Punjab Budget 2023: ਪੰਜਾਬ ਸਰਕਾਰ ਨੇ ਬਜਟ ਵਿੱਚ ਸਿੱਖਿਆ ਦੇ ਖੇਤਰ ਨੂੰ ਕਾਫੀ ਅਹਿਮੀਅਤ ਦਿੱਤੀ ਹੈ। ਪੰਜਾਬ ਸਰਕਾਰ ਨੇ ਸਕੂਲ ਤੇ ਉੱਚ ਸਿੱਖਿਆ ਲਈ 17,072 ਕਰੋੜ ਰੁਪਏ ਦੀ ਤਜਵੀਜ਼ ਰੱਖੀ ਹੈ, ਜੋ ਪਿਛਲੇ ਸਾਲ ਨਾਲੋਂ 12% ਵੱਧ ਹੈ। ਇਸ ਤੋਂ ਇਲਾਵਾ ਤਕਨੀਕੀ ਸਿੱਖਿਆ ਸੰਸਥਾਵਾਂ ਦੇ ਸੁਧਾਰ ਲਈ 615 ਕਰੋੜ ਰੁਪਏ ਦਾ ਉਪਬੰਧ ਪ੍ਰਸਤਾਵਿਤ ਹੈ, ਜੋ ਪਿਛਲੇ ਸਾਲ ਨਾਲੋਂ ਲਗਪਗ 6 ਫੀਸਦੀ ਵੱਧ ਹੈ। ਮੈਡੀਕਲ ਸਿੱਖਿਆ ਲਈ ਵਿੱਤੀ ਸਾਲ 2023-24 ਵਿੱਚ 1,015 ਕਰੋੜ ਰੁਪਏ ਰੱਖੇ ਗਏ ਹਨ।
ਜ਼ਿਕਰ ਕਰ ਦਈਏ ਕਿ ਪੰਜਾਬ ਸਰਕਾਰ ਦਾ ਇਸ ਸਾਲ ਦਾ ਬਜਟ 1 ਲੱਖ 96 ਹਜ਼ਾਰ 462 ਕਰੋੜ ਦਾ ਹੋਵੇਗਾ ਜੋ ਕਿ ਪਿਛਲੇ ਵਰ੍ਹੇ ਨਾਲ 26 ਫ਼ੀਸਦ ਜ਼ਿਆਦਾ ਹੈ। ਇਸ ਦੇ ਨਾਲ ਹੀ ਖੇਤੀਬਾੜੀ ਦੇ ਲਈ 13 ਹਜ਼ਾਰ 888 ਕਰੋੜ ਦਾ ਬਜਟ ਤੈਅ ਕੀਤਾ ਗਿਆ ਹੈ।
ਕੀ ਹਨ ਬਜਟ ਤੋਂ ਉਮੀਦਾਂ
ਦੱਸ ਦਈਏ ਕਿ ਵਿਧਾਨ ਸਭਾ ਵਿੱਚ 2022-23 ਲਈ ਇੱਕ ਲੱਖ 55 ਹਜ਼ਾਰ 860 ਕਰੋੜ ਰੁਪਏ ਦੇ ਬਜਟ ਖਰਚੇ ਦਾ ਅਨੁਮਾਨ ਲਾਇਆ ਗਿਆ ਸੀ, ਜੋ ਸਾਲ 2021-22 ਦੇ ਮੁਕਾਬਲੇ 14% ਵੱਧ ਸੀ ਪਰ ਇਸ ਵਾਰ ਵਿੱਤ ਮੰਤਰੀ ਵੱਧ ਬਜਟ ਖਰਚ ਤੇ ਚੋਣ ਪ੍ਰਚਾਰ ਸਮੇਂ ਦਿੱਤੀਆਂ ਗਈਆਂ ਗਰੰਟੀਆਂ ਨੂੰ ਪੂਰਾ ਕਰ ਸਕਦੇ ਹਨ। ਸੂਤਰਾਂ ਮੁਤਾਬਕ ਇਸ ਸਾਲ ਵੀ ਔਰਤਾਂ ਨੂੰ 1000 ਰੁਪਏ ਮਾਸਿਕ ਮਾਣ ਭੱਤਾ ਦੇਣ ਦੀ ਤਜਵੀਜ਼ ਨੂੰ ਬਜਟ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਜਿਸ ਕਰਕੇ ਭਗਵੰਤ ਮਾਨ ਸਰਕਾਰ ਦੀ ਅਲੋਚਨਾ ਹੋਏਗੀ। ਉਂਝ ਇਹ ਵੀ ਸੰਭਵ ਹੈ ਕਿ ਸਰਕਾਰ ਕੰਮਕਾਜੀ ਔਰਤਾਂ ਨੂੰ ਪ੍ਰੋਫੈਸ਼ਨਲ ਟੈਕਸ ਤੋਂ ਛੋਟ ਦੇ ਸਕਦੀ ਹੈ।
ਇਸ ਵਾਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਾਰੇ ਵਰਗਾਂ ਨੂੰ ਖੁਸ਼ ਕਰਨ ਦਾ ਸੰਕੇਤ ਦਿੱਤਾ ਹੈ। ਸੂਤਰਾਂ ਮੁਤਾਬਕ ਨਵੇਂ ਆਮ ਆਦਮੀ ਕਲੀਨਿਕਾਂ ਦੀ ਗਿਣਤੀ ਵਿੱਚ ਹੋਰ ਵਾਧਾ ਕੀਤਾ ਜਾਵੇਗਾ। ਸਿਹਤ ਖੇਤਰ ਵਿੱਚ ਵੱਡੇ ਜ਼ਿਲ੍ਹਿਆਂ ਵਿੱਚ ਇੱਕ ਮਲਟੀ-ਸਪੈਸ਼ਲਿਟੀ ਹਸਪਤਾਲ ਖੋਲ੍ਹਣ ਲਈ ਵੱਖਰਾ ਫੰਡ ਰੱਖਿਆ ਜਾ ਸਕਦਾ ਹੈ। ਉਦਯੋਗ ਲਈ ਕਈ ਘੋਸ਼ਣਾਵਾਂ ਕੀਤੀਆਂ ਜਾ ਸਕਦੀਆਂ ਹਨ।
ਇਸ ਵਾਰ ਬਜਟ 'ਚ ਪੁਲਿਸ ਦੇ ਆਧੁਨਿਕੀਕਰਨ 'ਤੇ ਫੰਡ 8 ਤੋਂ 10 ਫੀਸਦੀ ਤੱਕ ਵਧ ਸਕਦਾ ਹੈ। ਨਵੇਂ ਥਾਣਿਆਂ, ਨਵੀਆਂ ਗੱਡੀਆਂ ਤੇ ਨਵੇਂ ਹਥਿਆਰਾਂ ਦੇ ਨਾਲ-ਨਾਲ ਪੁਲਿਸ ਲਾਈਨਜ਼ ਵਿੱਚ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਲਈ ਨਵੇਂ ਮਕਾਨ ਬਣਾਉਣ ਦੀ ਤਜਵੀਜ਼ ਵੀ ਸ਼ਾਮਲ ਹੋ ਸਕਦੀ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਖੇਤੀ ਖੇਤਰ ਲਈ ਅਹਿਮ ਐਲਾਨ ਕਰ ਸਕਦੀ ਹੈ। ਇੰਡਸਟਰੀ ਲਈ ਵੀ ਪੰਜਾਬ ਸਰਕਾਰ ਅਹਿਮ ਐਲਾਨ ਕਰ ਸਕਦੀ ਹੈ।