ਨਵੀਂ ਦਿੱਲੀ: ਕੌਮੀ ਰਾਜਧਾਨੀ ਦਿੱਲੀ ਵਿੱਚ ਪੈਟਰੋਲ ਨਾਲੋਂ ਡੀਜ਼ਲ ਮਹਿੰਗਾ ਹੈ। ਸ਼ਨੀਵਾਰ ਨੂੰ ਪੈਟਰੋਲ ਦੀਆਂ ਕੀਮਤਾਂ ਤਾਂ ਨਹੀਂ ਵਧੀਆਂ ਪਰ ਡੀਜ਼ਲ 15 ਪੈਸੇ ਪ੍ਰਤੀ ਲਿਟਰ ਮਹਿੰਗਾ ਹੋ ਗਿਆ।


ਇਸ ਤਰ੍ਹਾਂ ਦਿੱਲੀ ਵਿੱਚ ਡੀਜ਼ਲ ਦਾ ਭਾਅ 81.79 ਪੈਸੇ ਲਿਟਰ ਹੋ ਗਿਆ ਜਦਕਿ ਪੈਟਰੋਲ ਦੀ ਕੀਮਤ 80.43 ਪੈਸੇ ਪ੍ਰਤੀ ਲਿਟਰ ’ਤੇ ਟਿਕੀ ਹੋਈ ਹੈ। ਪੈਟਰੋਲ ਦੀਆਂ ਕੀਮਤਾਂ ਵਿੱਚ 29 ਜੂਨ ਤੋਂ ਕੋਈ ਬਦਲਾਅ ਨਹੀਂ ਹੋਇਆ।

ਤੇਲ ਕੰਪਨੀਆਂ ਵੱਲੋਂ 21 ਜੁਲਾਈ ਨੂੰ ਵੀ ਡੀਜ਼ਲ ਦੇ ਭਾਅ ਵਿੱਚ 12 ਪੈਸੇ ਦਾ ਵਾਧਾ ਕੀਤਾ ਗਿਆ ਸੀ। ਮਹਾਨਗਰਾਂ ਮੁੰਬਈ, ਚੇਨਈ ਤੇ ਕੋਲਕਾਤਾ ਵਿੱਚ ਪੈਟਰੋਲ ਬਿਨਾਂ ਕਿਸੇ ਬਦਲਾਅ ਤੋਂ ਕ੍ਰਮਵਾਰ 87.19 ਰੁਪਏ, 83.63 ਰੁਪਏ ਤੇ 82.10 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ ਜਦਕਿ ਡੀਜ਼ਲ ਦੇ ਭਾਅ ਵਿੱਚ ਵਾਧਾ ਹੋਇਆ ਹੈ।

ਦੱਸ ਦਈਏ ਕਿ ਆਮ ਤੌਰ 'ਤੇ ਡੀਜ਼ਲ ਦੀ ਕੀਮਤ ਪੈਟਰੋਲ ਨਾਲੋਂ ਘੱਟ ਹੀ ਰਹੀ ਹੈ। ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਡੀਜ਼ਲ ਦੀ ਕੀਮਤ ਪੈਟਰੋਲ ਨਾਲੋਂ ਵੱਧ ਹੈ। ਡੀਜ਼ਲ ਦੀਆਂ ਕੀਮਤਾਂ ਵਿੱਚ ਤੇਜ਼ੀ ਦੀ ਮਾਰ ਕਿਸਾਨਾਂ ਤੇ ਟਰਾਂਸਪੋਰਟਰਾਂ ਨੂੰ ਪੈ ਰਹੀ ਹੈ। ਇਸ ਲਈ ਟਰਾਂਸਪੋਰਟਰਾਂ ਨੇ ਪਿਛਲੇ ਦਿਨੀਂ ਭਾੜਾ ਵਧਾ ਦਿੱਤਾ ਹੈ।