Crude Oil Price Hike: ਕੱਚੇ ਤੇਲ (Crude Oil) ਦੀਆਂ ਕੀਮਤਾਂ 'ਚ ਫਿਰ ਤੋਂ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਤੇਲ ਉਤਪਾਦਕ ਦੇਸ਼ਾਂ ਦੇ OPEC ਵੱਲੋਂ ਕੱਚੇ ਤੇਲ ਦਾ ਉਤਪਾਦਨ ਵਧਾਉਣ ਦੇ ਫੈਸਲੇ ਦੇ ਬਾਵਜੂਦ ਕੌਮਾਂਤਰੀ ਬਾਜ਼ਾਰ 'ਚ ਕੱਚਾ ਤੇਲ 111 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਕਾਰੋਬਾਰ ਕਰ ਰਿਹਾ ਹੈ। ਬ੍ਰੈਂਟ ਕਰੂਡ ਆਇਲ ਦੀ ਕੀਮਤ 111 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਹੀ ਹੈ, ਜਿਸ ਕਾਰਨ ਪੈਟਰੋਲ ਤੇ ਡੀਜ਼ਲ ਦੀ ਕੀਮਤ ਇਕ ਵਾਰ ਫਿਰ ਵਧਣ ਦੀ ਸੰਭਾਵਨਾ ਹੈ।



ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ
ਪਿਛਲੇ ਮਹੀਨੇ ਮੁੱਖ ਆਰਥਿਕ ਸਲਾਹਕਾਰ ਨੇ ਕਿਹਾ ਸੀ ਕਿ ਜੇਕਰ ਕੱਚੇ ਤੇਲ ਦੀਆਂ ਕੀਮਤਾਂ 110 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਰਹਿੰਦੀਆਂ ਹਨ ਤਾਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਾਉਣ ਦੀ ਕੋਈ ਲੋੜ ਨਹੀਂ ਹੋਵੇਗੀ। ਪਰ ਜੇਕਰ ਕੀਮਤ 110 ਡਾਲਰ ਪ੍ਰਤੀ ਬੈਰਲ ਤੋਂ ਉਪਰ ਰਹੀ ਤਾਂ ਇਸ ਦਾ ਬੋਝ ਗਾਹਕਾਂ, ਸਰਕਾਰ ਤੇ ਸਰਕਾਰੀ ਤੇਲ ਕੰਪਨੀਆਂ ਨੂੰ ਝੱਲਣਾ ਪਵੇਗਾ। ਪਰ ਹੁਣ ਕਿਉਂਕਿ ਕੱਚਾ ਤੇਲ 111 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਵਪਾਰ ਕਰ ਰਿਹਾ ਹੈ, ਤਾਂ ਸਰਕਾਰੀ ਤੇਲ ਕੰਪਨੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਫਿਰ ਵਾਧਾ ਕਰ ਸਕਦੀਆਂ ਹਨ।

ਪਹਿਲਾਂ 10 ਰੁਪਏ ਤੱਕ ਵਧੀ ਕੀਮਤ
ਦੱਸ ਦੇਈਏ ਕਿ ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਖਤਮ ਹੋਣ ਤੋਂ ਬਾਅਦ ਸਰਕਾਰੀ ਤੇਲ ਕੰਪਨੀਆਂ ਨੇ 22 ਮਾਰਚ 2022 ਤੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ ਅਤੇ 6 ਅਪ੍ਰੈਲ 2022 ਤੱਕ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 10 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। 6 ਅਪ੍ਰੈਲ ਤੋਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਵਾਧਾ ਨਹੀਂ ਹੋਇਆ ਹੈ।

ਜੇਕਰ ਚਾਰ ਮਹਾਨਗਰਾਂ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ 'ਤੇ ਨਜ਼ਰ ਮਾਰੀਏ ਤਾਂ ਦਿੱਲੀ 'ਚ ਪੈਟਰੋਲ 105.41 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 96.67 ਰੁਪਏ ਪ੍ਰਤੀ ਲੀਟਰ 'ਤੇ ਮਿਲ ਰਿਹਾ ਹੈ। ਮੁੰਬਈ 'ਚ ਪੈਟਰੋਲ ਦੀ ਕੀਮਤ 120.51 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ 104.77 ਰੁਪਏ ਪ੍ਰਤੀ ਲੀਟਰ ਹੈ। ਚੇਨਈ ਵਿੱਚ ਪੈਟਰੋਲ 110.85 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 100.94 ਰੁਪਏ ਪ੍ਰਤੀ ਲੀਟਰ ਤੇ ਕੋਲਕਾਤਾ ਵਿੱਚ ਪੈਟਰੋਲ 115.12 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 96.83 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਉਪਲਬਧ ਹੈ।