PM Kisan Credit Card: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਵਿੱਤੀ ਸਾਲ 2024-25 ਲਈ ਆਮ ਬਜਟ ਪੇਸ਼ ਕੀਤਾ। ਇਸ ਬਜਟ ਵਿੱਚ ਕਿਸਾਨਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਬਜਟ ਵਿੱਚ ਕਿਸਾਨਾਂ ਨੂੰ ਕਈ ਤੋਹਫੇ ਮਿਲੇ ਹਨ। ਜਿਸ ਵਿੱਚੋਂ ਇੱਕ ਚੰਗੀ ਖ਼ਬਰ ਪ੍ਰਧਾਨ ਮੰਤਰੀ ਕਿਸਾਨ ਕ੍ਰੈਡਿਟ ਕਾਰਡ ਬਾਰੇ ਵੀ ਆਈ ਹੈ, ਵਿੱਤ ਮੰਤਰੀ ਨੇ ਕਿਹਾ ਕਿ ਦੇਸ਼ ਦੇ ਪੰਜ ਰਾਜਾਂ ਵਿੱਚ ਜਨ ਸਮਰਥ ਆਧਾਰਿਤ ਕਿਸਾਨ ਕ੍ਰੈਡਿਟ ਕਾਰਡ ਜਾਰੀ ਕੀਤੇ ਜਾਣਗੇ।
ਕਿਸਾਨ ਕ੍ਰੈਡਿਟ ਕਾਰਡ ਸਕੀਮ ਕਿਸਾਨਾਂ ਨੂੰ ਘੱਟ ਵਿਆਜ 'ਤੇ ਕਰਜ਼ਾ ਪ੍ਰਦਾਨ ਕਰਦੀ ਹੈ। ਇਹ ਛੋਟੀ ਮਿਆਦ ਦਾ ਕਰਜ਼ਾ ਕਿਸਾਨਾਂ ਦੀਆਂ ਵਿੱਤੀ ਲੋੜਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਦਾ ਹੈ। ਘੱਟ ਵਿਆਜ ਦਰਾਂ ਕਾਰਨ ਕਿਸਾਨਾਂ ਨੂੰ ਕਰਜ਼ੇ 'ਤੇ ਘੱਟ ਵਿਆਜ ਦੇਣਾ ਪੈਂਦਾ ਹੈ। ਕਿਸਾਨ ਕ੍ਰੈਡਿਟ ਕਾਰਡ ਸਕੀਮ ਕਿਸਾਨਾਂ ਨੂੰ ਖੇਤੀਬਾੜੀ ਕਾਰਜਾਂ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਗਈ ਸੀ। ਇਸ ਸਕੀਮ ਤਹਿਤ ਕਿਸਾਨਾਂ ਨੂੰ 4 ਫੀਸਦੀ ਵਿਆਜ ਦਰ 'ਤੇ 3 ਲੱਖ ਰੁਪਏ ਤੱਕ ਦਾ ਕਰਜ਼ਾ ਮਿਲਦਾ ਹੈ। ਇਹ ਕਰਜ਼ਾ ਕਿਸਾਨਾਂ ਨੂੰ ਸ਼ਾਹੂਕਾਰਾਂ ਤੋਂ ਲਏ ਕਰਜ਼ਿਆਂ ਨਾਲੋਂ ਬਹੁਤ ਸਸਤਾ ਹੈ। ਕਿਸਾਨ ਕ੍ਰੈਡਿਟ ਕਾਰਡ ਸਕੀਮ ਤਹਿਤ ਕਿਸਾਨਾਂ ਨੂੰ ਆਸਾਨੀ ਨਾਲ ਕਰਜ਼ਾ ਮਿਲਦਾ ਹੈ।
ਕਿਸਾਨਾਂ ਨੂੰ ਕੀ ਮਿਲੇਗਾ ਫ਼ਾਇਦਾ ?
