Elon Musk Tesla: ਟੇਸਲਾ ਕਾਰਾਂ ਨੂੰ ਭਾਰਤ ਲਿਆਉਣ ਲਈ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਹਾਲ ਹੀ ਵਿੱਚ ਖਬਰ ਆਈ ਸੀ ਕਿ ਟੇਸਲਾ ਇੰਕ ਭਾਰਤ ਵਿੱਚ ਛੱਤ ਵਾਲੇ ਸੋਲਰ ਪੈਨਲ ਲਗਾਉਣ ਲਈ ਇੱਕ ਸਥਾਨਕ ਪੱਧਰ ਦੇ ਪਾਰਟਨਰ ਦੀ ਭਾਲ ਕਰ ਰਹੀ ਹੈ। ਹੁਣ ਬਿਜ਼ਨਸ ਲਾਈਨ 'ਚ ਛਪੀ ਖਬਰ ਮੁਤਾਬਕ ਕੰਪਨੀ ਦੇਸ਼ 'ਚ ਨਿਰਮਾਣ ਇਕਾਈ ਸਥਾਪਤ ਕਰਨ ਲਈ ਰਿਲਾਇੰਸ ਇੰਡਸਟਰੀਜ਼ ਦੇ ਨਾਲ ਸਾਂਝਾ ਉੱਦਮ ਬਣਾਉਣ ਲਈ ਗੱਲਬਾਤ ਕਰ ਰਹੀ ਹੈ। ਇਸ ਪੂਰੇ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇੱਕ ਸੂਤਰ ਨੇ ਬਿਜ਼ਨਸਲਾਈਨ ਨੂੰ ਦੱਸਿਆ ਕਿ ਰਿਲਾਇੰਸ ਅਤੇ ਟੇਸਲਾ ਵਿਚਕਾਰ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਗੱਲਬਾਤ ਚੱਲ ਰਹੀ ਹੈ।


ਐਲੋਨ ਮਸਕ ਨੇ ਆਪਣੀ ਟੀਮ ਭੇਜੀ ਭਾਰਤ !
 


ਸੂਤਰ ਨੇ ਇਹ ਵੀ ਕਿਹਾ ਕਿ ਇਸ ਕਦਮ ਨੂੰ ਆਟੋਮੋਬਾਈਲ ਸੈਕਟਰ ਵਿੱਚ ਰਿਲਾਇੰਸ ਇੰਡਸਟਰੀਜ਼ ਦੀ ਐਂਟਰੀ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਂਝੇ ਉੱਦਮ ਵਿੱਚ ਰਿਲਾਇੰਸ ਦਾ ਉਦੇਸ਼ ਦੇਸ਼ ਵਿੱਚ ਇਲੈਕਟ੍ਰਿਕ ਵਾਹਨਾਂ ਲਈ ਸਮਰੱਥਾ ਪੈਦਾ ਕਰਨਾ ਹੈ। ਬਿਜ਼ਨੈੱਸਲਾਈਨ ਦੀ ਰਿਪੋਰਟ 'ਚ ਇਕ ਹੋਰ ਸੂਤਰ ਦੇ ਹਵਾਲੇ ਨਾਲ ਕਿਹਾ ਗਿਆ ਕਿ ਰਿਲਾਇੰਸ ਦੀ ਭੂਮਿਕਾ ਅਜੇ ਸਪੱਸ਼ਟ ਨਹੀਂ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਰਿਲਾਇੰਸ ਭਾਰਤ ਵਿੱਚ ਟੇਸਲਾ ਦੀ ਨਿਰਮਾਣ ਸਹੂਲਤ ਅਤੇ ਇਸ ਨਾਲ ਸਬੰਧਤ ਪ੍ਰਣਾਲੀਆਂ ਨੂੰ ਸ਼ੁਰੂ ਕਰਨ ਵਿੱਚ ਭੂਮਿਕਾ ਨਿਭਾਅ ਸਕਦਾ ਹੈ। ਇਸ ਤੋਂ ਪਹਿਲਾਂ ਫਾਈਨੈਂਸ਼ੀਅਲ ਟਾਈਮਜ਼ ਨੇ ਅਪ੍ਰੈਲ ਦੀ ਸ਼ੁਰੂਆਤ 'ਚ ਦਾਅਵਾ ਕੀਤਾ ਸੀ ਕਿ ਐਲੋਨ ਮਸਕ ਨੇ ਅਪ੍ਰੈਲ 'ਚ ਇਕ ਟੀਮ ਭਾਰਤ ਭੇਜੀ ਸੀ।


2 ਤੋਂ 3 ਬਿਲੀਅਨ ਡਾਲਰ ਦਾ ਨਿਵੇਸ਼



ਟੇਸਲਾ ਦੀ ਇਹ ਟੀਮ ਜੋ ਭਾਰਤ ਆਈ ਹੈ, 2 ਬਿਲੀਅਨ ਤੋਂ 3 ਬਿਲੀਅਨ ਡਾਲਰ ਦੇ ਪ੍ਰਸਤਾਵਿਤ ਇਲੈਕਟ੍ਰਿਕ ਕਾਰ ਪਲਾਂਟ ਲਈ ਥਾਂ ਲੱਭ ਰਹੀ ਹੈ। ਬਲੂਮਬਰਗ ਨਾਲ ਇੱਕ ਇੰਟਰਵਿਊ ਵਿੱਚ, ਉਦਯੋਗਿਕ ਪ੍ਰਮੋਸ਼ਨ ਅਤੇ ਅੰਦਰੂਨੀ ਵਪਾਰ ਵਿਭਾਗ ਦੇ ਸਕੱਤਰ ਰਾਜੇਸ਼ ਕੁਮਾਰ ਸਿੰਘ ਨੇ ਕਿਹਾ ਸੀ ਕਿ ਇਹ ਹੁਣ ਐਲੋਨ ਮਸਕ 'ਤੇ ਨਿਰਭਰ ਕਰਦਾ ਹੈ ਕਿ ਉਹ ਦੇਸ਼ ਵਿੱਚ ਆਪਣੀ ਨਿਰਮਾਣ ਸੰਬੰਧੀ ਯੋਜਨਾਵਾਂ ਦਾ ਐਲਾਨ ਕਦੋਂ ਕਰਦੇ ਹਨ। ਨਵੰਬਰ 2023 ਵਿੱਚ ਬਲੂਮਬਰਗ ਦੀ ਇੱਕ ਰਿਪੋਰਟ ਦੇ ਅਨੁਸਾਰ, ਟੇਸਲਾ ਦੇਸ਼ ਤੋਂ ਆਟੋ ਕੰਪੋਨੈਂਟਸ ਦੀ ਖਰੀਦ ਨੂੰ 15 ਬਿਲੀਅਨ ਅਮਰੀਕੀ ਡਾਲਰ ਤੱਕ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ।


 


ਅੰਬਾਨੀ ਅਤੇ ਮਸਕ ਦੇ ਇਕੱਠੇ ਆਉਣ ਦੀ ਖਬਰ ਅਜਿਹੇ ਸਮੇਂ 'ਚ ਆਈ ਹੈ ਜਦੋਂ ਮਾਰਚ ਦੇ ਆਖਰੀ ਹਫਤੇ 'ਚ ਰਿਲਾਇੰਸ ਇੰਡਸਟਰੀਜ਼ ਨੇ ਅਡਾਨੀ ਪਾਵਰ ਦੇ ਮੱਧ ਪ੍ਰਦੇਸ਼ ਪਾਵਰ ਪ੍ਰੋਜੈਕਟ 'ਚ 26 ਫੀਸਦੀ ਹਿੱਸੇਦਾਰੀ ਖਰੀਦੀ ਹੈ। ਇਸ ਪ੍ਰੋਜੈਕਟ ਵਿੱਚ ਪੈਦਾ ਹੋਣ ਵਾਲੀ 500 ਮੈਗਾਵਾਟ ਬਿਜਲੀ ਦੀ ਵਰਤੋਂ ਰਿਲਾਇੰਸ ਵੱਲੋਂ ਕੀਤੀ ਜਾਵੇਗੀ। ਰਿਲਾਇੰਸ ਨੇ ਅਡਾਨੀ ਪਾਵਰ ਦੀ ਸਹਾਇਕ ਕੰਪਨੀ ਮਹਾਨ ਐਨਰਜਨ ਲਿਮਟਿਡ ਦੇ 5 ਕਰੋੜ ਰੁਪਏ (ਪ੍ਰਤੀ ਸ਼ੇਅਰ 10 ਰੁਪਏ) ਦੇ ਸ਼ੇਅਰ ਖਰੀਦਣ ਲਈ ਇਕ ਸਮਝੌਤੇ 'ਤੇ ਹਸਤਾਖਰ ਕੀਤੇ ਹਨ।