Union Budget 2024: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਵਿੱਚ ਮੋਬਾਈਲ ਫੋਨ ਤੇ ਚਾਰਜਰ ਸਸਤੇ ਕਰਨ ਦਾ ਐਲਾਨ ਕੀਤਾ ਹੈ। ਅੱਜ ਬਜਟ ਵਿੱਚ ਵਿੱਤ ਮੰਤਰੀ ਨੇ ਆਮ ਲੋਕਾਂ ਲਈ ਲਾਭਦਾਇਕ ਵਸਤੂਆਂ ਨੂੰ ਲੈ ਕੇ ਵੱਡੇ ਰਾਹਤ ਐਲਾਨ ਕੀਤੇ ਹਨ।
ਸੋਨਾ, ਚਾਂਦੀ ਅਤੇ ਪਲੈਟੀਨਮ ਸਸਤਾ ਹੋਵੇਗਾ
ਸੋਨੇ ਅਤੇ ਚਾਂਦੀ 'ਤੇ ਕਸਟਮ ਡਿਊਟੀ ਘਟਾ ਕੇ 6 ਫੀਸਦੀ ਕਰ ਦਿੱਤੀ ਗਈ ਹੈ, ਜਿਸ ਨਾਲ ਇਹ ਸਸਤਾ ਹੋ ਜਾਵੇਗਾ। ਪਲੈਟੀਨਮ 'ਤੇ ਕਸਟਮ ਡਿਊਟੀ ਵੀ ਘਟਾਈ ਗਈ ਹੈ, ਜਿਸ ਤੋਂ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਭਾਸ਼ਣ 'ਚ ਸੋਨੇ ਤੇ ਚਾਂਦੀ 'ਤੇ ਕਸਟਮ ਡਿਊਟੀ ਘਟਾ ਕੇ 6 ਫੀਸਦੀ ਕਰਨ ਦਾ ਪ੍ਰਸਤਾਵ ਰੱਖਿਆ ਹੈ। ਸਰਕਾਰ ਦੇ ਇਸ ਫੈਸਲੇ ਦੇ ਲਾਗੂ ਹੋਣ ਤੋਂ ਬਾਅਦ ਸੋਨੇ, ਚਾਂਦੀ ਅਤੇ ਪਲੈਟੀਨਮ ਦੀਆਂ ਕੀਮਤਾਂ ਘਟਣਗੀਆਂ।
ਮੋਬਾਈਲ ਫ਼ੋਨ-ਚਾਰਜਰ ਹੋਣਗੇ ਸਸਤੇ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਲਾਨ ਕੀਤਾ ਕਿ ਮੋਬਾਈਲ ਫੋਨਾਂ ਤੇ ਚਾਰਜਰਾਂ 'ਤੇ ਬੇਸਿਕ ਕਸਟਮ ਡਿਊਟੀ 15 ਫੀਸਦੀ ਘਟਾ ਦਿੱਤੀ ਗਈ ਹੈ। ਇਸ ਕਾਰਨ ਹੁਣ ਅਸੀਂ ਮੋਬਾਈਲ ਫੋਨਾਂ ਦੀ ਕੀਮਤ 'ਚ ਕਮੀ ਦੇਖਾਂਗੇ।
ਸਸਤੀਆਂ ਲਿਥੀਅਮ ਬੈਟਰੀਆਂ ਕਾਰਨ EVs ਨੂੰ ਹੁਲਾਰਾ ਮਿਲੇਗਾ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਸੋਲਰ ਪੈਨਲ ਤੇ ਲਿਥੀਅਮ ਬੈਟਰੀਆਂ ਸਸਤੀਆਂ ਹੋਣ ਦੀ ਗੱਲ ਕਹੀ, ਜਿਸ ਨਾਲ ਫੋਨ ਤੇ ਵਾਹਨ ਦੀਆਂ ਬੈਟਰੀਆਂ ਦੀਆਂ ਕੀਮਤਾਂ ਘੱਟ ਹੋਣਗੀਆਂ।
ਵਿੱਤ ਮੰਤਰੀ ਨੇ ਕੈਂਸਰ ਦੀਆਂ ਦਵਾਈਆਂ 'ਤੇ ਦਿੱਤੀ ਵੱਡੀ ਰਾਹਤ
ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਕੈਂਸਰ ਦੇ ਇਲਾਜ ਲਈ ਤਿੰਨ ਦਵਾਈਆਂ ਨੂੰ ਬੇਸਿਕ ਕਸਟਮ ਡਿਊਟੀ ਤੋਂ ਛੋਟ ਦਿੱਤੀ ਜਾਵੇਗੀ। ਐਕਸ-ਰੇ ਮਸ਼ੀਨਾਂ ਵਿੱਚ ਵਰਤੀਆਂ ਜਾਣ ਵਾਲੀਆਂ ਐਕਸ-ਰੇ ਟਿਊਬਾਂ ਅਤੇ ਫਲੈਟ ਪੈਨਲ ਡਿਟੈਕਟਰਾਂ 'ਤੇ ਬੇਸਿਕ ਕਸਟਮ ਡਿਊਟੀ ਵੀ ਬਦਲੀ ਜਾਵੇਗੀ। ਇਸ ਐਲਾਨ ਦੇ ਲਾਗੂ ਹੋਣ ਤੋਂ ਬਾਅਦ ਇਨ੍ਹਾਂ ਦੀਆਂ ਕੀਮਤਾਂ 'ਚ ਵੀ ਕਮੀ ਆਵੇਗੀ। ਇਸ ਤੋਂ ਇਲਾਵਾ ਸਰਕਾਰ ਨੇ ਫੈਰੋਨਿਕਲ ਅਤੇ ਬਲਿਸਟਰ ਕਾਪਰ 'ਤੇ ਬੇਸਿਕ ਕਸਟਮ ਡਿਊਟੀ ਹਟਾ ਦਿੱਤੀ ਹੈ।
ਇਹ ਚੀਜ਼ਾਂ ਹੋਣਗੀਆਂ ਮਹਿੰਗੀਆਂ
ਵਿੱਤ ਮੰਤਰੀ ਨੇ ਅਮੋਨੀਅਮ ਨਾਈਟ੍ਰੇਟ 'ਤੇ ਕਸਟਮ ਡਿਊਟੀ 10 ਫੀਸਦੀ ਤੋਂ ਵਧਾ ਕੇ 25 ਫੀਸਦੀ ਕਰਨ ਦਾ ਐਲਾਨ ਕੀਤਾ ਹੈ। ਨਿਰਧਾਰਿਤ ਦੂਰਸੰਚਾਰ ਉਪਕਰਨਾਂ 'ਤੇ ਬੇਸਿਕ ਕਸਟਮ ਡਿਊਟੀ ਵੀ 10 ਫੀਸਦੀ ਤੋਂ ਵਧਾ ਕੇ 15 ਫੀਸਦੀ ਕਰ ਦਿੱਤੀ ਗਈ ਹੈ।
ਪੜ੍ਹੋ ਕੀ ਕੁਝ ਹੋਇਆ ਸਸਤਾ
- ਮੋਬਾਈਲ ਅਤੇ ਮੋਬਾਈਲ ਚਾਰਜਰ
- ਸੋਲਰ ਪੈਨਲ
- ਚਮੜੇ ਦੀਆਂ ਚੀਜਾਂ
- ਗਹਿਣੇ (ਸੋਨਾ, ਚਾਂਦੀ, ਹੀਰਾ, ਪਲੈਟੀਨਮ)
- ਸਟੀਲ ਅਤੇ ਲੋਹਾ
- ਇਲੈਕਟ੍ਰਾਨਿਕਸ
- ਕਰੂਜ਼ ਯਾਤਰਾ
- ਸਮੁੰਦਰੀ ਭੋਜਨ
- ਜੁੱਤੀਆਂ
- ਕੈਂਸਰ ਦੀਆਂ ਦਵਾਈਆਂ
ਕੀ ਕੁਝ ਹੋਇਆ ਮਹਿੰਗਾ
- ਨਿਰਧਾਰਿਤ ਦੂਰਸੰਚਾਰ ਉਪਕਰਨ
- ਪੀਵੀਸੀ ਪਲਾਸਟਿਕ