ਨਵੀਂ ਦਿੱਲੀ: ਇਸ ਵਾਰ ਬਜਟ ਸੈਸ਼ਨ ਵਿੱਚ ਖੂਬ ਹੰਗਾਮਾ ਹੋਣ ਦੇ ਆਸਾਰ ਹਨ। ਸੈਸ਼ਨ ਵਿੱਚ ਵਿਰੋਧੀ ਧਿਰ ਮੋਦੀ ਸਰਕਾਰ ਨੂੰ ਪੈਗਾਸਸ ਜਾਸੂਸੀ, ਕਿਸਾਨਾਂ ਦੇ ਮੁੱਦਿਆਂ ਉਤੇ ਘੇਰਨ ਦੀ ਤਿਆਰੀ ਕਰ ਰਹੀ ਹੈ। ਇਸ ਤੋਂ ਇਲਾਵਾ ਪੂਰਬੀ ਲੱਦਾਖ ਵਿਚ ਚੀਨ ਦੀ ‘ਘੁਸਪੈਠ’ ਦਾ ਮੁੱਦਾ ਵੀ ਵਿਰੋਧੀ ਧਿਰ ਉਠਾਏਗੀ। ਵਿਰੋਧੀ ਧਿਰਾਂ ਨੇ ਇਸ ਬਾਰੇ ਰਣਨੀਤੀ ਘੜ ਲਈ ਹੈ। ਪੰਜ ਰਾਜਾਂ ਵਿੱਚ ਚੋਣਾਂ ਹੋਣ ਕਰਕੇ ਵੀ ਵਿਰੋਧੀ ਪਾਰਟੀਆਂ ਸਰਕਾਰ ਨੂੰ ਘੇਰਨ ਦਾ ਕੋਈ ਮੌਕਾ ਨਹੀਂ ਛੱਡਣਗੀਆਂ।
ਉਧਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰਾਂ ਤੇ ਸੰਸਦ ਮੈਂਬਰਾਂ ਨੂੰ ਸਹਿਯੋਗ ਮੰਗਿਆ ਹੈ। ਉਨ੍ਹਾਂ ਨੇ ਬਜਟ ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਕਿਹਾ ਕਿ ''ਮੈਂ ਉਮੀਦ ਕਰਦਾ ਹਾਂ ਕਿ ਸਾਰੀਆਂ ਸਿਆਸੀ ਪਾਰਟੀਆਂ ਸੰਸਦ 'ਚ ਖੁੱਲ੍ਹ ਕੇ ਚਰਚਾ ਕਰਕੇ ਦੇਸ਼ ਨੂੰ ਤਰੱਕੀ ਦੇ ਰਾਹ 'ਤੇ ਲਿਜਾਣ 'ਚ ਮਦਦ ਕਰਨਗੀਆਂ। ਮੈਂ ਸਾਰੇ ਸੰਸਦ ਮੈਂਬਰਾਂ ਨੂੰ ਪ੍ਰਾਰਥਨਾ ਕਰਾਂਗਾ ਕਿ ਚੋਣਾਂ ਤਾਂ ਚੱਲਦੀਆਂ ਰਹਿਣਗੀਆਂ, ਅਸੀਂ ਪੂਰੀ ਵਚਨਬੱਧਤਾ ਨਾਲ ਸੈਸ਼ਨ ਨੂੰ ਫਲਦਾਇਕ ਬਣਾਈਏ।
ਦੂਜੇ ਪਾਸੇ ਲੋਕ ਸਭਾ ਵਿੱਚ ਕਾਂਗਰਸ ਦੇ ਲੀਡਰ ਅਧੀਰ ਰੰਜਨ ਚੌਧਰੀ ਨੇ ਪੈਗਾਸਸ ਮੁੱਦੇ ’ਤੇ ਸੰਸਦ ਦੇ ਹੇਠਲੇ ਸਦਨ ਨੂੰ ਕਥਿਤ ਰੂਪ ਨਾਲ ਗੁਮਰਾਹ ਕਰਨ ’ਤੇ ਸੂਚਨਾ ਤਕਨੀਕ ਮੰਤਰੀ ਅਸ਼ਵਿਨੀ ਵੈਸ਼ਨਵ ਖ਼ਿਲਾਫ਼ ਵਿਸ਼ੇਸ਼ ਅਧਿਕਾਰ ਪ੍ਰਸਤਾਵ ਲਿਆਉਣ ਦੀ ਮੰਗ ਕੀਤੀ ਹੈ। ਕਾਂਗਰਸ ਨੇਤਾ ਨੇ ਇਸ ਬਾਰੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖਿਆ ਹੈ। ਇਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਸਰਕਾਰ ਨੇ ਹਥਿਆਰਾਂ ਦੀ ਖ਼ਰੀਦ ਲਈ ਦੋ ਅਰਬ ਅਮਰੀਕੀ ਡਾਲਰ ਦੇ ਪੈਕੇਜ ਦੇ ਹਿੱਸੇ ਦੇ ਰੂਪ ’ਚ 2017 ਵਿੱਚ ਇਜ਼ਰਾਇਲੀ ਸਾਫਟਵੇਅਰ ਖ਼ਰੀਦਿਆ ਸੀ।
ਚੌਧਰੀ ਨੇ ਕਿਹਾ ਕਿ ਸਰਕਾਰ ਨੇ ਸਦਨ ਵਿਚ ਹਮੇਸ਼ਾ ਇਹੀ ਕਿਹਾ ਕਿ ਉਸ ਦਾ ਪੈਗਾਸਸ ਮਾਮਲੇ ਨਾਲ ਕੋਈ ਲੈਣਾ-ਦੇਣਾ ਨਹੀਂ। ਸਰਕਾਰ ਨੇ ਐਨਐਸਓ ਕੰਪਨੀ ਤੋਂ ਕਦੇ ਵੀ ਇਹ ਸਪਾਈਵੇਅਰ ਨਹੀਂ ਖ਼ਰੀਦਿਆ ਹੈ। ਕਾਂਗਰਸ ਆਗੂ ਨੇ ਆਪਣੇ ਪੱਤਰ ਵਿਚ ਲੋਕ ਸਭਾ ਸਪੀਕਰ ਨੂੰ ਕਿਹਾ, ‘ਨਿਊ ਯਾਰਕ ਟਾਈਮਜ਼ ਦੇ ਹਾਲੀਆ ਖੁਲਾਸੇ ਤੋਂ ਅਜਿਹਾ ਲੱਗਦਾ ਹੈ ਕਿ ਮੋਦੀ ਸਰਕਾਰ ਨੇ ਸੰਸਦ ਤੇ ਸੁਪਰੀਮ ਕੋਰਟ ਨੂੰ ਗੁਮਰਾਹ ਕੀਤਾ ਹੈ ਤੇ ਦੇਸ਼ ਦੀ ਜਨਤਾ ਨੂੰ ਝੂਠ ਬੋਲਿਆ।
ਇਸ ਲਈ ਆਈਟੀ ਮੰਤਰੀ ਵਿਰੁੱਧ ਵਿਸ਼ੇਸ਼ ਅਧਿਕਾਰ ਪ੍ਰਸਤਾਵ ਲਿਆਂਦਾ ਜਾਵੇ। ਚੌਧਰੀ ਨੇ ਇਹ ਵੀ ਦੋਸ਼ ਲਾਇਆ ਕਿ ਸਰਕਾਰ ਨੇ ਸੁਪਰੀਮ ਕੋਰਟ ਨੂੰ ਵੀ ਝੂਠ ਬੋਲਿਆ, ਜਦ ਇਸ ਨੂੰ ਪੈਗਾਸਸ ਦੀ ਖ਼ਰੀਦ ਤੇ ਵਰਤੋਂ ਬਾਰੇ ਸਿੱਧੇ ਸਵਾਲ ਪੁੱਛੇ ਗਏ ਸਨ। ਕਾਂਗਰਸ ਨੇਤਾ ਨੇ ਜ਼ਿਕਰ ਕੀਤਾ ਕਿ ਆਪਣੇ ਹਲਫ਼ਨਾਮੇ ਵਿਚ ਸਰਕਾਰ ਨੇ ਪੈਗਾਸਸ ਮਾਮਲੇ ਵਿਚ ਉਸ ਦੇ ਖ਼ਿਲਾਫ਼ ‘ਕਿਸੇ ਵੀ ਜਾਂ ਸਾਰੇ ਦੋਸ਼ਾਂ’ ਤੋਂ ਇਨਕਾਰ ਕੀਤਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin