂਦਰੀ ਕੇਂਦਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਵਿੱਚ ਸੋਧ ਕੀਤੀ ਜਾਂਦੀ ਹੈ। ਜਨਵਰੀ ਵਿੱਚ ਡੀਏ ਵਿੱਚ ਵਾਧਾ ਕੀਤਾ ਗਿਆ ਹੈ ਤੇ ਹੁਣ ਜੁਲਾਈ ਲਈ ਮਹਿੰਗਾਈ ਭੱਤੇ ਵਿੱਚ ਵਾਧਾ ਕੀਤਾ ਗਿਆ ਹੈ। ਜਨਵਰੀ ਤੋਂ ਲਾਗੂ ਡੀਏ 42 ਫੀਸਦੀ ਹੈ ਅਤੇ ਜੇ ਸਰਕਾਰ ਜੁਲਾਈ ਤੋਂ ਬਾਅਦ ਡੀਏ ਵਧਾਉਂਦੀ ਹੈ ਤਾਂ ਮਹਿੰਗਾਈ ਭੱਤਾ 46 ਫੀਸਦੀ ਤੱਕ ਵਧ ਸਕਦਾ ਹੈ ਕਿਉਂਕਿ ਇਸ ਵਿੱਚ 4 ਫੀਸਦੀ ਡੀਏ ਵਧਣ ਦੀ ਉਮੀਦ ਹੈ।


ਕੀ ਕਹਿੰਦੇ ਹਨ AICPI ਸੂਚਕਾਂਕ ਦੇ ਅੰਕੜੇ?


ਹੁਣ ਤੱਕ ਕਿਰਤ ਮੰਤਰਾਲੇ ਵੱਲੋਂ ਮਈ 2023 ਤੱਕ ਦੇ ਅੰਕੜੇ ਜਾਰੀ ਕੀਤੇ ਗਏ ਹਨ, ਜਿਸ ਵਿੱਚ ਮਹਿੰਗਾਈ ਭੱਤੇ ਦੀ ਦਰ 45.57 ਅੰਕਾਂ ਤੱਕ ਪਹੁੰਚ ਗਈ ਹੈ। ਇਸ ਦਾ ਮਤਲਬ ਹੈ ਕਿ ਇਸ ਅੰਕੜੇ 'ਤੇ 4 ਫੀਸਦੀ ਡੀਏ ਵਾਧਾ ਲਗਭਗ ਤੈਅ ਹੈ। ਹਾਲਾਂਕਿ, ਜੂਨ ਦਾ ਅੰਕੜਾ 31 ਜੁਲਾਈ ਨੂੰ ਜਾਰੀ ਹੋਣ ਜਾ ਰਿਹਾ ਹੈ, ਜਿਸ ਤੋਂ ਬਾਅਦ ਇਹ ਸਪੱਸ਼ਟ ਹੋ ਜਾਵੇਗਾ ਕਿ ਡੀਏ ਕਿੰਨੇ ਪ੍ਰਤੀਸ਼ਤ ਤੱਕ ਵਧੇਗਾ। ਉਮੀਦ ਹੈ ਕਿ ਜੁਲਾਈ ਵਿੱਚ ਡੀਏ ਵਿੱਚ 4 ਫੀਸਦੀ ਵਾਧਾ ਹੋਵੇਗਾ, ਜਿਸ ਤੋਂ ਬਾਅਦ ਮੁਲਾਜ਼ਮਾਂ ਦਾ ਡੀਏ 46 ਫੀਸਦੀ ਹੋ ਜਾਵੇਗਾ।


1 ਜੁਲਾਈ ਤੋਂ ਲਾਗੂ ਹੋਣਗੀਆਂ ਦਰਾਂ 


ਕੇਂਦਰ ਸਰਕਾਰ ਵੱਲੋਂ ਇਸ ਸਾਲ ਡੀਏ ਵਿੱਚ ਦੂਜਾ ਵਾਧਾ ਕੀਤਾ ਜਾਵੇਗਾ। ਸਰਕਾਰ ਵੱਲੋਂ ਡੀਏ ਦੇ ਵਾਧੇ ਦਾ ਹਿਸਾਬ 1 ਜੁਲਾਈ ਤੋਂ ਲਗਾਇਆ ਜਾ ਸਕਦਾ ਹੈ। ਇਸ ਵਾਧੇ ਤੋਂ ਬਾਅਦ 1 ਕਰੋੜ ਕਰਮਚਾਰੀ-ਪੈਨਸ਼ਨਰਾਂ ਨੂੰ ਲਾਭ ਮਿਲੇਗਾ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ, ਰੱਖੜੀ ਤੋਂ ਲੈ ਕੇ ਦੀਵਾਲੀ ਤੱਕ ਕਿਸੇ ਵੀ ਸਮੇਂ ਕੇਂਦਰ ਸਰਕਾਰ ਮਹਿੰਗਾਈ ਭੱਤੇ ਵਿੱਚ ਵਾਧੇ ਦਾ ਐਲਾਨ ਕਰ ਸਕਦੀ ਹੈ। ਹਾਲਾਂਕਿ ਅਧਿਕਾਰਤ ਐਲਾਨ ਅਜੇ ਨਹੀਂ ਹੋਇਆ ਹੈ।