ਕਿਸਾਨ ਭਰਾ ਭਾਰੀ ਵਿਆਜ ਤੋਂ ਬਚਣ ਲਈ ਇਸ ਕਾਰਡ ਦੀ ਵਰਤੋਂ ਕਰਦੇ ਹਨ। ਕਿਸਾਨ ਕ੍ਰੈਡਿਟ ਕਾਰਡ ਲਈ ਯੋਗਤਾ ਦੀ ਉਮਰ 18 ਤੋਂ 75 ਸਾਲ ਹੈ। ਕਿਸਾਨ ਕ੍ਰੈਡਿਟ ਕਾਰਡ ਸਕੀਮ ਦੇ ਤਹਿਤ, ਮੌਤ ਜਾਂ ਸਥਾਈ ਅਪੰਗਤਾ ਦੀ ਸਥਿਤੀ ਵਿੱਚ 50,000 ਰੁਪਏ ਤੱਕ ਤੇ ਹੋਰ ਜ਼ੋਖ਼ਮਾਂ ਲਈ 25,000 ਰੁਪਏ ਤੱਕ ਦੀ ਕਵਰੇਜ ਪ੍ਰਦਾਨ ਕੀਤੀ ਜਾਂਦੀ ਹੈ। ਇਸ ਸਕੀਮ ਤਹਿਤ ਯੋਗ ਕਿਸਾਨਾਂ ਨੂੰ ਬੱਚਤ ਖਾਤਾ, ਸਮਾਰਟ ਕਾਰਡ ਅਤੇ ਡੈਬਿਟ ਕਾਰਡ ਵੀ ਮੁਹੱਈਆ ਕਰਵਾਏ ਜਾਂਦੇ ਹਨ। ਇਹ ਕਰਜ਼ਾ 3 ਸਾਲਾਂ ਲਈ ਵੈਧ ਰਹਿੰਦਾ ਹੈ ਅਤੇ ਕਿਸਾਨ ਫ਼ਸਲ ਦੀ ਕਟਾਈ ਤੋਂ ਬਾਅਦ ਆਪਣਾ ਕਰਜ਼ਾ ਵਾਪਸ ਕਰ ਸਕਦੇ ਹਨ।
ਕਿਸਾਨ ਕ੍ਰੈਡਿਟ ਕਾਰਡ ਲਈ ਕਿਵੇਂ ਦੇਣੀ ਹੈ ਆਨਲਾਈਨ ਅਰਜ਼ੀ
ਸਭ ਤੋਂ ਪਹਿਲਾਂ ਕਿਸਾਨ ਨੂੰ ਉਸ ਬੈਂਕ ਦੀ ਵੈੱਬਸਾਈਟ 'ਤੇ ਜਾਣਾ ਪਵੇਗਾ ਜਿੱਥੋਂ ਉਹ ਕਾਰਡ ਲੈਣਾ ਚਾਹੁੰਦਾ ਹੈ ਫਿਰ ਕਿਸਾਨ ਕ੍ਰੈਡਿਟ ਕਾਰਡ ਵਿਕਲਪ ਦੀ ਚੋਣ ਕਰੋ ਤੇ ਅਪਲਾਈ 'ਤੇ ਕਲਿੱਕ ਕਰੋ। ਇੱਕ ਅਰਜ਼ੀ ਫਾਰਮ ਖੁੱਲ੍ਹੇਗਾ ਜਿਸ ਨੂੰ ਤੁਹਾਨੂੰ ਭਰਨਾ ਹੋਵੇਗਾ। ਫਾਰਮ ਜਮ੍ਹਾ ਕਰਨ ਤੋਂ ਬਾਅਦ ਬੈਂਕ ਤੁਹਾਡੇ ਨਾਲ ਸੰਪਰਕ ਕਰੇਗਾ ਅਤੇ ਤੁਹਾਡੇ ਵੇਰਵਿਆਂ ਦੀ ਪੁਸ਼ਟੀ ਕਰੇਗਾ। ਤਸਦੀਕ ਤੋਂ ਬਾਅਦ ਤੁਹਾਨੂੰ ਆਪਣਾ ਕਿਸਾਨ ਕ੍ਰੈਡਿਟ ਕਾਰਡ ਮਿਲੇਗਾ।