IT layoffs: IT ਖੇਤਰ ਦੀ ਦਿੱਗਜ ਕੰਪਨੀ Cognizant ਘਰੋਂ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਖ਼ਿਲਾਫ਼ ਸਖ਼ਤ ਹੋ ਗਈ ਹੈ। ਕਾਗਨੀਜ਼ੈਂਟ ਨੇ ਆਪਣੇ ਸਟਾਫ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਹ ਦਫਤਰ ਤੋਂ ਕੰਮ ਸ਼ੁਰੂ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਨੌਕਰੀ ਤੋਂ ਕੱਢਿਆ ਜਾ ਸਕਦਾ ਹੈ। ਕੰਪਨੀ ਨੇ ਮਾਰਚ 2024 ਦੇ ਅੰਤ ਤੱਕ 3300 ਕਰਮਚਾਰੀਆਂ ਨੂੰ ਕੱਢ ਦਿੱਤਾ ਸੀ। ਕੰਪਨੀ ਵਿੱਚ ਇਸ ਸਮੇਂ 344,400 ਕਰਮਚਾਰੀ ਹਨ।
ਕਾਗਨੀਜ਼ੈਂਟ ਟੈਕਨਾਲੋਜੀ ਸਲਿਊਸ਼ਨਜ਼ ਨੇ ਕਿਹਾ ਹੈ ਕਿ ਕੰਪਨੀ ਨੇ ਦਫਤਰ ਤੋਂ ਕੰਮ ਕਰਨ ਦੀ ਨੀਤੀ ਨੂੰ ਸਖਤੀ ਨਾਲ ਲਾਗੂ ਕੀਤਾ ਹੈ। ਮੁਲਾਜ਼ਮਾਂ ਨੂੰ ਕਈ ਪੱਤਰ ਭੇਜ ਕੇ ਉਨ੍ਹਾਂ ਨੂੰ ਦਫ਼ਤਰ ਵਾਪਸ ਆਉਣ ਲਈ ਕਿਹਾ ਗਿਆ ਹੈ। ਜ਼ਿਆਦਾਤਰ ਸਟਾਫ ਹੁਣ ਦਫਤਰ ਤੋਂ ਕੰਮ ਕਰ ਰਿਹਾ ਹੈ। ਇਸ ਦੇ ਬਾਵਜੂਦ ਵੀ ਬਹੁਤ ਸਾਰੇ ਲੋਕ ਘਰੋਂ ਕੰਮ ਕਰ ਰਹੇ ਹਨ। ਇਸ ਦੇ ਨਤੀਜੇ ਚੰਗੇ ਨਹੀਂ ਹੋਣਗੇ। ਲਾਈਵ ਮਿੰਟ ਦੀ ਇੱਕ ਰਿਪੋਰਟ ਦੇ ਅਨੁਸਾਰ, ਕਾਗਨੀਜੈਂਟ ਨੇ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਹੈ ਕਿ ਅਜਿਹੇ ਕਰਮਚਾਰੀਆਂ ਨੂੰ ਛਾਂਟੀ ਵਰਗੇ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਹਫ਼ਤੇ ‘ਚ ਘੱਟੋ-ਘੱਟ 3 ਦਿਨ ਦਫ਼ਤਰ ਤੋਂ ਕੰਮ ਕਰੋ
ਆਈਟੀ ਕੰਪਨੀ ਨੇ ਇਸ ਸਾਲ ਦੀ ਸ਼ੁਰੂਆਤ 'ਚ ਆਪਣੇ ਸਟਾਫ ਨੂੰ ਹਫਤੇ 'ਚ ਘੱਟੋ-ਘੱਟ 3 ਦਿਨ ਦਫਤਰ ਤੋਂ ਕੰਮ ਕਰਨ ਦਾ ਨਿਰਦੇਸ਼ ਦਿੱਤਾ ਸੀ। ਉਦੋਂ ਤੋਂ ਹੀ ਸਟਾਫ ਦੇ ਦਫਤਰੀ ਸਮੇਂ 'ਤੇ ਸਖਤੀ ਨਾਲ ਨਜ਼ਰ ਰੱਖੀ ਜਾ ਰਹੀ ਹੈ। ਫਰਵਰੀ ਵਿੱਚ ਕੰਪਨੀ ਦੇ ਸੀਈਓ ਐਸ ਰਵੀ ਕੁਮਾਰ ਨੇ ਵੀ ਕਰਮਚਾਰੀਆਂ ਨੂੰ ਦਫ਼ਤਰ ਆ ਕੇ ਕੰਮ ਕਰਨ ਦੀ ਅਪੀਲ ਕੀਤੀ ਸੀ। ਕੰਪਨੀ ਦਾ ਨਿਸ਼ਾਨਾ ਅਜਿਹੇ ਕਰਮਚਾਰੀ ਹਨ ਜਿਨ੍ਹਾਂ ਕੋਲ ਫਿਲਹਾਲ ਕੋਈ ਪ੍ਰੋਜੈਕਟ ਨਹੀਂ ਹੈ।
ਰਿਪੋਰਟ ਮੁਤਾਬਕ ਕਾਗਨੀਜ਼ੈਂਟ ਨੇ ਸਟਾਫ ਨੂੰ ਭੇਜੇ ਪੱਤਰ 'ਚ ਕਿਹਾ ਹੈ ਕਿ ਦਫਤਰ ਤੋਂ ਕੰਮ ਨਾ ਕਰਨ ਨੂੰ ਗੰਭੀਰ ਮੰਨਿਆ ਜਾਵੇਗਾ। ਅਜਿਹੇ ਲੋਕਾਂ ਖਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਇਸ ਵਿੱਚ ਛਾਂਟੀ ਵੀ ਸ਼ਾਮਲ ਹੈ। ਇਹ ਪੱਤਰ ਉਨ੍ਹਾਂ ਮੁਲਾਜ਼ਮਾਂ ਨੂੰ ਭੇਜਿਆ ਗਿਆ ਹੈ ਜੋ ਕਈ ਵਾਰ ਰਿਮਾਂਇੰਡਰ-ਪੱਤਰ ਦੇ ਬਾਵਜੂਦ ਦਫ਼ਤਰ ਨਹੀਂ ਆ ਰਹੇ। ਆਈਟੀ ਸੈਕਟਰ ਦੀਆਂ ਲਗਭਗ ਸਾਰੀਆਂ ਵੱਡੀਆਂ ਕੰਪਨੀਆਂ ਹੁਣ ਘਰ ਤੋਂ ਕੰਮ ਖਤਮ ਕਰ ਰਹੀਆਂ ਹਨ। ਇਨ੍ਹਾਂ ਵਿੱਚ TCS, HCL, Wipro ਅਤੇ Tech Mahindra ਸ਼ਾਮਲ ਹਨ।