ਨਵੀਂ ਦਿੱਲੀ : ਕੇਂਦਰ ਸਰਕਾਰ ਬਜ਼ੁਰਗਾਂ ਨੂੰ ਘਰ 'ਚ ਸਸਤੀ ਡਾਕਟਰੀ ਦੇਖਭਾਲ ਮੁਹੱਈਆ ਕਰਵਾਉਣ ਲਈ ਨਵੀਂ ਯੋਜਨਾ 'ਪੀਐਮ ਸਪੈਸ਼ਲ' ਸ਼ੁਰੂ ਕਰਨ ਜਾ ਰਹੀ ਹੈ। ਕੇਂਦਰ ਦੀ ਯੋਜਨਾ ਤਹਿਤ ਅਗਲੇ ਤਿੰਨ ਸਾਲਾਂ 'ਚ 1,00,000 ਆਸ਼ਰਮਾਂ 'ਚ ਬਜ਼ੁਰਗਾਂ ਦੀ ਦੇਖਭਾਲ ਕਰਨ ਵਾਲੇ ਜੈਰੀਐਟ੍ਰਿਕਸ ਨੂੰ ਸਿਖਲਾਈ ਦੇਣ ਦੀ ਯੋਜਨਾ ਹੈ। ਜੈਰੀਐਟ੍ਰਿਕਸ ਸਿਹਤ ਦਾ ਉਹ ਖੇਤਰ ਹੈ ਜੋ ਬਜ਼ੁਰਗ ਲੋਕਾਂ ਦੀ ਸਿਹਤ ਸੰਭਾਲ 'ਤੇ ਕੇਂਦਰਿਤ ਹੈ। ਕੇਂਦਰੀ ਸਮਾਜਿਕ ਨਿਆਂ ਅਤੇ ਵਿਕਾਸ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਵਿਭਾਗ ਵੱਲੋਂ ਇੱਕ ਹਫ਼ਤੇ 'ਚ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ।
ਅਧਿਕਾਰੀ ਨੇ ਕਿਹਾ ਇਸ ਯੋਜਨਾ ਨਾਲ ਸਬੰਧਤ ਆਨਲਾਈਨ ਪੋਰਟਲ ਸਤੰਬਰ 'ਚ ਲਾਂਚ ਕੀਤਾ ਜਾਵੇਗਾ, ਜਿਸ ਰਾਹੀਂ ਆਮ ਲੋਕਾਂ ਨੂੰ ਇਹ ਸਹੂਲਤ ਉਪਲੱਬਧ ਹੋਵੇਗੀ। ਸਮਾਜਿਕ ਨਿਆਂ ਅਤੇ ਵਿਕਾਸ ਮੰਤਰਾਲੇ ਦੇ ਸਕੱਤਰ ਆਰ ਸੁਬ੍ਰਹਮਣੀਅਮ ਨੇ ਕਿਹਾ, "ਜੈਰੀਐਟ੍ਰਿਕਸ ਮਾਹਿਰਾਂ ਦੀਆਂ ਜ਼ਰੂਰਤਾਂ ਨੂੰ ਅਜੇ ਤੱਕ ਸਹੀ ਢੰਗ ਨਾਲ ਪੂਰਾ ਨਹੀਂ ਕੀਤਾ ਗਿਆ ਹੈ। ਇੱਥੇ ਜਾਂ ਤਾਂ ਢੁਕਵੇਂ ਤੌਰ 'ਤੇ ਸਿਖਲਾਈ ਪ੍ਰਾਪਤ ਵਿਅਕਤੀ ਜਾਂ ਪੇਸ਼ੇਵਰ ਤੌਰ 'ਤੇ ਸਿਖਲਾਈ ਪ੍ਰਾਪਤ ਵਿਅਕਤੀ ਨਹੀਂ ਹਨ।" ਉਨ੍ਹਾਂ ਕਿਹਾ ਕਿ ਸੇਵਾ ਵੀ ਬਹੁਤ ਮਹਿੰਗੀ ਹੋ ਗਈ ਹੈ। ਇੱਥੇ ਅਸੀਂ ਸਿਖਲਾਈ ਦੀ ਗੁਣਵੱਤਾ ਦੇ ਮਾਮਲੇ 'ਚ ਕੁਝ ਮਾਪਦੰਡ ਨਿਰਧਾਰਤ ਕਰਾਂਗੇ ਅਤੇ ਫੀਸ ਵੀ ਕਿਫਾਇਤੀ ਹੈ।
ਸੁਬਰਾਮਨੀਅਮ ਨੇ ਕਿਹਾ, "ਇਸ ਸਮੇਂ ਜੇਕਰ ਕੋਈ ਆਪਣੇ ਘਰ 'ਚ ਜੈਰੀਐਟ੍ਰਿਕਸ ਰੱਖਣਾ ਚਾਹੁੰਦਾ ਹੈ ਤਾਂ ਉਸ ਨੂੰ ਕਈ ਸਟੇਜ਼ਾਂ ਵਿੱਚੋਂ ਲੰਘਣਾ ਪੈਂਦਾ ਹੈ। ਕਈ ਵਾਰ ਉਨ੍ਹਾਂ ਨੂੰ ਸਹੀ ਢੰਗ ਨਾਲ ਸਿਖਲਾਈ ਨਹੀਂ ਦਿੱਤੀ ਜਾਂਦੀ ਅਤੇ ਉਹ ਬਹੁਤ ਜ਼ਿਆਦਾ ਫੀਸ ਵੀ ਲੈਂਦੇ ਹਨ। ਪਰ ਅਸੀਂ ਇੱਕ ਬਹੁਤ ਹੀ ਯੋਜਨਾਬੱਧ ਸਿਖਲਾਈ ਪ੍ਰੋਗਰਾਮ ਲਿਆ ਰਹੇ ਹਾਂ ਜਿਸ ਨੂੰ ਸਿਹਤ ਮੰਤਰਾਲੇ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ। ਸਿਖਲਾਈ ਪੇਸ਼ੇਵਰਾਂ ਦੁਆਰਾ ਦਿੱਤੀ ਜਾਵੇਗੀ। "
ਇਹ ਲੋਕ ਕਰ ਸਕਦੇ ਹਨ ਅਪਲਾਈ
ਸਕੱਤਰ ਆਰ. ਸੁਬ੍ਰਹਮਣੀਅਮ ਦੇ ਅਨੁਸਾਰ ਕੋਈ ਵੀ ਵਿਅਕਤੀ ਜਿਸ ਨੇ 12ਵੀਂ ਜਮਾਤ ਤੱਕ ਦੀ ਪੜ੍ਹਾਈ ਪੂਰੀ ਕੀਤੀ ਹੈ, ਯੋਜਨਾ ਦੇ ਤਹਿਤ ਸਿਖਲਾਈ ਲਈ ਅਪਲਾਈ ਕਰ ਸਕਦਾ ਹੈ। ਉਨ੍ਹਾਂ ਕਿਹਾ, "ਐਸਸੀ, ਐਸਟੀ ਅਤੇ ਹੋਰ ਹਾਸ਼ੀਏ ਵਾਲੇ ਭਾਈਚਾਰਿਆਂ ਦੇ ਘੱਟੋ-ਘੱਟ 10,000 ਲੋਕਾਂ ਨੂੰ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ।" ਸਿਖਲਾਈ ਪ੍ਰਾਪਤ ਲੋਕਾਂ ਦਾ ਡੇਟਾਬੇਸ ਇੱਕ ਪੋਰਟਲ 'ਤੇ ਅਪਲੋਡ ਕੀਤਾ ਜਾਵੇਗਾ ਅਤੇ ਜੋ ਵੀ ਵਿਅਕਤੀ ਜੈਰੀਐਟ੍ਰਿਕਸ ਸੇਵਾ ਦੇਣਾ ਚਾਹੁੰਦਾ ਹੈ ਉਹ ਲੌਗਇਨ ਕਰਨ ਅਤੇ ਉਪਲੱਬਧਤਾ ਦੀ ਜਾਂਚ ਕਰਨ ਦੇ ਯੋਗ ਹੋਵੇਗਾ। ਇਹ ਜੈਰੀਐਟ੍ਰਿਕਸ ਕੇਅਰ ਲਈ ਇਲੈਕਟ੍ਰਾਨਿਕ ਮਾਰਕੀਟ ਵਰਗਾ ਹੋਵੇਗਾ।"
ਇੱਕ ਲੱਖ ਲੋਕਾਂ ਨੂੰ ਮਿਲੇਗਾ ਰੁਜ਼ਗਾਰ
ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਯੋਜਨਾ ਨਾਲ ਭਾਰਤ 'ਚ ਬੁਢਾਪਾ ਦੇਖਭਾਲ ਸੇਵਾ ਦੀ ਲਾਗਤ 'ਚ ਕਮੀ ਆਉਣ ਦੀ ਸੰਭਾਵਨਾ ਹੈ। ਪਰ ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਬਜ਼ੁਰਗਾਂ ਨੂੰ ਮਿਆਰੀ ਦੇਖਭਾਲ ਪ੍ਰਦਾਨ ਕਰਨਾ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹ ਸਕੀਮ ਲਗਭਗ 1 ਲੱਖ ਲੋਕਾਂ ਨੂੰ ਰੁਜ਼ਗਾਰ ਵੀ ਪ੍ਰਦਾਨ ਕਰੇਗੀ। ਮੰਤਰਾਲਾ ਬਜ਼ੁਰਗਾਂ ਲਈ ਕਈ ਯੋਜਨਾਵਾਂ ਚਲਾਉਂਦਾ ਹੈ, ਜਿਸ 'ਚ ਸਨਮਾਨ ਨਾਲ ਮੁੜ ਰੁਜ਼ਗਾਰ ਦੀ ਯੋਜਨਾ ਵੀ ਸ਼ਾਮਲ ਹੈ।