PF Withdrawal Rules : ਕਰੋੜਾਂ ਨੌਕਰੀਪੇਸ਼ਾ ਲੋਕਾਂ ਲਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਹੁਣ ਪ੍ਰੋਵੀਡੈਂਟ ਫੰਡ (PF) ਦਾ ਪੈਸਾ ਕਢਵਾਉਣਾ ਪਹਿਲਾਂ ਨਾਲੋਂ ਕਾਫ਼ੀ ਆਸਾਨ ਹੋ ਸਕਦਾ ਹੈ। ਜਲਦ ਹੀ ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਵੱਲੋਂ UPI ਰਾਹੀਂ PF ਦਾ ਪੈਸਾ ਕਢਵਾਉਣ ਦੀ ਸਹੂਲਤ ਸ਼ੁਰੂ ਕੀਤੀ ਜਾ ਸਕਦੀ ਹੈ। ਇਸ ਨਾਲ ਮੁਲਾਜ਼ਮਾਂ ਨੂੰ PF ਕਢਵਾਉਣ ਲਈ ਲੰਬੇ ਸਮੇਂ ਤੱਕ ਕਲੇਮ ਸੈਟਲਮੈਂਟ ਦੀ ਉਡੀਕ ਨਹੀਂ ਕਰਨੀ ਪਵੇਗੀ।
'ਦਿ ਫਾਈਨੈਂਸ਼ੀਅਲ ਐਕਸਪ੍ਰੈੱਸ' ਦੀ ਰਿਪੋਰਟ ਮੁਤਾਬਕ EPFO ਆਪਣੇ ਨਵੇਂ ਟੈਕਨਾਲੋਜੀ ਸਿਸਟਮ 'EPFO 3.0' ਤਹਿਤ ਦਸੰਬਰ ਦੇ ਅਖੀਰ ਤੱਕ UPI ਰਾਹੀਂ PF ਕਢਵਾਉਣ ਦੀ ਸਹੂਲਤ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਸਹੂਲਤ ਨਾਲ ਮੈਂਬਰ ਕੁਝ ਹੀ ਮਿੰਟਾਂ ਵਿੱਚ ਆਪਣੇ ਬੈਂਕ ਖਾਤੇ ਵਿੱਚ ਪੈਸੇ ਟਰਾਂਸਫਰ ਕਰ ਸਕਣਗੇ। ਇਹ ਪ੍ਰਕਿਰਿਆ ATM ਤੋਂ ਪੈਸੇ ਕਢਵਾਉਣ ਵਾਂਗ ਆਸਾਨ ਹੋ ਸਕਦੀ ਹੈ। ਰਿਪੋਰਟ ਮੁਤਾਬਕ ਇਸ ਸਹੂਲਤ ਦੀ ਟੈਸਟਿੰਗ ਵੀ ਕੀਤੀ ਜਾ ਰਹੀ ਹੈ ਅਤੇ ਟੈਸਟਿੰਗ ਦੌਰਾਨ ਸਾਹਮਣੇ ਆਈਆਂ ਤਕਨੀਕੀ ਸਮੱਸਿਆਵਾਂ ਨੂੰ ਠੀਕ ਕੀਤਾ ਗਿਆ ਹੈ।
ਕਿੰਨਾ PF ਕਢਵਾ ਸਕੋਗੇ?
