Budget 2023 : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੋਦੀ ਸਰਕਾਰ ਦਾ ਆਖਰੀ ਪੂਰਾ ਬਜਟ ਪੇਸ਼ ਕੀਤਾ ਹੈ। ਸੀਤਾਰਮਨ ਨੇ ਵੀ ਕੈਦੀਆਂ ਦੀ ਮਦਦ ਕਰਨ ਦੀ ਗੱਲ ਕੀਤੀ ਹੈ। ਸੀਤਾਰਮਨ ਨੇ ਬਜਟ ਭਾਸ਼ਣ ਵਿੱਚ ਕਿਹਾ ਕਿ ਜੇਲ੍ਹਾਂ ਵਿੱਚ ਬੰਦ ਅਜਿਹੇ ਗਰੀਬ ਲੋਕਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇਗੀ ,ਜੋ ਜੁਰਮਾਨੇ ਦੀ ਰਕਮ ਜਾਂ ਜ਼ਮਾਨਤ ਦੇਣ ਦੀ ਸਥਿਤੀ ਵਿੱਚ ਨਹੀਂ ਹਨ।


ਉਨ੍ਹਾਂ ਕਿਹਾ ਕਿ ਅਜਿਹੇ ਕੈਦੀ ਜੋ ਗਰੀਬ ਹਨ ਅਤੇ ਜੁਰਮਾਨਾ ਜਾਂ ਜ਼ਮਾਨਤ ਨਹੀਂ ਭਰ ਸਕਦੇ, ਜਿਨ੍ਹਾਂ ਨੂੰ ਆਰਥਿਕ ਮਦਦ ਦੀ ਲੋੜ ਹੈ, ਨੂੰ ਇਹ ਸਹਾਇਤਾ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਇੱਕ ਪ੍ਰੋਗਰਾਮ ਵਿੱਚ ਕਿਹਾ ਸੀ ਕਿ ਸੁਣਵਾਈ ਅਧੀਨ ਕੈਦੀਆਂ ਨਾਲ ਸਬੰਧਤ ਅਜਿਹੇ ਮਾਮਲਿਆਂ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ।



2023-24 ਦੇ ਬਜਟ 'ਚ ਵਿੱਤ ਮੰਤਰੀ ਨੇ ਕੀਤੇ ਵੱਡੇ ਐਲਾਨ ਜਿਵੇਂ ਕੀ ਹੋਵੇਗਾ ਸਸਤਾ ਤੇ ਕੀ ਹੋਵੇਗਾ ਮਹਿੰਗਾ ? ਖਿਡੌਣੇ, ਸਾਈਕਲ, ਆਟੋਮੋਬਾਈਲ, ਇਲੈਕਟ੍ਰਾਨਿਕ ਵਾਹਨ ਸਸਤੇ ਹੋਣਗੇ। ਦੂਜੇ ਪਾਸੇ ਵਿਦੇਸ਼ਾਂ ਤੋਂ ਆਉਣ ਵਾਲੀਆਂ ਚਾਂਦੀ ਦੀਆਂ ਵਸਤੂਆਂ ਮਹਿੰਗੀਆਂ ਹੋਣਗੀਆਂ। ਦੇਸੀ ਰਸੋਈ ਦੀ ਚਿਮਨੀ ਹੋਵੇਗੀ ਮਹਿੰਗੀ। ਕੁਝ ਮੋਬਾਈਲ ਫੋਨ, ਕੈਮਰੇ ਦੇ ਲੈਂਸ ਸਸਤੇ ਹੋਣਗੇ। ਸਿਗਰਟਾਂ ਮਹਿੰਗੀਆਂ ਹੋ ਜਾਣਗੀਆਂ। ਇਸ ਦੇ ਨਾਲ ਹੀ ਵਿੱਤ ਮੰਤਰੀ ਨੇ ਬਜਟ ਵਿੱਚ ਦੇਸ਼ ਦੀਆਂ ਔਰਤਾਂ ਲਈ ਵੀ ਵੱਡੇ ਐਲਾਨ ਕੀਤੇ ਹਨ।


 



ਉਨ੍ਹਾਂ ਕਿਹਾ ਕਿ ਅਜ਼ਾਦੀ ਦੇ ਅੰਮ੍ਰਿਤ ਮਹੋਤਸਵ ਤਹਿਤ ਮਹਿਲਾ ਸਨਮਾਨ ਬਚਤ ਪੱਤਰ ਦਾ ਐਲਾਨ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਲਈ ਨਵੀਂ ਬੱਚਤ ਸਕੀਮ ਆਵੇਗੀ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਔਰਤਾਂ ਇਸ ਸਕੀਮ ਤਹਿਤ 2 ਲੱਖ ਰੁਪਏ ਜਮ੍ਹਾ ਕਰਵਾ ਸਕਣਗੀਆਂ, ਜਿਸ 'ਤੇ ਉਨ੍ਹਾਂ ਨੂੰ 7.5 ਫੀਸਦੀ ਵਿਆਜ ਮਿਲੇਗਾ।

ਇਸ ਤੋਂ ਇਲਾਵਾ ਸੀਤਾਰਮਨ ਨੇ ਦੱਸਿਆ ਕਿ ਸਰਕਾਰ ਮੋਟੇ ਅਨਾਜ ਨੂੰ ਉਤਸ਼ਾਹਿਤ ਕਰ ਰਹੀ ਹੈ ਅਤੇ ਸ਼੍ਰੀ ਅੰਨਾ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਾਗਬਾਨੀ ਉਤਪਾਦਨ ਵਧਾਉਣ ਲਈ 2200 ਕਰੋੜ ਰੁਪਏ ਦੀ ਰਾਸ਼ੀ ਅਲਾਟ ਕੀਤੀ ਗਈ ਹੈ।