ਇਸ ਨਵੀਂ ਸਹੂਲਤ ਦਾ ਲਾਭ ਲੈਣ ਲਈ ਮੁਲਾਜ਼ਮਾਂ ਦਾ ਬੈਂਕ ਖਾਤਾ EPFO ਖਾਤੇ ਨਾਲ ਵੈਰੀਫਾਈ ਹੋਣਾ ਜ਼ਰੂਰੀ ਹੋਵੇਗਾ। ਇਸ ਤੋਂ ਇਲਾਵਾ UAN ਅਤੇ UPI ਖਾਤੇ ਦਾ ਲਿੰਕ ਹੋਣਾ ਵੀ ਮਹੱਤਵਪੂਰਨ ਹੋਵੇਗਾ। ਰਿਪੋਰਟਾਂ ਮੁਤਾਬਕ ਪਹਿਲਾਂ PF ਬੈਲੇਂਸ ਦਾ 75 ਫ਼ੀਸਦੀ ਹਿੱਸਾ ਕਢਵਾਉਣ ਦੀ ਚਰਚਾ ਸੀ ਪਰ 19 ਨਵੰਬਰ ਨੂੰ ਹੋਈ ਬੋਰਡ ਮੀਟਿੰਗ ਵਿੱਚ EPFO ਨੇ ਖਾਤੇ ਵਿੱਚ ਲਾਜ਼ਮੀ ਘੱਟੋ-ਘੱਟ ਬੈਲੇਂਸ ਦੀ ਸ਼ਰਤ 25 ਫ਼ੀਸਦੀ ਤੋਂ ਘਟਾ ਕੇ 10 ਫ਼ੀਸਦੀ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਹੈ। ਇਸ ਨਾਲ ਅੰਸ਼ਕ ਨਿਕਾਸੀ ਦੀ ਹੱਦ 75 ਫ਼ੀਸਦੀ ਤੋਂ ਵਧ ਕੇ 90 ਫ਼ੀਸਦੀ ਹੋਣ ਦੀ ਸੰਭਾਵਨਾ ਹੈ। ਹਾਲਾਂਕਿ, ਇਸ ਬਾਰੇ ਅੰਤਿਮ ਅਧਿਕਾਰਤ ਐਲਾਨ ਹੋਣਾ ਅਜੇ ਬਾਕੀ ਹੈ।
13 ਨਿਯਮਾਂ ਦੀ ਥਾਂ ਹੁਣ 3 ਮੁੱਖ ਸ਼੍ਰੇਣੀਆਂ
EPFO ਨੇ PF ਦੀ ਅੰਸ਼ਕ ਨਿਕਾਸੀ ਨਾਲ ਜੁੜੇ 13 ਪੁਰਾਣੇ ਨਿਯਮਾਂ ਨੂੰ ਤਿੰਨ ਮੁੱਖ ਸ਼੍ਰੇਣੀਆਂ ਵਿੱਚ ਵੰਡਿਆ ਹੈ।1. ਜ਼ਰੂਰੀ ਲੋੜਾਂ: ਬਿਮਾਰੀ, ਬੱਚਿਆਂ ਦੀ ਪੜ੍ਹਾਈ ਅਤੇ ਵਿਆਹ ਵਰਗੀਆਂ ਲੋੜਾਂ।2. ਮਕਾਨ ਸਬੰਧੀ ਲੋੜਾਂ: ਘਰ ਖਰੀਦਣਾ, ਬਣਾਉਣਾ ਜਾਂ ਹੋਮ ਲੋਨ ਦੀ ਅਦਾਇਗੀ ਕਰਨਾ।3. ਵਿਸ਼ੇਸ਼ ਹਾਲਾਤ: ਬੇਰੁਜ਼ਗਾਰੀ ਜਾਂ ਹੋਰ ਐਮਰਜੈਂਸੀ ਸਥਿਤੀਆਂ।
ਹੁਣੇ ਕਰ ਲਓ ਇਹ ਜ਼ਰੂਰੀ ਤਿਆਰੀ
ਜੇਕਰ ਤੁਸੀਂ ਵੀ ਇਸ ਨਵੀਂ ਸਹੂਲਤ ਦਾ ਲਾਭ ਲੈਣਾ ਚਾਹੁੰਦੇ ਹੋ ਤਾਂ ਆਪਣਾ UAN ਨੰਬਰ ਐਕਟਿਵ ਰੱਖੋ। ਆਧਾਰ ਅਤੇ ਪੈਨ ਦੀ KYC ਪੂਰੀ ਕਰਵਾਓ। ਇਸ ਤੋਂ ਇਲਾਵਾ ਇਹ ਵੀ ਯਕੀਨੀ ਬਣਾਓ ਕਿ ਤੁਹਾਡਾ ਬੈਂਕ ਖਾਤਾ EPFO ਪੋਰਟਲ 'ਤੇ ਸਹੀ IFSC ਕੋਡ ਨਾਲ ਵੈਰੀਫਾਈ ਹੋਵੇ।